ਚਟਣੀ
ਚਟਣੀ ਵੀ ਪੰਜਾਬੀ ਸਦੀਆਂ ਤੋਂ ਹੀ ਖਾਂਦੇ ਆ ਰਹੇ ਹਨ। 1980 ਤੋਂ ਪਹਿਲਾਂ ਹਰ ਘਰ ਚ ਸਵੇਰੇ ਚਟਣੀ ਰਗੜੀ ਜਾਂਦੀ ਸੀ। ਭਾਵੇਂ ਖਾਣਾ ਔਰਤਾਂ ਹੀ ਪਕਾਉਂਦੀਆਂ ਸੀ ਪਰ ਚਟਣੀ ਮਰਦ ਹੀ ਰਗੜਦੇ ਸੀ। ਇਹ ਹਰ ਰੁੱਤ ਚ ਅਲੱਗ ਤਰ੍ਹਾਂ ਦੀ ਹੁੰਦੀ ਸੀ।
ਚਟਣੀਆਂ ਚ ਲਾਲ ਮਿਰਚ ਦੀ ਚਟਣੀ ਅਤੇ ਗੰਢੇ ਦੀ ਚਟਣੀ ਸਭ ਤੋਂ ਵੱਧ ਪ੍ਰਚੱਲਿਤ ਸੀ। ਉਂਜ ਗੰਢੇ ਲਸਣ ਦੀਆਂ ਭੂਕਾਂ, ਹਰੀ ਮਿਰਚ, ਚਿੱਭੜ, ਟਮਾਟਰ, ਨਿੰਬੂ, ਪੂਤਨਾ, ਮਰੂਆ, ਛੋਲੀਆ, ਕਚਨਾਰ ਦੇ ਫੁੱਲਾਂ, ਛੋਲਿਆਂ ਦੀਆਂ ਕਰੂੰਬਲਾਂ, ਕੱਚੀ ਅੰਬੀ, ਹਰੇ ਔਲੇ ਆਦਿ ਦੀਆਂ ਅਨੇਕਾਂ ਹੀ ਚਟਣੀਆਂ ਸੀ।
ਹਰ ਚਟਣੀ ਚ ਹਮੇਸ਼ਾ ਡਲੇ ਦਾ ਨਮਕ ਜਾਂ ਪਾਕਿਸਤਾਨੀ ਲੂਣ ਹੀ ਹੁੰਦਾ ਸੀ ਤੇ ਮਿਰਚ ਵੀ ਦੇਸੀ ਤੇ ਘਰਦੀ ਹੁੰਦੀ ਸੀ। ਚਟਣੀ ਹਮੇਸ਼ਾ ਕੂੰਡੇ ਚ ਕੁੱਟੀ ਜਾਂਦੀ ਸੀ ਤੇ ਨਿੰਮ ਦੇ ਘੋਟਣੇ ਨਾਲ ਰਗੜੀ ਜਾਂਦੀ ਸੀ। ਇਹ ਚਟਣੀ ਵਾਲਾ ਕੂੰਡਾ ਚੁੱਲ੍ਹੇ ਦੇ ਨੇੜੇ ਹੀ ਥਾਲ ਨਾਲ ਢਕਕੇ ਪਿਆ ਰਹਿੰਦਾ ਸੀ। ਇਹ ਸਭ ਚਟਣੀਆਂ ਖਾਣੇ ਦਾ ਸੁਆਦ ਵਧਾਉਣ, ਭੁੱਖ ਵਧਾਉਣ ਅਤੇ ਖਾਣਾ ਚੰਗੀ ਤਰ੍ਹਾਂ ਹਜ਼ਮ ਕਰਨ ਦੇ ਨਾਲ ਨਾਲ ਦਵਾਈ ਵਾਂਗ ਵੀ ਕੰਮ ਕਰਦੀਆਂ ਸੀ। ਹਰ ਚਟਣੀ ਦਾ ਅਲੱਗ ਫਾਇਦਾ ਸੀ।
ਲਾਲ ਮਿਰਚ ਦੀ ਚਟਣੀ ਸਰੀਰ ਦਰਦ, ਜੋੜ ਦਰਦ ਆਦਿ ਤੋਂ ਲਾਭਦਾਇਕ ਸੀ। ਹਰੀ ਮਿਰਚ ਦੀ ਚਟਣੀ ਭੁੱਖ ਵਧਾਉਣ ਵਾਲੀ ਸੀ। ਗੰਢੇ ਦੀ ਚਟਣੀ ਗਲਾ ਖਰਾਬੀ, ਜ਼ੁਕਾਮ, ਰੇਸ਼ਾ ਤੋਂ ਚੰਗੀ ਸੀ। ਲਸਣ ਦੀਆਂ ਭੂਕਾਂ ਦੀ ਚਟਣੀ ਕੋਲੈਸਟਰੋਲ ਤੋਂ ਚੰਗੀ ਸੀ। ਗੰਢੇ ਦੀਆਂ ਭੂਕਾਂ ਦੀ ਚਟਣੀ ਕਮਜ਼ੋਰ ਨਜ਼ਰ ਤੋਂ ਚੰਗੀ ਸੀ।