Friday, July 24, 2020

ਸ਼ਿਵ_ਕੁਮਾਰ_ਬਟਾਲਵੀ_ਦੇ_ਜਨਮ_ਦਿਨ_ਤੇ_ਵਿਸ਼ੇਸ਼


#ਸ਼ਿਵ_ਕੁਮਾਰ_ਬਟਾਲਵੀ_ਦੇ_ਜਨਮ_ਦਿਨ_ਤੇ_ਵਿਸ਼ੇਸ਼
#ਬਟਾਲੇ ਨੂੰ ਪੂਰੀ #ਦੁਨੀਆਂ ਵਿੱਚ #ਪਛਾਣ ਦੇਣ ਵਾਲਾ ਸ਼ਇਰ #ਸ਼ਿਵ_ਕੁਮਾਰ_ਬਟਾਲਵੀ
ਅੱਜ 23 ਜੁਲਾਈ ਨੂੰ ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ, ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਹੈ। ਸ਼ਿਵ ਦਾ ਜਨਮ ਭਾਂਵੇ ਬਟਾਲੇ ਨਹੀਂ ਹੋਇਆ ਸੀ ਪਰ ਉਸਦਾ ਬਟਾਲੇ ਨਾਲ ਸਬੰਧ ਕੁਝ ਅਜਿਹਾ ਬਣਿਆ ਜਿਵੇਂ ਇਹ ਸੁਮੇਲ ਜਨਮਾਂ-ਜਮਾਂਤਰਾਂ ਦਾ ਹੋਵੇ। ਸਿਆਲਕੋਟ ਦਾ ਇਹ ਮੁੰਡਾ ਕਿਸੇ ਦਿਨ ਸ਼ਿਵ ਬਟਾਲਵੀ ਬਣ ਕੇ ਪੂਰੀ ਦੁਨੀਆਂ ਵਿੱਚ ਆਪਣਾ ਅਤੇ ਮਾਂ ਬੋਲੀ ਪੰਜਾਬੀ ਦਾ ਕੱਦ ਏਨਾ ਉੱਚਾ ਕਰੇਗਾ ਇਹ ਉਸ ਸਮੇਂ ਕਿਸੇ ਸੋਚਿਆ ਵੀ ਨਹੀਂ ਹੋਣਾ।
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜੇ ਸਾਲਾਂ ਦੀ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਪੰਜਾਬੀ ਸ਼ਾਇਰੀ ਵਿਚ ਦੀਆਂ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨਾਂ ਨੂੰ ਉਸ ਤੋਂ ਸੈਂਕੜੇ ਵਰੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ।
ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਦੇ ਪਿੰਡ ‘ਬੜਾ ਪਿੰਡ ਲੋਟੀਆਂ’ (ਹੁਣ ਪਾਕਿਸਤਾਨ) ਵਿਖੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁਖੋਂ ਹੋਇਆ। ਸ਼ਿਵ ਕੁਮਾਰ ਰਾਵੀ ਕੰਢੇ ਜੰਮਿਆਂ, ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ। ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿਚ ਨਾ ਨੂੜ ਸਕਿਆ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਰਾਵੀ ਦਾ ਪੁੱਤਰ ਸੀ ਨਾ, ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜਤੀ ਸੀ।
ਕਹਿੰਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖਤ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ `ਚ ਦਸਤਖਤ ਮਿਲਦੇ ਹਨ । ਪਰ ਹਾਲਾਤ ਦੀ ਸਿਤਮਜ਼ਰੀਫੀ ਵੇਖੋ ! ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪੱਕੇ ਤੌਰ ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸ ਦੀ ਛੇੜ ਬਟਾਲਵੀ ਪਾ ਲੈਂਦੇ ਹਨ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ। ਸ਼ਿਵ ਕੁਮਾਰ ਬਟਾਲਵੀ ਰਾਵੀ ਦੇ ਕੰਢੇ ਵਸਦੇ ਸ਼ੱਕਰਗੜ ਤਹਿਸੀਲ ਦੇ ਪਿੰਡ ਬੜਾ ਪਿੰਡ ਲੋਹਟੀਆਂ ਵਿਚ ਜੰਮਿਆ। ਆਜ਼ਾਦੀ ਤੋਂ ਕੁਝ ਵਰੇ ਪਹਿਲਾਂ ਉਹ ਸਿਆਲਕੋਟੀਆ ਰਿਹਾ ਅਤੇ 1947 ਤੋਂ ਬਾਅਦ ਪਰਿਵਾਰ ਦੇ ਬਟਾਲੇ ਆ ਜਾਣ ਕਰਕੇ ਬਾਕੀ ਦੀ ਜ਼ਿੰਦਗੀ ਬਟਾਲਵੀ ਬਣ ਗਿਆ।ਗਾਂਧੀ ਚੌਂਕ ਬਟਾਲੇ ਤੋਂ ਡੇਰਾ ਬਾਬਾ ਨਾਨਕ ਵੱਲ ਜਾਦਿਆਂ ਖੱਬੇ ਪਾਸੇ ਪ੍ਰੇਮ ਨਗਰ ਮੁਹੱਲੇ ਵਿਚ ਉਸ ਦਾ ਨਿਵਾਸ ਅੱਜ ਵੀ ਹਰ ਕਿਸੇ ਨੂੰ ਉਸ ਦੇ ਉਥੇ ਹੋਣ ਦਾ ਭੁਲੇਖਾ ਪਾਉਂਦਾ ਹੈ।
ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਸ਼ਿਵ ਕੁਮਾਰ ਬਟਾਲਵੀ ਪਟਵਾਰੀ ਭਰਤੀ ਹੋ ਗਿਆ ਅਤੇ ਉਸਦੀ ਪਹਿਲੀ ਨਿਯੁਕਤੀ ਕਲਾਨੌਰ ਨੇੜੇ ਪਿੰਡ ਅਰਲੀਭੰਨ ਵਿਖੇ ਹੋਈ। ਸ਼ਿਵ ਭਾਂਵੇ ਪਟਵਾਰੀ ਬਣ ਗਿਆ ਸੀ ਪਰ ਉਹ ਕਾਵਿ ਦੇਸ਼ ਦੀਆਂ ਉੱਚੀਆਂ ਬੁਲੰਦੀਆਂ ਦਾ ਪਰਿੰਦਾ ਬਣਨਾ ਲੋਚਦਾ ਸੀ। ਉਸ ਦੀਆਂ ਕੱਚੀ ਉਮਰ ਦੀਆਂ ਦੋਸਤੀਆਂ ਦੇ ਵਾਕਿਫਕਾਰ ਅਤੇ ਹੋਰ ਨਿਕਟਵਰਤੀ ਸੱਜਣ ਪਿਆਰੇ ਦੱਸਦੇ ਹਨ ਕਿ ਉਹ ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ ਸੀ। ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿਚ ਨਾ ਭਟਕਣ ਦਿੰਦਾ।
ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ। ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ ਸੀ। ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਅਰਾ ਨਹੀਂ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਖੂ ਸੱਜਣ ਪਿਆਰੇ ਉਸ ਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ। ਸ਼ਿਵ ਯਾਰਾਂ ਦਾ ਯਾਰ ਸੀ। ਕਹਿੰਦੇ ਹਨ ਸ਼ਿਵ ਨੇ ਓਨੀਆਂ ਰਾਤਾਂ ਆਪਣੇ ਘਰ ਨਹੀਂ ਕੱਟੀਆਂ ਹੋਣੀਆਂ ਜਿਨੀਆਂ ਉਸਨੇ ਆਪਣੇ ਮਿੱਤਰ ਪਿਆਰਿਆਂ ਦੇ ਅੰਗ ਸੰਗ ਗੁਜ਼ਾਰੀਆਂ।
ਕਹਿੰਦੇ ਨੇ ਸ਼ਿਵ ਜਦੋਂ ਸਟੇਜ਼ਾਂ ਉੱਪਰ ਆਪਣੀ ਮਿੱਠੀ ਹੂਕ ਨਾਲ ਆਪਣੇ ਬਿਰਹਾ ਦੇ ਗੀਤਾਂ ਨੂੰ ਗਾਉਂਦਾ ਤਾਂ ਉਸਦੀ ਇਹ ਹੇਕ ਕਿਸੇ ਬਬੀਹੇ ਤੋਂ ਘੱਟ ਨਾ ਲੱਗਦੀ। ਉਹ ਆਪਣੀ ਸ਼ਾਇਰੀ ਤੇ ਮਿੱਠੀ ਅਵਾਜ਼ ਨਾਲ ਸਰੋਤਿਆਂ ਨੂੰ ਕੀਲ ਲੈਂਦਾ। ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਵਾਰਵਾਰ ਕੀਤਾ ਹੈ। ਇਹ ਬਿਰਹਾ ਉਸ ਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ ਜਿਸ ਨੂੰ ਉਹ ਸੌ ਮੱਕਿਆ ਦੇ ਹੱਜ ਬਰਾਬਰ ਗਿਣਦਾ ਹੈ।
ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਲੂਣਾ ਲਿਖਣ ਬਦਲੇ ਮਿਲਿਆ । ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਿਲ ਨਹੀਂ ਹੋਇਆ। 
ਸਾਂਝੇ ਪੰਜਾਬ ਸਮੇਂ ਜਨਮਿਆਂ ਸ਼ਿਵ ਕੁਮਾਰ ਬਟਾਲਵੀ ਪੰਜਾਬ ਦੀ ਵੰਡ ਤੋਂ ਬਾਅਦ ਵੀ ਦੋਵਾਂ ਪੰਜਾਬਾਂ ਦਾ ਸਾਂਝਾ ਹੀ ਰਿਹਾ। ਉਹ ਪੰਜਾਬ ਮਾਂ ਬੋਲੀ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਮਾਂ ਬੋਲੀ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ। ਉਸ ਦੇ ਬੋਲਾਂ ਵਿਚੋਂ ਸਿਰਫ ਪੰਜਾਬ ਨਹੀਂ ਸਗੋਂ ਸਮੁੱਚ ਕਾਇਨਾਤ ਦੇ ਦਰਸ਼ਨ ਹੁੰਦੇ ਹਨ।
ਸ਼ਿਵ ਕੁਮਾਰ ਬਟਾਲਵੀ 
ਸ਼ਿਵ ਕੁਮਾਰ ਬਟਾਲਵੀ ਨੂੰ ਜੋ ਰੁਤਬਾ ਤੇ ਪਿਆਰ ਪੂਰੀ ਦੁਨੀਆਂ ਵਿਚੋਂ ਮਿਲਿਆ ਹੈ ਉਹ ਉਸ ਨੂੰ ਆਪਣੇ ਬਟਾਲਾ ਸ਼ਹਿਰ ਵਿਚੋਂ ਨਹੀਂ ਮਿਲ ਸਕਿਆ। ਸ਼ਿਵ ਬਟਾਲਵੀ ਨੇ ਇਹ ਗੱਲ ਆਪਣੇ ਜੀਊਂਦੇ ਜੀਅ ਵੀ ਮਹਿਸੂਸ ਕਰ ਲਈ ਸੀ ਅਤੇ ਉਹ ਬਟਾਲਾ ਦੇ ਲੋਕਾਂ ਨੂੰ ਆਪਣੀ ਕਵਿਤਾ ਵਿੱਚ ਪਿੱਤਲ ਤੇ ਲੋਹੇ ਦੇ ਲੋਕ ਕਹਿੰਦਾ ਲਿਖਦਾ ਹੈ ਕਿ :-
ਲੋਹੇ ਦੇ ਇਸ ਸ਼ਹਿਰ ਵਿੱਚ ਪਿੱਤਲ ਦੇ ਲੋਕ ਰਹਿੰਦੇ ਸਿੱਕੇ ਦੇ ਬੋਲ ਬੋਲਣ ਸ਼ੀਸ਼ੇ ਦਾ ਵੇਸ ਪਾਉਂਦੇ।
ਜਿਸਤੀ ਇਹਦੇ ਗਗਨ ’ਤੇ ਪਿੱਤਲ ਦਾ ਚੜ੍ਹਦਾ ਸੂਰਜ ਤਾਂਬੇ ਦੇ ਰੁੱਖਾਂ ਉਪਰ ਸੋਨੇ ਦੇ ਗਿਰਝ ਬਹਿੰਦੇ।
ਲੋਹੇ ਦੇ ਇਸ ਸ਼ਹਿਰ ਵਿੱਚ ਲੋਹੇ ਦੇ ਲੋਕ ਰਹਿਸਣ ਲੋਹੇ ਦੇ ਗੀਤ ਸੁਣਦੇ ਲੋਹੇ ਦੇ ਗੀਤ ਗਾਉਂਦੇ।
ਸ਼ਿਵ ਦੇ ਬੋਲ ਅਮਰ ਹਨ ਅਤੇ ਉਸਨੇ ਜੋ ਆਪਣੀ ਯਾਦਗਾਰ ਸਬੰਧੀ ਭਵਿੱਖ ਬਾਣੀ ਕੀਤੀ ਸੀ ਉਹ ਉਸਦੇ ਜਾਣ ਤੋਂ ਕਈ ਦਹਾਕਿਆਂ ਬਾਅਦ ਵੀ ਸੱਚੀ ਸਾਬਤ ਹੋ ਰਹੀ ਹੈ। ਸ਼ਿਵ ਕਹਿੰਦਾ ਸੀ :-
ਜਿਥੇ ਭੱਜਿਆ ਵੀ ਨਾ ਮਿਲੂ ਦੀਵਾ,
ਸੋਈਉ ਮੇਰਾ ਮਜ਼ਾਰ ਹੋਵੇਗਾ।
ਵਾਕਿਆ ਹੀ ਅੱਜ ਤੱਕ ਬਟਾਲਾ ਸ਼ਹਿਰ ਵਿਖੇ ਸ਼ਿਵ ਦੀ ਮਜ਼ਾਰ (ਸ਼ਿਵ ਬਟਾਲਵੀ ਆਡੀਟੋਰੀਅਮ) ਉੱਪਰ ਦੀਵਾ ਨਹੀਂ ਬਲ ਸਕਿਆ ਹੈ।
ਖੈਰ ਅੱਜ ਇਸ ਮਹਾਨ ਸ਼ਾਇਰ ਦਾ ਜਨਮ ਦਿਨ ਹੈ ਅਤੇ ਅਸੀਂ ਬਟਾਲਾ ਵਾਸੀ ਪੂਰੀ ਦੁਨੀਆਂ ਨੂੰ ਸ਼ਿਵ ਬਟਾਲਵੀ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦੇ ਹਾਂ। ਖੌਰੇ ਜਿਵੇਂ ਹੁਣ ਬਟਾਲਾ ਸ਼ਹਿਰ ਵਿੱਚ ਲੋਹੇ ਦੀ ਸਨਅਤ ਦਾ ਕੰਮ ਖਤਮ ਹੋਣ ਨਾਲ ਬਟਾਲੇ ਤੋਂ ਲੋਹੇ ਦੇ ਸ਼ਹਿਰ ਦਾ ਰੁਤਬਾ ਖੁਸ ਗਿਆ ਹੈ, ਹੋ ਸਕਦਾ ਹੈ ਹੁਣ ਇਸ ਸ਼ਹਿਰ ਦੇ ਲੋਕ ਵੀ ਪਿੱਤਲ ਤੇ ਲੋਹੇ ਦੇ ਦਿਲ ਵਾਲੇ ਨਾ ਰਹਿਣ। ਸਮੇਂ ਦੇ ਬਦਲਣ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੇ ਪਿਆਰੇ ਸ਼ਾਇਰ ਸ਼ਿਵ ਕੁਮਾਰ ਲਈ ਮੋਹ ਮੁਹੱਬਤ ਜਾਗੇ ਅਤੇ ਉਸਦੀ ਮਜ਼ਾਰ ਉਪਰ ਦੀਵੇ ਬਲਣ ਲੱਗ ਜਾਣ। ਸਾਡੀ ਤਾਂ ਇਹੋ ਦੁਆ ਹੈ।
ਆਮੀਨ....!

