** ਮੀਰਦਾਦ ਦੀ ਕਿਤਾਬ / ਓਸ਼ੋ ਦੀ ਜ਼ੁਬਾਨੀ
ਦੁਨੀਆਂ ਵਿਚ ਲੱਖਾਂ ਕਿਤਾਬਾਂ ਹਨ ਪਰ 'ਮੀਰਦਾਦ ਦੀ ਕਿਤਾਬ' ਸਭਤੋਂ ਪਹਿਲੀ ਥਾਂਵੇ ਰੱਖਣ ਵਾਲੀ ਹੈ। ਇਹ ਬਦਨਸੀਬੀ ਹੈ ਕਿ ਬਹੁਤੇ ਲੋਕ ਇਹਨੂੰ ਜਾਣਦੇ-ਪਛਾਣਦੇ ਹੀ ਨਹੀਂ। ਜੀਹਦਾ ਇਕ ਸਾਦਾ ਜਿਹਾ ਕਾਰਨ ਹੈ ਕਿ ਇਹ ਕੋਈ ਧਾਰਮਿਕ ਗ੍ਰੰਥ ਨਹੀਂ ਹੈ। ਇਹ ਸਿਰਫ਼ ਇਕ ਕਿਤਾਬ ਹੈ, ਜੀਹਦੇ ਵਿਚ ਸਮੁੰਦਰੀ ਸੱਚ ਭਰਿਆ ਹੋਇਆ ਹੈ। ਛੋਟੀ ਜਿਹੀ ਕਿਤਾਬ ਹੈ, ਪਰ ਕਹਿ ਸਕਦਾ ਹਾਂ ਕਿ ਜਿਹੜੇ ਲਿਖਣ ਵਾਲੇ ਨੇ ਇਹਨੂੰ ਲਿਖਿਆ, "ਲਿਖਣ ਵਾਲਾ" ਕਹਿਣਾ ਠੀਕ ਨਹੀਂ, ਜਿਹਨੇ ਇਹਨੂੰ ਜਨਮ ਦਿੱਤਾ, ਉਹਨੂੰ ਕੋਈ ਨਹੀਂ ਜਾਣਦਾ। ਉਹਦਾ ਨਾਂਅ-ਮਿਖ਼ਾਈਲ ਨਈਮੀ ਸੀ।
ਇਹ ਕਿਤਾਬ ਇਸ ਗੱਲੋਂ ਵੀ ਅਲੋਕਾਰ ਹੈ ਕਿ ਤੁਸੀਂ ਇਹਨੂੰ ਪੜ੍ਹੋ ਤੇ ਉੱਕਾ ਹੀ ਪੜ੍ਹੇ ਬਿਨਾਂ ਰਹਿ ਜਾਓ, ਕਿਉਂਕਿ ਇਹਦੇ ਅਰਥ, ਇਹਦੇ ਲਫਜ਼ਾਂ ਵਿਚ ਨਹੀਂ। ਇਹ ਲਫਜ਼ਾਂ ਦੇ ਸੰਗ-ਸੰਗ ਵਹਿੰਦੇ ਹਨ। ਚੁੱਪ-ਚਾਪ ਲਫ਼ਜ਼ਾਂ ਦੀਆਂ ਵਿਰਲਾਂ ਵਿਚੋਂ, ਸਤਰਾਂ ਵਿਚਲੀ ਵਿੱਥ ਵਿਚੋਂ।
ਜੇ ਤੁਸੀਂ ਧਿਆਨ ਵਿਚ ਬੈਠਣਾ ਜਾਣਦੇ ਹੋ, ਜੇ ਤੁਸੀਂ ਇਹਨੂੰ ਸਿਰਫ਼ ਪੜ੍ਹ ਨਹੀਂ ਰਹੇ, ਤਾਂ ਵੇਖ ਸਕੋਗੇ ਕਿ ਇਹਦੇ ਵਿਚ ਇਨਸਾਨ ਦਾ ਸਾਰਾ ਰੂਹਾਨੀ ਪਹਿਲੂ ਸਮਾਇਆ ਹੋਇਆ ਹੈ। ਇਹ ਪਹਿਲੂ ਅਕਲ-ਇਲਮ ਨਾਲ ਵੇਖਿਆ-ਜਾਣਿਆ ਹੋਇਆ ਨਹੀਂ, ਇਹ ਘੁੱਟ-ਘੁੱਟ ਪੀਤਾ ਹੋਇਆ ਹੈ। ਲਫ਼ਜ਼ ਹਨ, ਪਰ ਉਹ ਦੂਜੀ ਥਾਵੇਂ ਹਨ। ਕੋਈ ਹੋਰ ਚੀਜ਼ ਹੈ, ਜੋ ਪਹਿਲੀ ਥਾਂ 'ਤੇ ਹੈ। ਇਕ ਖ਼ਾਮੋਸ਼ੀ ਜੋ ਲਫ਼ਜ਼ਾਂ ਵਿਚੋਂ ਉੱਠਦੀ ਹੈ, ਮਹਿਕ ਦੀ ਤਰ੍ਹਾਂ, ਇਕ ਧੁਨੀ ਜੋ ਲਫ਼ਜ਼ਾਂ ਵਿਚੋਂ ਨਿਕਲਦੀ ਹੈ। ਇਹਦੇ ਲਫ਼ਜ਼ ਮਸਤਕ ਵਿਚ ਕਿਤੇ ਤਾਰੀ ਹੁੰਦੇ ਹਨ ਤੇ ਧਨੀ ਸਿੱਧਾ ਮਨ ਵਿਚ ਉਤਰਦੀ ਹੈ।
ਇਹ ਦਿਲ ਨਾਲ ਪੜ੍ਹਨ ਵਾਲੀ ਕਿਤਾਬ ਹੈ, ਇਹ ਕਿਤਾਬ ਸਮਝਣੀ ਨਹੀਂ, ਅਨੁਭਵ ਵਿਚ ਉਤਾਰਨੀ ਹੈ... ਲੱਖਾਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿਤਾਬ ਲਿਖਣ ਦੀ, ਅਕੱਥ ਨੂੰ ਕਹਿਣ ਦੀ, ਪਰ ਕੋਈ ਨਹੀਂ ਆਖ ਸਕਿਆ। ਮੈਂ ਸਿਰਫ਼ ਇਹੋ ਕਿਤਾਬ ਜਾਣਦਾ ਹੈ, ਜਿਹੜੀ ਕਿਤੋਂ ਉੱਕਦੀ ਨਹੀਂ-ਇਹ ਮੀਰਦਾਦ ਦੀ ਕਿਤਾਬ। ਇਹ ਜੇ ਤੁਹਾਨੂੰ ਛੋਹਦੀ ਨਹੀਂ, ਤਾਂ ਉਕਾਈ ਇਹਦੇ ਵਿਚ ਨਹੀਂ, ਤੁਹਾਡੇ ਵਿਚ ਹੋਵੇਗੀ...
ਮੈਂ ਉਦੋਂ ਪੜ੍ਹਦਾ ਸਾਂ, ਯੂਨੀਵਰਸਿਟੀ ਵਿਚ... ਤੇ ਹਰ ਐਤਵਾਰ ਮੈਂ ਸ਼ਹਿਰ ਦੇ ਉਸ ਬਾਜ਼ਾਰ ਵਿਚ ਜਾਂਦਾ ਸਾਂ, ਜਿੱਥੇ ਚੋਰੀ ਕੀਤੀਆਂ ਚੀਜ਼ਾਂ ਵਿਕਦੀਆਂ ਸਨ। ਮੇਰਾ ਧਿਆਨ ਕਿਸੇ ਹੋਰ ਚੀਜ਼ ਵੱਲ ਨਹੀਂ ਸੀ ਹੁੰਦਾ, ਸਿਰਫ਼ ਕਿਤਾਬਾਂ ਵੱਲ। ਉੱਥੋਂ ਮੈਂ ਇਹ ਕਿਤਾਬ ਲੱਭੀ ਸੀ, ਮੀਰਦਾਦ ਦੀ ਕਿਤਾਬ। ਇਕ ਦੁਕਾਨ ਵਾਲਾ ਖੌਰੇ ਕੀਹਦੀ ਲਾਇਬ੍ਰੇਰੀ ਚੁਰਾ ਲਿਆਇਆ ਸੀ, ਸਾਰੀਆਂ ਹੀ ਕਿਤਾਬਾਂ ਚੰਗੀਆਂ ਸਨ। ਉਹ ਕੋਈ ਤਿੰਨ ਸੌ ਕਿਤਾਬਾਂ ਹੋਣਗੀਆਂ ਤੇ ਵੇਚਣ ਵਾਲਾ ਉਹਨਾਂ ਸਾਰੀਆਂ ਤਿੰਨ ਸੌ ਕਿਤਾਬਾਂ ਬਦਲੇ ਇਕ ਸੌ ਰੁਪਿਆ ਮੰਗ ਰਿਹਾ ਸੀ। ਮੈਂ ਉਹਨੂੰ ਸੌ ਰੁਪਿਆ ਦੇ ਦਿੱਤਾ।
