ਕੀ ਹੋ ਗਿਆ ਸਾਡੀਆਂ ਸੋਚਾਂ ਨੂੰ ,
ਸਾਡੀਆਂ ਕਲਮਾਂ ਵਾਲੀਆਂ ਨੋਕਾਂ ਨੂੰ |
ਸ਼ੌਹਰਤ ਦਾ ਚਾਨਣ ਪਾਉਣ ਲਈ ,
ਅਸੀਂ ਹਨੇਰੇ ਵੱਲ ਧੱਕਦੇ ਲੋਕਾਂ ਨੂੰ |
ਮਾਲਕ ਨੇ ਕਿਸੇ ਨੂੰ ਕਲਮ ਬਖ਼ਸ਼ੀ ਆ ਕਿਸੇ ਨੂੰ ਆਵਾਜ਼ , ਤਾਂ ਕਿ ਉਹ ਸਮਾਜ ਪ੍ਤੀ ਆਪਣੀ ਜ਼ਿੰਮੇਵਾਰੀ ਨਿਭਾ ਸਕੇ | ਪਰ ਰਾਤੋ ਰਾਤ ਸ਼ੌਹਰਤ ਪਾਉਣ ਲਈ ਬਹੁਤੇ ਕਲਮਕਾਰ ਅਤੇ ਫ਼ਨਕਾਰ ਕੀ ਪਰੋਸ ਕੇ ਦੇ ਰਹੇ ਨੇ ਸਮਾਜ ਨੂੰ????? ਜੱਟ ਫੈਰ ਕਰਦੈ,,,,, ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ ,,,,, ਕੋਈ ਇਹ ਕਿਉਂ ਨੀ ਗਾਉਂਦਾ ਕਿ ਜੱਟ ਦਾ ਡਾਕਟਰ ਬਣਨ ਨੂੰ ਜੀ ਕਰਦਾ , ਜੱਟ ਦਾ ਅਧਿਆਪਕ ਬਣਨ ਨੂੰ ਜੀਅ ਕਰਦਾ , ਗੱਲ ਵੈਲੀ ਤੇ ਆ ਕੇ ਕਿਉਂ ਖੜ੍ਹ ਜਾਂਦੀ ਆ ,,,,,? ਅਠਾਰਵਾਂ ਸਾਲ ਬਦਨਾਮ ਹੋਣ ਲਈ ਨੀ ਹੁੰਦਾ ,,,,,, ਅਠਾਰਵਾਂ ਸਾਲ ਨਾਮ ਕਮਾਉੁਣ ਲਈ ਹੁੰਦਾ ,,,,,,,
ਡੀ.ਜੇ.ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਸੀ ,
ਸ਼ੌਰ ਜਿਹੇ ਨਾਲ ਮੇਰੀ ਨੀਂਦ ਟੁੱਟ ਗਈ ਸੀ |
ਗੀਤ ਸੁਣ ਦਿਮਾਗ ਸੱਚੀਂ ਜਾਮ ਹੋ ਗਿਆ ,
ਕਹਿੰਦਾ ਅਠਾਰਵੇਂ ਚ ਮੁੰਡਾ ਬਦਨਾਮ ਹੋ ਗਿਆ |
ਪੰਜੇ ਉਂਗਲਾਂ ਤਾਂ ਇੱਕੋ ਸਾਰ ਨਹੀਂ ਹੁੰਦੀਆਂ ,
ਬਦਨਾਮੀਆਂ ਭਾਈ ਓਏ ਪਿਆਰ ਨਹੀਂਓ ਹੁੰਦੀਆਂ |
ਬਾਪੂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨਾ ਸੀ ,
ਅਠਾਰਵੇਂ ਚ ਦੱਸਦਾਂ ਭਾਈ ਕਿਹੜਾ ਕੰਮ ਕਰਨਾ ਸੀ |
ਬਾਹਰਵੀਂ ਦੀ ਪੂਰੀ ਕਰਨੀ ਸੀ ਪੜ੍ਹਾਈ ਜੀ ,
ਫੌਜ ਵਿੱਚ ਭਰਤੀ ਲਈ ਕਰਨਾ ਸੀ ਟਰਾਈ ਜੀ |
'ਮਾਰਸ਼ਲ ਅਰਜੁਨ ਸਿੰਘ' ਵਾਂਗ ਨਾਮਣਾ ਸੀ ਖੱਟਣਾ ,
ਬਾਪੂ ਦੇ ਮੋਢਿਆਂ ਤੋਂ ਬੋਝ ਸੀ ਓਏ ਘੱਟਣਾ |
ਅਠਾਰਵੇਂ ਚ ਤਾਂ ਟਰੈਕਟਰ ਦੇ ਸਟੇਰਿੰਗ ਫੜ੍ਹ ਲੈਣੇ ਸੀ,
ਕਿੱਲਾ ਛਡਵਾ ਲੈਂਦਾ ਜਿਹੜਾ ਪਿਆ ਗਹਿਣੇ ਸੀ |
ਪਿੰਡ ਦੇ ਨਾਮ ਵਾਲੀ ਜਾਂਦੀ ਝੰਡੀ ਗੱਡੀ ਜੀ ,
'ਹਰਜੀਤ ਬਾਜੇਖਾਨੇ' ਵਾਂਗ ਜੇ ਖੇਡਦਾ ਕਬੱਡੀ ਜੀ |
ਰੋਇੰਗ ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛੱਲ ਜੀ,
'ਸਵਰਨ' ਵਾਂਗ ਅਰਜਨ ਐਵਾਰਡ ਵਾਲੀ ਮੱਲ ਜੀ |
ਅਠਾਰਵੇਂ ਚ ਤਾਂ ਯਾਦਗਾਰੀ ਰੋਲ ਨਿਭਾਉਂਣਾ ਸੀ,
'ਔਲਖ ਸਾਬ' ਦੇ ਨਾਟਕਾਂ ਦਾ ਪਾਤਰ ਬਣ ਜਾਣਾ ਸੀ |
ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ ,
ਕੁਝ ਤਾਂ ਆਪਣਾ ਯੋਗਦਾਨ ਦੇਣਾ ਸੀ ਸਮਾਜ ਨੂੰ |
ਦੱਸੋ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਜੀ ,
ਜੇ ਅਠਾਰਵੇਂ 'ਭਗਤ ਸਿੰਘ' ਵੀ ਹੋ ਜਾਂਦਾ ਬਦਨਾਮ ਜੀ |
ਖਾਸ ਕੰਮ ਕਰਨ ਵਾਲੇ ਆਮ ਨਹੀਂਓ ਹੁੰਦੇ ਜੀ ,
ਸਿਆਣੇ ਧੀ-ਪੁੱਤ ਕਦੇ ਬਦਨਾਮ ਨਹੀਂਓ ਹੁੰਦੇ ਜੀ |
ਇੰਨੀ ਕੁ ਗੱਲ ਕਹਿੰਦਾ 'ਚਾਹਲ' ਜਾਂਦਾ-ਜਾਦਾਂ ਜੀ ,
ਅਠਾਰਵੇਂ ਦਾ ਕਮਾਇਆ ਬੰਦਾ ਸਾਰੀ ਉਮਰ ਖਾਂਦਾ ਜੀ|
ਜਸਵਿੰਦਰ ਚਾਹਲ
9876915035
No comments:
Post a Comment