Tuesday, July 21, 2020

ਸੰਪੂਰਨ ਵਿਆਹ (ਜਸਵਿੰਦਰ ਚਾਹਲ 9876915035)

ਬੰਨ੍ ਲਿਆ ਸਿਹਰਾ,
ਸਜ ਗਿਆ ਲਹਿੰਗਾ |
ਵੱਡੇ ਸਾਰੇ ਪੈਲੇਸ ਵਿੱਚ,
ਵਿਆਹ ਹੋਇਆ ਮਹਿੰਗਾ |
ਥੋੜ੍ਹੇ ਜੇ ਸਮੇਂ ਤੋਂ ਬਾਅਦ,
ਘੇਰ ਲਿਆ ਵਿਚੋਲਾ ਸੀ |
ਦੱਸ ਕਿਹੜੀ ਗੱਲੋਂ ਸਾਥੋਂ,
ਰੱਖ ਲਿਆ ਓਹਲਾ ਸੀ |
ਦੋਵੇਂ ਹੀ ਧਿਰਾਂ ਦੇ ਜੀ ,
ਵਿਚਾਰ ਸੀ ਬੜੇ ਵੱਖਰੇ |
ਕਹਿੰਦੇ ਸੀ ਵਿਚੋਲੇ ਨੂੰ ,
ਬੰਦੇ ਚੰਗੇ ਨਹੀਓ ਟੱਕਰੇ |
ਸੁਣ ਕੇ ਗੱਲ ਉਹਨਾਂ ਦੀ,
ਵਿਚੋਲਾ ਸੀ ਬੜਾ ਹੱਸਿਆ |
ਕੱਲੀ-ਕੱਲੀ ਗੱਲ ਨੂੰ ਜੀ ,
ਫਿਰ ਉਹਨੇ ਇੰਝ ਦੱਸਿਆ|
ਕੁੜੀ ਵਾਲਿਆਂ ਦੀ ਮੰਗ ਸੀ,
ਜ਼ਮੀਨ,ਕੋਠੀ ਤੇ ਕਾਰ ਹੋਵੇ |
ਸਰਕਾਰੀ ਨੌਕਰੀ ਤੇ ਲੱਗਾ,
ਜਾਂ ਕੈਨੇਡਾ ਦਾ ਪੀ.ਆਰ ਹੋਵੇ |
ਮੁੰਡੇ ਵਾਲਿਆਂ ਨੇ ਵੀ ਭਾਈ,
ਮੈਨੂੰ ਇਹੀ ਕੁਝ ਕਿਹਾ ਸੀ |
ਗੱਡੀ, ਗਹਿਣੇ ਅਤੇ ਕੈਸ਼ ,
ਵੱਡੇ ਪੈਲੇਸ 'ਚ ਵਿਆਹ ਸੀ |
ਮੰਗਾਂ ਮੰਨ ਲਈਆਂ ਸਾਰੀਆਂ,
ਦੱਸੋ ਕੀ ਬਾਕੀ ਰਿਹਾ ਸੀ |
ਬਸ ਬੰਦੇ ਚੰਗੇ ਹੋਣ ਭਾਈ ,
ਤੁਸੀਂ ਇਹ ਤਾਂ ਨੀ ਕਿਹਾ ਸੀ |
ਚੁਣੇ ਜਿਹਨਾਂ ਨੇ ਵੀ ਭਾਈ ,
ਗੁਣਾਂ ਵਾਲੇ ਰਾਹ ਹੋਣਗੇ |
'ਚਾਹਲ' ਉਹਨਾਂ ਰੂਹਾਂ ਦੇ ,
ਸੰਪੂਰਨ ਵਿਆਹ ਹੋਣਗੇ |
ਜਸਵਿੰਦਰ ਚਾਹਲ 
9876915035