ਉਹ ਵੇਚਣ ਵਾਲਾ ਕਹਿਣ ਲੱਗਾ- "ਇਹ ਸਾਰੀਆਂ ਹੀ ਚੋਰੀ ਦੀਆਂ ਨੇ, ਤੇ ਜੇ ਹੁਣੇ ਪੁਲਿਸ ਆ ਗਈ ਤਾਂ ਮੈਂ ਤੇਰਾ ਨਾਂਅ ਲੈ ਦਿਆਂਗਾ, ਕਿਉਂਕਿ ਇਹ ਤਾਂ ਹਰ ਕੋਈ ਪਛਾਣ ਸਕਦਾ ਏ ਕਿ ਇਹ ਕਿਤਾਬਾਂ ਕੀਹਦੀਆਂ ਨੇ। ਇਹ ਇਕ ਰਿਟਾਇਰਡ ਪ੍ਰੋਫੈਸਰ ਦੀਆਂ ਨੇ।" ਮੈਂ ਕਿਹਾ- "ਫ਼ਿਕਰ ਨਾ ਕਰ।"
ਤੇ ਪੁਲਿਸ ਸੱਚੀਮੁੱਚੀ ਆ ਗਈ। ਪੁੱਛਣ ਲੱਗੀ ਮੈਨੂੰ "ਤੈਨੂੰ ਜ਼ਰੂਰ ਵੇਚਣ ਵਾਲੇ ਨੇ ਦੱਸਿਆ ਹੋਵੇਗਾ ਕਿ ਇਹ ਕਿਤਾਬਾਂ ਚੋਰੀ ਦੀਆਂ ਨੇ, ਤੂੰ ਫੇਰ ਵੀ ਖ਼ਰੀਦ ਲਈਆਂ!"
ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਤੁਸੀਂ ਮੈਨੂੰ ਉਹਦੇ ਕੋਲ ਲੈ ਚੱਲੋ, ਜਿਹਦੀਆਂ ਇਹ ਕਿਤਾਬਾਂ ਨੇ।" ਪੁਲਿਸ ਪੁੱਛਣ ਲੱਗੀ, "ਉਹ ਕਾਹਦੇ ਲਈ?" ਮੈਂ ਕਿਹਾ- "ਉਹਦੇ ਨਾਲ ਮੈਂ ਸੌਖੀ ਤਰ੍ਹਾਂ ਗੱਲ ਨਿਬੇੜ ਲਵਾਂਗਾ, ਉਹ ਇਕ ਬਜ਼ੁਰਗ ਪ੍ਰੋਫੈਸਰ ਏ।"
ਪੁਲਿਸ ਵਾਲੇ ਮੈਨੂੰ ਉਹਦੇ ਘਰ ਲੈ ਗਏ। ਮੈਂ ਬੂਹਾ ਭੀੜ ਲਿਆ ਤੇ ਪ੍ਰੋਫੈਸਰ ਨੂੰ ਕਿਹਾ- "ਤੁਸੀਂ ਸਾਰੀਆਂ ਪੜ੍ਹ ਚੁੱਕੇ ਹੋ, ਮੁੜ ਕੇ ਤੁਹਾਡੇ ਕੋਲੋਂ ਪੜ੍ਹੀਆਂ ਨਹੀਂ ਜਾਣੀਆਂ। ਮੈਂ ਉਹ ਠੀਕ ਬੰਦਾ ਹਾਂ, ਜੋ ਤੁਹਾਨੂੰ ਲੱਭ ਪਿਆ ਏ, ਤੁਹਾਡੀਆਂ ਕਿਤਾਬਾਂ ਪੜ੍ਹਨ ਵਾਲਾ।" ਉਸਨੇ ਮੇਰੇ ਵੱਲ ਤੱਕਿਆ ਤੇ ਕਹਿਣ ਲੱਗਾ - "ਤੂੰ ਅਜੀਬ ਏਂ! ਤੂੰ ਚੋਰੀ ਦੀਆਂ ਕਿਤਾਬਾਂ ਖ਼ਰੀਦੀਆਂ ਨੇ ਤੇ ਤੂੰ ਮੈਨੂੰ ਤੂੰ ਮੈਨੂੰ ਹੀ ਇਹ ਕਹਿਣ ਆ ਗਿਆ ਏ ਕਿ ਤੂੰ ਹੀ ਸਹੀ ਬੰਦਾ ਏਂ, ਇਹਨਾਂ ਨੂੰ ਇਹਨਾਂ ਨੂੰ ਪੜ੍ਹਨ ਵਾਲਾ..."