ਕਹਿੰਦਾ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ

ਕੀ ਹੋ ਗਿਆ ਸਾਡੀਆਂ ਸੋਚਾਂ ਨੂੰ ,
ਸਾਡੀਆਂ ਕਲਮਾਂ ਵਾਲੀਆਂ ਨੋਕਾਂ ਨੂੰ |
ਸ਼ੌਹਰਤ ਦਾ ਚਾਨਣ ਪਾਉਣ ਲਈ ,
ਅਸੀਂ ਹਨੇਰੇ ਵੱਲ ਧੱਕਦੇ ਲੋਕਾਂ ਨੂੰ |
ਮਾਲਕ ਨੇ ਕਿਸੇ ਨੂੰ ਕਲਮ ਬਖ਼ਸ਼ੀ ਆ ਕਿਸੇ ਨੂੰ ਆਵਾਜ਼ , ਤਾਂ ਕਿ ਉਹ ਸਮਾਜ ਪ੍ਤੀ ਆਪਣੀ ਜ਼ਿੰਮੇਵਾਰੀ ਨਿਭਾ ਸਕੇ | ਪਰ ਰਾਤੋ ਰਾਤ ਸ਼ੌਹਰਤ ਪਾਉਣ ਲਈ ਬਹੁਤੇ ਕਲਮਕਾਰ ਅਤੇ ਫ਼ਨਕਾਰ ਕੀ ਪਰੋਸ ਕੇ ਦੇ ਰਹੇ ਨੇ ਸਮਾਜ ਨੂੰ????? ਜੱਟ ਫੈਰ ਕਰਦੈ,,,,, ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ,,,,, ਕੋਈ ਇਹ ਕਿਉਂ ਨੀ ਗਾਉਂਦਾ ਕਿ ਜੱਟ ਦਾ ਡਾਕਟਰ ਬਣਨ ਨੂੰ ਜੀ ਕਰਦਾ , ਜੱਟ ਦਾ ਅਧਿਆਪਕ ਬਣਨ ਨੂੰ ਜੀਅ ਕਰਦਾ , ਗੱਲ ਵੈਲੀ ਤੇ ਆ ਕੇ ਕਿਉਂ ਖੜ੍ਹ ਜਾਂਦੀ ਆ ,,,,,? ਅਠਾਰਵਾਂ ਸਾਲ ਬਦਨਾਮ ਹੋਣ ਲਈ ਨੀ ਹੁੰਦਾ ,,,,,, ਅਠਾਰਵਾਂ ਸਾਲ ਨਾਮ ਕਮਾਉੁਣ ਲਈ ਹੁੰਦਾ ,,,,,,,
ਡੀ.ਜੇ.ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਸੀ ,
ਸ਼ੌਰ ਜਿਹੇ ਨਾਲ ਮੇਰੀ ਨੀਂਦ ਟੁੱਟ ਗਈ ਸੀ |
ਗੀਤ ਸੁਣ ਦਿਮਾਗ ਸੱਚੀਂ ਜਾਮ ਹੋ ਗਿਆ ,
ਕਹਿੰਦਾ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ |
ਪੰਜੇ ਉਂਗਲਾਂ ਤਾਂ ਇੱਕੋ ਸਾਰ ਨਹੀਂ ਹੁੰਦੀਆਂ ,
ਬਦਨਾਮੀਆਂ ਭਾਈ ਓਏ ਪਿਆਰ ਨਹੀਂਓ ਹੁੰਦੀਆਂ |
ਬਾਪੂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨਾ ਸੀ ,
ਅਠਾਰਵੇਂ ਚ ਦੱਸਦਾਂ ਭਾਈ ਕਿਹੜਾ ਕੰਮ ਕਰਨਾ ਸੀ |
ਬਾਹਰਵੀਂ ਦੀ ਪੂਰੀ ਕਰਨੀ ਸੀ ਪੜ੍ਹਾਈ ਜੀ ,
ਫੌਜ ਵਿੱਚ ਭਰਤੀ ਲਈ ਕਰਨਾ ਸੀ ਟਰਾਈ ਜੀ |
'ਮਾਰਸ਼ਲ ਅਰਜੁਨ ਸਿੰਘ' ਵਾਂਗ ਨਾਮਣਾ ਸੀ ਖੱਟਣਾ ,
ਬਾਪੂ ਦੇ ਮੋਢਿਆਂ ਤੋਂ ਬੋਝ ਸੀ ਓਏ ਘੱਟਣਾ |
ਅਠਾਰਵੇਂ ਚ ਤਾਂ ਟਰੈਕਟਰ ਦੇ ਸਟੇਰਿੰਗ ਫੜ੍ਹ ਲੈਣੇ ਸੀ,
ਕਿੱਲਾ ਛਡਵਾ ਲੈਂਦਾ ਜਿਹੜਾ ਪਿਆ ਗਹਿਣੇ ਸੀ |
ਪਿੰਡ ਦੇ ਨਾਮ ਵਾਲੀ ਜਾਂਦੀ ਝੰਡੀ ਗੱਡੀ ਜੀ ,
'ਹਰਜੀਤ ਬਾਜੇਖਾਨੇ' ਵਾਂਗ ਜੇ ਖੇਡਦਾ ਕਬੱਡੀ ਜੀ |
ਰੋਇੰਗ ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਜੀ,
'ਸਵਰਨ' ਵਾਂਗ ਅਰਜਨ ਐਵਾਰਡ ਵਾਲੀ ਮੱਲ ਜੀ |
ਅਠਾਰਵੇਂ ਚ ਤਾਂ ਯਾਦਗਾਰੀ ਰੋਲ ਨਿਭਾਉਂਣਾ ਸੀ,
'ਔਲਖ ਸਾਬ' ਦੇ ਨਾਟਕਾਂ ਦਾ ਪਾਤਰ ਬਣ ਜਾਣਾ ਸੀ |
ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ ,
ਕੁਝ ਤਾਂ ਆਪਣਾ ਯੋਗਦਾਨ ਦੇਣਾ ਸੀ ਸਮਾਜ ਨੂੰ |
ਦੱਸੋ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਜੀ ,
ਜੇ ਅਠਾਰਵੇਂ 'ਭਗਤ ਸਿੰਘ' ਵੀ ਹੋ ਜਾਂਦਾ ਬਦਨਾਮ ਜੀ |
ਖਾਸ ਕੰਮ ਕਰਨ ਵਾਲੇ ਆਮ ਨਹੀਂਓ ਹੁੰਦੇ ਜੀ ,
ਸਿਆਣੇ ਧੀ-ਪੁੱਤ ਕਦੇ ਬਦਨਾਮ ਨਹੀਂਓ ਹੁੰਦੇ ਜੀ |
ਇੰਨੀ ਕੁ ਗੱਲ ਕਹਿੰਦਾ 'ਚਾਹਲ' ਜਾਂਦਾ-ਜਾਦਾਂ ਜੀ ,
ਅਠਾਰਵੇਂ ਦਾ ਕਮਾਇਆ ਬੰਦਾ ਸਾਰੀ ਉਮਰ ਖਾਂਦਾ ਜੀ|
ਜਸਵਿੰਦਰ ਚਾਹਲ 
9876915035

ਮੇਰਾ ਨਾਮ ਹੈ ਉਤਸ਼ਾਹ

ਆਹ ਦੇਖ ਜ਼ਿੰਦਗੀਏ ਨੀ,
ਨੀ ਮੇਰਾ ਨਾਮ ਹੈ ਉਤਸ਼ਾਹ |
ਤੂੰ ਬੇਰੰਗ ਤਸਦੀਕ ਕੀਤਾ ਸੀ,
ਨੀ ਮੈਂ ਆਪੇ ਰੰਗ ਲਏ ਚਾਅ |
ਮੈਂ ਆਸ ਦਾ ਪੱਲਾ ਨੀ ਛੱਡਣਾ ,
ਮੇਰੇ ਜਦ ਤੱਕ ਚੱਲਦੇ ਸਾਹ |
ਮੇਰੀ ਨਜ਼ਰ 'ਚ ਮੰਜ਼ਿਲ ਵਸਦੀ,
ਮੈਨੂੰ ਸਿਜਦਾ ਕਰਦੇ ਰਾਹ |
ਜੀਹਨੂੰ ਬਾਹਰ ਲੋਕੀ ਲੱਭਦੇ ,
ਮੇਰੇ ਅੰਦਰ ਖੁਸ਼ੀ ਅਥਾਹ |
ਹਿੰਮਤ ਮੇਰਾ ਸੱਚਾ ੲਿਸ਼ਕ ਹੈ ,
ਮੈਨੂੰ ਸਕਦਾ ਨੀ ਕੋਈ ਢਾਹ |
ਮੇਰੇ ਦਿਲ ਵਾਲੀ ਅਮੀਰੀ ਨੂੰ ,
ਗਰੀਬੀ ਸਕਦੀ ਨਹੀਂ ਹਰਾ |
ਤੇਰੀ ਦਿੱਤੀ ਹੋਈ ਹਰ ਦਸਤਕ ,
ਮੇਰਾ ਝੱਲ ਨਹੀਂ ਸਕੀ ਤਾਅ |
ਅੰਬਰਾਂ 'ਤੇ ਨਾਮ ਲਿਖ ਦੇਊ,
ਧਰਤੀ ਨਾਲ ਵੀ ਰੱਖੂਗਾ ਵਾਹ |
'ਚਹਿਲਾ' ਪੈੜਾਂ ਤੋਂ ਲੋਕੀ ਪੁੱਛਣਗੇ,
ਕੌਣ ਲੰਘਿਆ ਹੈ ਇਸ ਰਾਹ ?????
ਜਸਵਿੰਦਰ ਚਾਹਲ
9876915035

Monday, June 29, 2020

ਬੇਵਕਤ ਹੀ 'ਜੁਗਨੂੰਆਂ ਦੇ ਅੰਗ-ਸੰਗ' ਜਾ ਰਲਿਆ ਅਮਨ ਬੋਲਾ (ਦਾਤੇਵਾਸ)

ਬੇਵਕਤ ਹੀ 'ਜੁਗਨੂੰਆਂ ਦੇ ਅੰਗ-ਸੰਗ' ਜਾ ਰਲਿਆ ਅਮਨ ਬੋਲਾ (ਦਾਤੇਵਾਸ)............