ਮੈਂ ਕਿਹਾ - "ਹਾਂ ਮੈਂ ਹੱਕੀ ਗੱਲ ਕੀਤੀ ਏ। ਤੁਸੀਂ ਇਹਨਾਂ ਨੂੰ ਹੰਢਾ ਚੁੱਕੇ ਹੋ, ਤੁਹਾਡੀਆਂ ਅੱਖਾਂ ਹੁਣ ਏਨੀਆਂ ਕਮਜ਼ੋਰ ਪੈ ਗਈਆਂ ਨੇ ਕਿ ਤੁਸੀਂ ਮੁੜ ਕੇ ਨਹੀਂ ਇਹਨਾਂ ਨੂੰ ਪੜ੍ਹ ਸਕਦੇ। ਐਵੇਂ ਅਲਮਾਰੀ ਵਿਚ ਸਜਾਈਆਂ ਨੇ। ਮੈਂ ਤੁਹਾਨੂੰ ਪੰਜ ਸੌ ਕਿਤਾਬਾਂ ਲਿਆ ਦੇਨਾਂ ਵਾਂ, ਛੇ ਸੌ ਲਿਆ ਦੇਨਾਂ ਵਾਂ, ਅਲਮਾਰੀ ਵਿਚ ਸਜਾਣ ਲਈ ਪਰ ਉਹਨਾਂ ਦੇ ਬਦਲੇ ਇਹ ਤਿੰਨ ਸੌ ਮੈਨੂੰ ਦੇ ਦਿਓ। ਤਿੰਨ ਸੌ ਨਹੀਂ ਦੇਣੀਆਂ ਤਾਂ ਇਕ ਦੇ ਦਿਓ - ਮੀਰਦਾਦ ਦੀ ਕਿਤਾਬ। ਮੈਨੂੰ ਇਹ ਪਰਵਾਹ ਨਹੀਂ ਕਿ ਇਹ ਚੋਰੀ ਦੀ ਏ ਜਾਂ ਨਹੀਂ..."
ਉਹ ਬਜ਼ੁਰਗ ਮੇਰੇ ਵੱਲ ਤੱਕਣ ਲੱਗ ਪਿਆ, ਫੇਰ ਪੁੱਛਣ ਲੱਗਾ-"ਤੈਨੂੰ ਇਹ ਕਿਤਾਬ ਪਸੰਦ ਏ?" ਮੈਂ ਕਿਹਾ - "ਸਿਰਫ਼ ਪਸੰਦ ਨਹੀਂ, ਮੈਂ ਹਜ਼ਾਰਾਂ ਕਿਤਾਬਾਂ ਪੜ੍ਹ ਚੁੱਕਾ ਹਾਂ, ਪਰ ਇਹਦੇ ਨਾਲ ਦੀ ਕੋਈ ਨਹੀਂ।"
ਉਹਨੇ ਮੈਨੂੰ ਪੰਜਾਹ ਰੁਪਏ ਦਿੱਤੇ, ਆਖਿਆ- "ਤੂੰ ਅਜੇ ਪੜ੍ਹਦਾ ਏਂ, ਤੇਰੇ ਕੋਲ ਬਹੁਤੇ ਪੈਸੇ ਨਹੀਂ ਹੋਣੇ, ਤੂੰ ਸਾਰੀਆਂ ਕਿਤਾਬਾਂ ਰੱਖ ਲੈ। ਮੈਂ ਤੇਰੇ ਨਾਲ ਸਹਿਮਤ ਹਾਂ ਕਿ ਇਹ ਕਿਤਾਬਾਂ ਸਹੀ ਬੰਦੇ ਤਕ ਪਹੁੰਚ ਗਈਆਂ ਨੇ। ਜੀਹਨੇ ਚੋਰੀ ਕੀਤੀਆਂ, ਉਹਨੂੰ ਵੀ ਕੁਝ ਦੇਣਾ ਬਣਦਾ ਏ ਕਿ ਉਹਨੇ ਠੀਕ ਬੰਦੇ ਤਕ ਅਪੜਾ ਦਿੱਤੀਆਂ, ਨਹੀਂ ਤਾਂ ਮੇਰੇ ਬਾਅਦ ਇਹ ਖੌਰੇ ਕੀਹਦੇ ਹੱਥ ਪੈਣੀਆਂ ਸਨ..."