ਮਾਨਸਾ ਜਿਲ੍ਹੇ ਦੇ ਪਿੰਡ ਦਾਤੇਵਾਸ ਵਿਖੇ ਤਕਰੀਬਨ 48 ਸਾਲ ਪਹਿਲਾ ਸੇਵਾ ਮੁਕਤ ਸੂਬੇਦਾਰ ਮੇਜਰ ਜਗਰੂਪ ਸਿੰਘ ਤੇ ਸ੍ਰੀਮਤੀ ਸ਼ਮਸ਼ੇਰ ਕੌਰ ਦੇ ਘਰ ਜਨਮੇ ਅਮਨਦੀਪ ਸਿੰਘ ਨੂੰ ਬਚਪਨ ਤੋਂ ਹੀ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ। ਜਿਸ ਸਦਕਾ ਉਹ ਜਵਾਨੀ 'ਚ ਪੈਰ ਰੱਖਣ ਤੱਕ ਹਰ ਮੁੱਦੇ 'ਤੇ ਤਰਕਮਈ ਤਰੀਕੇ ਨਾਲ ਸੰਵਾਦ ਰਚਾਉਣ ਦੇ ਸਮਰੱਥ ਹੋ ਗਿਆ। ਇਸ ਦੇ ਨਾਲ ਹੀ ਉਸ ਦੇ ਹਾਜ਼ਰ ਜੁਆਬੀ ਤੇ ਹਾਸਰਸ ਵਾਲੇ ਅੰਦਾਜ਼ ਨੂੰ ਹਰ ਥਾਂ ਹਰਮਨਪਿਆਰਤਾ ਬਖਸ਼ੀ। ਭਾਵੇਂ ਉਹ ਬੁਢਲਾਡਾ ਸ਼ਹਿਰ ਹੋਵੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਜਾਂ ਦੇਸ਼ ਦੇ ਹੋਰਨਾਂ ਸ਼ਹਿਰਾਂ ਦੀਆਂ ਵਿਦਿਅਕ ਸੰਸਥਾਵਾਂ ਹੋਣ, ਅਮਨ ਦੇ ਚਾਹੁਣ ਵਾਲਿਆਂ ਦਾ ਘੇਰਾ ਵਿਸ਼ਾਲ ਹੁੰਦਾ ਗਿਆ। ਚੁਗਲੀ-ਨਿੰਦਿਆਂ ਤੋਂ ਦੂਰ ਅਤੇ ਕਦੇ ਵੀ ਕਿਸੇ ਨਾਲ ਨਰਾਜ਼ ਨਾ ਰਹਿਣ ਵਾਲੇ ਅਮਨ ਦੀ ਹਰ ਕਿਸੇ ਨੂੰ ਉਡੀਕ ਰਹਿੰਦੀ ਸੀ। ਪੰਜਾਬੀ ਯੂਨੀਵਰਸਿਟੀ ਤੋਂ ਬੀ.ਏ. ਆਨਰਜ਼ ਕਰਨ ਦੌਰਾਨ ਹੀ ਉਸ ਨੇ ਆਪਣੀ ਇਕਲੌਤੀ ਕਾਵਿ ਪੁਸਤਕ 'ਜੁਗਨੂੰਆਂ ਦੇ ਅੰਗ-ਸੰਗ' ਲਿਖੀ ਅਤੇ ਛਪਵਾਈ। ਜਿਸ ਨੂੰ ਸਾਹਿਤ ਪ੍ਰੇਮੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਫਿਰ ਉਸ ਦਾ ਰੁਝਾਨ ਪੱਤਰਕਾਰਤਾ ਵੱਲ ਹੋ ਗਿਆ ਅਤੇ ਉਹ ਇਸ ਖੇਤਰ 'ਚ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਜਾ ਪੁੱਜਿਆ। ਇਸੇ ਦੌਰਾਨ ਅਮਨ ਦਾ ਵਿਆਹ ਪ੍ਰੀਤੀ ਕੌਰ ਨਾਲ ਹੋਇਆ ਜੋ ਖੁਦ ਬਹੁਤ ਹੀ ਹੁਸ਼ਿਆਰ ਤੇ ਸੁਚਾਰੂ ਲੜਕੀ ਸੀ। ਇਸ ਕਰਕੇ ਅਮਨ ਨੂੰ ਘਰੇਲੂ ਜ਼ਿੰਦਗੀ 'ਚ ਵੀ ਵਧੀਆ ਸਾਥ ਮਿਲਿਆ। ਸਾਰਾ ਪਰਿਵਾਰ ਅਮਰੀਕਾ 'ਚ ਹੋਣ ਕਰਕੇ, ਅਮਨ ਨੂੰ ਵਾਰ-ਵਾਰ ਭੈਣ-ਭਰਾਵਾਂ ਵੱਲੋਂ ਅਮਰੀਕਾ ਆਉਣ ਲਈ ਕਿਹਾ ਗਿਆ ਪਰ ਉਹ 45 ਸਾਲ ਹੱਸਦਾ-ਹਸਾਉਂਦਾ ਆਪਣੀ ਜਨਮ ਭੋਇੰ 'ਤੇ ਬਤੀਤ ਕਰਨ ਤੋਂ ਬਾਅਦ ਤਿੰਨ ਸਾਲ ਪਹਿਲਾ ਹੀ ਪਰਿਵਾਰ ਸਮੇਤ ਅਮਰੀਕਾ ਦਾ ਵਾਸੀ ਬਣਿਆ। ਜਿੱਥੇ ਉਸ ਨੇ ਫਰਿਜ਼ਨੋ (ਕੈਲੇਫੋਰਨੀਆ) ਨੂੰ ਆਪਣੀ ਕਰਮਭੂਮੀ ਬਣਾਇਆ। ਉਸ ਦੇ 19 ਸਾਲਾ ਬੇਟੇ ਰੂਬਲ ਬੋਲਾ ਨੇ ਹਾਲ ਹੀ ਵਿੱਚ ਨਾਗਪੁਰ ਤੋਂ ਇੰਜੀਨੀਅਰਿੰਗ ਦੀ ਡਿਗਰੀ ਪਾਸ ਕੀਤੀ ਹੈ ਅਤੇ ਉਸ ਨੇ ਅਮਰੀਕਾ 'ਚ ਆਪਣੀ ਪੇਸ਼ੇਵਰ ਜ਼ਿੰਦਗੀ ਸ਼ੁਰੂ ਕਰਨੀ ਹੈ। ਰੂਬਲ ਦੇ ਦਿਲ ਵਿੱਚ ਇੱਕ ਗੱਲ ਦਾ ਹਮੇਸ਼ਾ ਸ਼ਿਕਵਾ ਰਹੇਗਾ ਕਿ ਉਹ ਆਪਣੇ ਪਿਤਾ ਅਮਨਦੀਪ ਬੋਲਾ ਦੀਆਂ ਅੱਖਾਂ ਸਾਹਮਣੇ ਕਮਾਊ ਪੁੱਤ ਨਹੀਂ ਬਣ ਸਕਿਆ। ਅਮਨ ਦੇ ਮਾਤਾ ਸ਼ਮਸ਼ੇਰ ਕੌਰ ਕੁਝ ਵਰ੍ਹੇ ਪਹਿਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਪਿਤਾ ਸ. ਜਗਰੂਪ ਸਿੰਘ ਸੈਨਾ ਦੀ ਸੇਵਾ ਤੋਂ ਬਾਅਦ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਬਤੌਰ ਸੁਪਰਡੈਂਟ ਸੇਵਾਮੁਕਤ ਹੋਣ ਉਪਰੰਤ ਅਮਰੀਕਾ 'ਚ ਹੀ ਆਪਣੇ ਵੱਡੇ ਪੁੱਤਰ ਸੁਖਵਿੰਦਰ ਸਿੰਘ ਕੋਲ ਹਨ। ਵੱਡੀ ਭੈਣ ਦਰਸ਼ਨ ਕੌਰ ਸੰਗਰੂਰ ਵਿਖੇ ਆਪਣੇ ਬੇਟਿਆਂ ਨਾਲ ਵਧੀਆ ਜੀਵਨ ਬਸਰ ਕਰ ਰਹੀ ਹੈ। ਉਨ੍ਹਾਂ ਤੋਂ ਛੋਟੀਆਂ ਭੈਣਾਂ ਸਵਰਨਜੀਤ ਕੌਰ ਅਤੇ ਪਰਮਜੀਤ ਕੌਰ ਵੀ ਅਮਰੀਕਾ 'ਚ ਹੀ ਆਪਣੇ ਪਰਿਵਾਰਾਂ ਨਾਲ ਵਧੀਆ ਜੀਵਨ ਨਿਰਬਾਹ ਕਰ ਰਹੀਆਂ ਹਨ। ਇਸ ਤਰ੍ਹਾਂ ਹਸਦੇ-ਵਸਦੇ ਭੈਣ ਭਰਾਵਾਂ ਤੇ ਦੋਸਤਾਂ ਦੇ ਕਲਾਵੇ 'ਚੋਂ ਅਮਨਦੀਪ ਬੋਲਾ ਦਾ ਝਕਾਨੀ ਦੇ ਕੇ ਨਿਕਲਣਾ, ਸਭ ਲਈ ਸਦੀਵੀਂ ਜਖਮ ਬਣ ਗਿਆ ਹੈ। ਅਮਨਦੀਪ ਬੋਲਾ ਦਾ ਅੰਤਿਮ ਸੰਸਕਾਰ ਤੇ ਅਰਦਾਸ 28 ਜੂਨ 2020 ਦਿਨ ਐਤਵਾਰ ਨੂੰ ਫਰਿਜ਼ਨੋ ਵਿਖੇ ਭਾਰਤੀ ਸਮੇਂ ਅਨੁਸਾਰ ਰਾਤ 11 ਤੋਂ 1 ਵਜੇ ਤੱਕ ਹੋਵੇਗੀ। ਆਓ ਸਭ ਰਲ ਕੇ ਆਪਣੇ ਰੰਗਲੇ ਸੱਜਣ ਦੀਆਂ ਯਾਦਾਂ ਨੂੰ ਹਮੇਸ਼ਾਂ ਤਾਜ਼ਾ ਰੱਖਣ ਦੇ ਅਹਿਦ ਨਾਲ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰੀਏ। 
-ਡਾ. ਸੁਖਦਰਸ਼ਨ ਸਿੰਘ ਚਹਿਲ ਪਟਿਆਲਾ 9779590575

Sunday, May 31, 2020

ਚਟਣੀ

ਚਟਣੀ

ਚਟਣੀ ਵੀ ਪੰਜਾਬੀ ਸਦੀਆਂ ਤੋਂ ਹੀ ਖਾਂਦੇ ਆ ਰਹੇ ਹਨ। 1980 ਤੋਂ ਪਹਿਲਾਂ ਹਰ ਘਰ ਚ ਸਵੇਰੇ ਚਟਣੀ ਰਗੜੀ ਜਾਂਦੀ ਸੀ। ਭਾਵੇਂ ਖਾਣਾ ਔਰਤਾਂ ਹੀ ਪਕਾਉਂਦੀਆਂ ਸੀ ਪਰ ਚਟਣੀ ਮਰਦ ਹੀ ਰਗੜਦੇ ਸੀ। ਇਹ ਹਰ ਰੁੱਤ ਚ ਅਲੱਗ ਤਰ੍ਹਾਂ ਦੀ ਹੁੰਦੀ ਸੀ।
ਚਟਣੀਆਂ ਚ ਲਾਲ ਮਿਰਚ ਦੀ ਚਟਣੀ ਅਤੇ ਗੰਢੇ ਦੀ ਚਟਣੀ ਸਭ ਤੋਂ ਵੱਧ ਪ੍ਰਚੱਲਿਤ ਸੀ। ਉਂਜ ਗੰਢੇ ਲਸਣ ਦੀਆਂ ਭੂਕਾਂ, ਹਰੀ ਮਿਰਚ, ਚਿੱਭੜ, ਟਮਾਟਰ, ਨਿੰਬੂ, ਪੂਤਨਾ, ਮਰੂਆ, ਛੋਲੀਆ, ਕਚਨਾਰ ਦੇ ਫੁੱਲਾਂ, ਛੋਲਿਆਂ ਦੀਆਂ ਕਰੂੰਬਲਾਂ, ਕੱਚੀ ਅੰਬੀ, ਹਰੇ ਔਲੇ ਆਦਿ ਦੀਆਂ ਅਨੇਕਾਂ ਹੀ ਚਟਣੀਆਂ ਸੀ।
ਹਰ ਚਟਣੀ ਚ ਹਮੇਸ਼ਾ ਡਲੇ ਦਾ ਨਮਕ ਜਾਂ ਪਾਕਿਸਤਾਨੀ ਲੂਣ ਹੀ ਹੁੰਦਾ ਸੀ ਤੇ ਮਿਰਚ ਵੀ ਦੇਸੀ ਤੇ ਘਰਦੀ ਹੁੰਦੀ ਸੀ। ਚਟਣੀ ਹਮੇਸ਼ਾ ਕੂੰਡੇ ਚ ਕੁੱਟੀ ਜਾਂਦੀ ਸੀ ਤੇ ਨਿੰਮ ਦੇ ਘੋਟਣੇ ਨਾਲ ਰਗੜੀ ਜਾਂਦੀ ਸੀ। ਇਹ ਚਟਣੀ ਵਾਲਾ ਕੂੰਡਾ ਚੁੱਲ੍ਹੇ ਦੇ ਨੇੜੇ ਹੀ ਥਾਲ ਨਾਲ ਢਕਕੇ ਪਿਆ ਰਹਿੰਦਾ ਸੀ। ਇਹ ਸਭ ਚਟਣੀਆਂ ਖਾਣੇ ਦਾ ਸੁਆਦ ਵਧਾਉਣ, ਭੁੱਖ ਵਧਾਉਣ ਅਤੇ ਖਾਣਾ ਚੰਗੀ ਤਰ੍ਹਾਂ ਹਜ਼ਮ ਕਰਨ ਦੇ ਨਾਲ ਨਾਲ ਦਵਾਈ ਵਾਂਗ ਵੀ ਕੰਮ ਕਰਦੀਆਂ ਸੀ। ਹਰ ਚਟਣੀ ਦਾ ਅਲੱਗ ਫਾਇਦਾ ਸੀ। 
ਲਾਲ ਮਿਰਚ ਦੀ ਚਟਣੀ ਸਰੀਰ ਦਰਦ, ਜੋੜ ਦਰਦ ਆਦਿ ਤੋਂ ਲਾਭਦਾਇਕ ਸੀ। ਹਰੀ ਮਿਰਚ ਦੀ ਚਟਣੀ ਭੁੱਖ ਵਧਾਉਣ ਵਾਲੀ ਸੀ। ਗੰਢੇ ਦੀ ਚਟਣੀ ਗਲਾ ਖਰਾਬੀ, ਜ਼ੁਕਾਮ, ਰੇਸ਼ਾ ਤੋਂ ਚੰਗੀ ਸੀ। ਲਸਣ ਦੀਆਂ ਭੂਕਾਂ ਦੀ ਚਟਣੀ ਕੋਲੈਸਟਰੋਲ ਤੋਂ ਚੰਗੀ ਸੀ। ਗੰਢੇ ਦੀਆਂ ਭੂਕਾਂ ਦੀ ਚਟਣੀ ਕਮਜ਼ੋਰ ਨਜ਼ਰ ਤੋਂ ਚੰਗੀ ਸੀ।