"ਮੈਂ ਸਾਰੀ ਜ਼ਿੰਦਗੀ ਚੰਗੀਆਂ ਕਿਤਾਬਾਂ ਇਕੱਠੀਆਂ ਕਰਦਾ ਰਿਹਾ ਹਾਂ, ਤੂੰ ਜਿਸ ਵੇਲੇ ਮੀਰਦਾਦ ਦੀ ਕਿਤਾਬ ਦਾ ਨਾਂਅ ਲਿਆ, ਸਾਰਾ ਸੌਦਾ ਪੱਕਾ ਹੋ ਗਿਆ। ਇਹ ਪੰਜਾਹ ਰੁਪਏ ਲੈ ਜਾ, ਫੇਰ ਵੀ ਜੇ ਕਦੇ ਤੈਨੂੰ ਲੋੜ ਪਵੇ ਤਾਂ ਹੋਰ ਲੈ ਜਾਈਂ। ਮੈਂ ਇਕੱਲਾ ਹਾਂ, ਕੋਈ ਬੀਵੀ-ਬੱਚਾ ਨਹੀਂ ਤੇ ਮੇਰੇ ਗੁਜ਼ਾਰੇ ਲਈ ਪੈਨਸ਼ਨ ਬਥੇਰੀ ਏ। ਹੋਰ ਮੇਰੇ ਕੋਈ ਖ਼ਰਚੇ ਨਹੀਂ। ਤੂੰ ਫੇਰ ਵੀ ਜਦੋਂ ਕਦੇ ਕਿਤਾਬਾਂ ਖ਼ਰੀਦਣੀਆਂ ਹੋਣ, ਤਾਂ ਮੇਰੇ ਕੋਲੋਂ ਪੈਸੇ ਲੈ ਜਾਈਂ।"
ਉਹ ਫੇਰ ਕੁਝ ਸਾਹ ਲੈ ਕੇ ਬੋਲਿਆ- "ਤੈਨੂੰ ਇਹ ਕਿਤਾਬ, ਮੀਰਦਾਦ ਪਸੰਦ ਏ, ਏਸ ਲਈ ਤੂੰ ਮੇਰੇ ਟੱਬਰ ਦਾ ਜੀਅ ਹੋ ਗਿਆ। ਮੈਂ ਬੜਿਆਂ ਦੋਸਤਾਂ ਨੂੰ ਅਜਮਾਇਆ ਸੀ ਪਰ ਮੀਰਦਾਦ ਉਹਨਾਂ ਦੇ ਪੱਲੇ ਨਹੀਂ ਪਿਆ। ਮੈਂ ਖੌਰੇ । ਮੈਂ ਖੋਰੇ ਤੈਨੂੰ ਹੀ ਲੱਭਦਾ ਪਿਆ ਸਾਂ... ਤੇ ਕਿੱਡੀ ਅਜੀਬ ਗੱਲ ਏ ਕਿ ਮੀਰਦਾਦ ਨੇ ਆਪੇ ਹੀ ਤੈਨੂੰ ਲੱਭ ਲਿਆ..."
ਇੰਜ ਮੈਂ ਮੀਰਦਾਦ ਦੀ ਕਿਤਾਬ ਲੱਭੀ ਸੀ। ਤੁਹਾਨੂੰ ਲੱਭ ਜਾਏ ਤਾਂ ਭਗਵਤ ਗੀਤਾ ਵਾਂਗ ਨਾ ਪੜ੍ਹਨਾ, ਬਾਈਬਲ ਵਾਂਗ ਨਾ ਪੜ੍ਹਨਾ, ਇਹਨੂੰ ਵਧੀਆ ਸ਼ਾਇਦੀ ਵਾਂਗ ਪੜ੍ਹਨਾ! ਇਹ ਧਿਆਨ ਸਮਾਧੀ ਵਿਚੋਂ ਉੱਠਿਆ ਇਕ ਪੈਗਾਮ ਏ। ਇਹ ਹਰਫ਼ਾਂ ਦੇ ਕੋਡ-ਹਰਫ਼ ਨੇ। ਇਹਨਾਂ ਦਾ ਅਰਥ ਤੁਹਾਡੇ ਅੰਦਰੋਂ ਗੂੰਜੇਗਾ...