Saturday, May 30, 2020

ਬਲੋਰਾ ਗੁਰਪ੍ਰੀਤ ਸਹਿਜੀ

ਬਲੋਰਾ   ਗੁਰਪ੍ਰੀਤ ਸਹਿਜੀ

DOWNLOAD  FULL BLORA BOOK

Thursday, May 28, 2020

ਉਹ ਗੱਲ ਅਧੂਰੀ ਇੱਕ ਦੂਜੇ ਨੂੰ ਦੱਸਾਂਗੇ

ਹਾਲੇ ਵੀ ਉਹਦੇ ਪਿੰਡ ਨੂੰ ਬੱਸਾਂ ਮਿੰਨੀਆਂ ਲੱਗੀਆਂ ਨੇ
ਗਲੀ ਦੇ ਵਿੱਚ ਯਾਦ ਐ ਇੱਟਾਂ ਕਿੰਨੀਆਂ ਲੱਗੀਆਂ ਨੇ
ਨੀਲੇ ਰੰਗ ਦੀ ਤਾਕੀ ਅੱਜ ਵੀ ਖੁੱਲੀ ਦਿਸਦੀ ਏ 
ਅੱਖਾਂ ਮਲਦੀ ਸੁਰਤ ਜੀ ਉਹਦੀ ਭੁੱਲੀ ਦਿਸਦੀ ਏ
ਪੂਰੀ ਪੂਰੀ ਟਾਈਮਇੰਗ ਤੇ ਨਿੱਤ ਆ ਕੇ ਖੜ੍ਹਦੀ ਸੀ 
ਮੇਰਾ ਦਿਲ ਮੰਨਦਾ ਉਹ ਕੁੜੀ ਮੈਂਨੂੰ ਪਿਆਰ ਕਰਦੀ ਸੀ
ਪਿਛਲੀ ਸੀਟ ਤੇ ਬਹਿ ,ਨੀਵੀਂ ਪਾ ਕੇ ਰੱਖਦੀ ਸੀ 
ਪਰ ਚੋਰੀ ਚੋਰੀ ਉਹ ਮੇਰੇ ਵੱਲ ਹੀ ਤੱਕਦੀ ਸੀ
ਜਾਣ ਬੁੱਝ ਕੇ ਸੱਖੀਆਂ ਤੋ ਸੀ ਦੂਰ ਜਿਹੇ ਬੈਂਹਿਦੀ 
ਮੰਗਣ ਲੱਗਿਆਂ ਟਿਕਟ ਉਹ ਉੱਚੀ ਨਾਂ ਪਿੰਡ ਦਾ ਲੈਂਦੀ
ਨਾਲ ਫਿੱਕੇ ਸੂਟਾਂ ਦੇ ਜਦ ,ਰੋਜ਼ ਚੁੰਨੀ ਉੱਨਾਬੀ ਹੁੰਦੀ ਸੀ 
ਮੇਰੇ ਲਈ ਉਹ ਖਿਆਲੀਂ,ਯਾਰਾਂ ਦੀ ਭਾਬੀ ਹੁੰਦੀ ਸੀ
ਚੇਤੇ ਆਉਂਦੀ ਅੱਜ ਵੀ ਜਿਹੜੀ ਲਾਰੀ ਤੇ ਆਉਂਦੀ ਸੀ 
ਮੇਰਾ ਦਿਲ ਆਖੇ ਉਹ ਕਮਲੀ ਮਨਾ ਤੈਨੂੰ ਹੀ ਚਾਹੁੰਦੀ ਸੀ
ਮੁੜ ਖਰੀਦ ਸਕਾਂ ਮੈਂ ਉਹ ਸਫ਼ਰ ਸੁਹਾਣੇ ਰਾਹਾਂ ਦੇ 
ਚੱਲ ਅੱਜ ਫਿਰ ਚੱਲਦੇ ਹਾਂ ਆਜਾ ਉਹਨਾਂ ਰਾਹਾਂ ਤੇ
ਤੂੰ ਫਿਰ ਆਵੀਂ ਤੇ ਬੈਠ ਜਾਈਂ ਵਿੱਚ ਆ ਕੇ ਬੱਸਾਂ ਦੇ 
ਆਪਾਂ ਹੁਣ,ਉਹ ਗੱਲ ਅਧੂਰੀ ਇੱਕ ਦੂਜੇ ਨੂੰ ਦੱਸਾਂ ਗੇ
ਹਾਂ ਆਪਾਂ ਹੁਣ,ਉਹ ਗੱਲ ਅਧੂਰੀ ਇੱਕ ਦੂਜੇ ਨੂੰ ਦੱਸਾਂ ਗੇ

✏✒.. Dhillon Amrit

ਉਹਨਾਂ ਈ ਡਰਨਾ ਧੀ ਜੰਮਣ ਤੋਂ ,

ਕਿੰਨੇ ਹੁੰਦੇ,ਕੰਮ ਕੁੜੀਆਂ ਦੇ , ਦੱਸ ਨੀ ਸਕਦਾ,ਗਮ ਕੁੜੀਆਂ ਦੇ । ਉਹਨਾਂ ਈ ਡਰਨਾ ਧੀ ਜੰਮਣ ਤੋਂ , ਜਿੰਨਾਂ ਨੋਚੇ ਚੰਮ,ਕੁੜੀਆਂ ਦੇ । ਅੱਧੇ ਪੇਕੇ ਅੱਧੇ ਸਹੁ...