ਮਾਨਸਾ ਜਿਲ੍ਹੇ ਦੇ ਪਿੰਡ ਦਾਤੇਵਾਸ ਵਿਖੇ ਤਕਰੀਬਨ 48 ਸਾਲ ਪਹਿਲਾ ਸੇਵਾ ਮੁਕਤ ਸੂਬੇਦਾਰ ਮੇਜਰ ਜਗਰੂਪ ਸਿੰਘ ਤੇ ਸ੍ਰੀਮਤੀ ਸ਼ਮਸ਼ੇਰ ਕੌਰ ਦੇ ਘਰ ਜਨਮੇ ਅਮਨਦੀਪ ਸਿੰਘ ਨੂੰ ਬਚਪਨ ਤੋਂ ਹੀ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ। ਜਿਸ ਸਦਕਾ ਉਹ ਜਵਾਨੀ 'ਚ ਪੈਰ ਰੱਖਣ ਤੱਕ ਹਰ ਮੁੱਦੇ 'ਤੇ ਤਰਕਮਈ ਤਰੀਕੇ ਨਾਲ ਸੰਵਾਦ ਰਚਾਉਣ ਦੇ ਸਮਰੱਥ ਹੋ ਗਿਆ। ਇਸ ਦੇ ਨਾਲ ਹੀ ਉਸ ਦੇ ਹਾਜ਼ਰ ਜੁਆਬੀ ਤੇ ਹਾਸਰਸ ਵਾਲੇ ਅੰਦਾਜ਼ ਨੂੰ ਹਰ ਥਾਂ ਹਰਮਨਪਿਆਰਤਾ ਬਖਸ਼ੀ। ਭਾਵੇਂ ਉਹ ਬੁਢਲਾਡਾ ਸ਼ਹਿਰ ਹੋਵੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਜਾਂ ਦੇਸ਼ ਦੇ ਹੋਰਨਾਂ ਸ਼ਹਿਰਾਂ ਦੀਆਂ ਵਿਦਿਅਕ ਸੰਸਥਾਵਾਂ ਹੋਣ, ਅਮਨ ਦੇ ਚਾਹੁਣ ਵਾਲਿਆਂ ਦਾ ਘੇਰਾ ਵਿਸ਼ਾਲ ਹੁੰਦਾ ਗਿਆ। ਚੁਗਲੀ-ਨਿੰਦਿਆਂ ਤੋਂ ਦੂਰ ਅਤੇ ਕਦੇ ਵੀ ਕਿਸੇ ਨਾਲ ਨਰਾਜ਼ ਨਾ ਰਹਿਣ ਵਾਲੇ ਅਮਨ ਦੀ ਹਰ ਕਿਸੇ ਨੂੰ ਉਡੀਕ ਰਹਿੰਦੀ ਸੀ। ਪੰਜਾਬੀ ਯੂਨੀਵਰਸਿਟੀ ਤੋਂ ਬੀ.ਏ. ਆਨਰਜ਼ ਕਰਨ ਦੌਰਾਨ ਹੀ ਉਸ ਨੇ ਆਪਣੀ ਇਕਲੌਤੀ ਕਾਵਿ ਪੁਸਤਕ 'ਜੁਗਨੂੰਆਂ ਦੇ ਅੰਗ-ਸੰਗ' ਲਿਖੀ ਅਤੇ ਛਪਵਾਈ। ਜਿਸ ਨੂੰ ਸਾਹਿਤ ਪ੍ਰੇਮੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਫਿਰ ਉਸ ਦਾ ਰੁਝਾਨ ਪੱਤਰਕਾਰਤਾ ਵੱਲ ਹੋ ਗਿਆ ਅਤੇ ਉਹ ਇਸ ਖੇਤਰ 'ਚ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਜਾ ਪੁੱਜਿਆ। ਇਸੇ ਦੌਰਾਨ ਅਮਨ ਦਾ ਵਿਆਹ ਪ੍ਰੀਤੀ ਕੌਰ ਨਾਲ ਹੋਇਆ ਜੋ ਖੁਦ ਬਹੁਤ ਹੀ ਹੁਸ਼ਿਆਰ ਤੇ ਸੁਚਾਰੂ ਲੜਕੀ ਸੀ। ਇਸ ਕਰਕੇ ਅਮਨ ਨੂੰ ਘਰੇਲੂ ਜ਼ਿੰਦਗੀ 'ਚ ਵੀ ਵਧੀਆ ਸਾਥ ਮਿਲਿਆ। ਸਾਰਾ ਪਰਿਵਾਰ ਅਮਰੀਕਾ 'ਚ ਹੋਣ ਕਰਕੇ, ਅਮਨ ਨੂੰ ਵਾਰ-ਵਾਰ ਭੈਣ-ਭਰਾਵਾਂ ਵੱਲੋਂ ਅਮਰੀਕਾ ਆਉਣ ਲਈ ਕਿਹਾ ਗਿਆ ਪਰ ਉਹ 45 ਸਾਲ ਹੱਸਦਾ-ਹਸਾਉਂਦਾ ਆਪਣੀ ਜਨਮ ਭੋਇੰ 'ਤੇ ਬਤੀਤ ਕਰਨ ਤੋਂ ਬਾਅਦ ਤਿੰਨ ਸਾਲ ਪਹਿਲਾ ਹੀ ਪਰਿਵਾਰ ਸਮੇਤ ਅਮਰੀਕਾ ਦਾ ਵਾਸੀ ਬਣਿਆ। ਜਿੱਥੇ ਉਸ ਨੇ ਫਰਿਜ਼ਨੋ (ਕੈਲੇਫੋਰਨੀਆ) ਨੂੰ ਆਪਣੀ ਕਰਮਭੂਮੀ ਬਣਾਇਆ। ਉਸ ਦੇ 19 ਸਾਲਾ ਬੇਟੇ ਰੂਬਲ ਬੋਲਾ ਨੇ ਹਾਲ ਹੀ ਵਿੱਚ ਨਾਗਪੁਰ ਤੋਂ ਇੰਜੀਨੀਅਰਿੰਗ ਦੀ ਡਿਗਰੀ ਪਾਸ ਕੀਤੀ ਹੈ ਅਤੇ ਉਸ ਨੇ ਅਮਰੀਕਾ 'ਚ ਆਪਣੀ ਪੇਸ਼ੇਵਰ ਜ਼ਿੰਦਗੀ ਸ਼ੁਰੂ ਕਰਨੀ ਹੈ। ਰੂਬਲ ਦੇ ਦਿਲ ਵਿੱਚ ਇੱਕ ਗੱਲ ਦਾ ਹਮੇਸ਼ਾ ਸ਼ਿਕਵਾ ਰਹੇਗਾ ਕਿ ਉਹ ਆਪਣੇ ਪਿਤਾ ਅਮਨਦੀਪ ਬੋਲਾ ਦੀਆਂ ਅੱਖਾਂ ਸਾਹਮਣੇ ਕਮਾਊ ਪੁੱਤ ਨਹੀਂ ਬਣ ਸਕਿਆ। ਅਮਨ ਦੇ ਮਾਤਾ ਸ਼ਮਸ਼ੇਰ ਕੌਰ ਕੁਝ ਵਰ੍ਹੇ ਪਹਿਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਪਿਤਾ ਸ. ਜਗਰੂਪ ਸਿੰਘ ਸੈਨਾ ਦੀ ਸੇਵਾ ਤੋਂ ਬਾਅਦ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਬਤੌਰ ਸੁਪਰਡੈਂਟ ਸੇਵਾਮੁਕਤ ਹੋਣ ਉਪਰੰਤ ਅਮਰੀਕਾ 'ਚ ਹੀ ਆਪਣੇ ਵੱਡੇ ਪੁੱਤਰ ਸੁਖਵਿੰਦਰ ਸਿੰਘ ਕੋਲ ਹਨ। ਵੱਡੀ ਭੈਣ ਦਰਸ਼ਨ ਕੌਰ ਸੰਗਰੂਰ ਵਿਖੇ ਆਪਣੇ ਬੇਟਿਆਂ ਨਾਲ ਵਧੀਆ ਜੀਵਨ ਬਸਰ ਕਰ ਰਹੀ ਹੈ। ਉਨ੍ਹਾਂ ਤੋਂ ਛੋਟੀਆਂ ਭੈਣਾਂ ਸਵਰਨਜੀਤ ਕੌਰ ਅਤੇ ਪਰਮਜੀਤ ਕੌਰ ਵੀ ਅਮਰੀਕਾ 'ਚ ਹੀ ਆਪਣੇ ਪਰਿਵਾਰਾਂ ਨਾਲ ਵਧੀਆ ਜੀਵਨ ਨਿਰਬਾਹ ਕਰ ਰਹੀਆਂ ਹਨ। ਇਸ ਤਰ੍ਹਾਂ ਹਸਦੇ-ਵਸਦੇ ਭੈਣ ਭਰਾਵਾਂ ਤੇ ਦੋਸਤਾਂ ਦੇ ਕਲਾਵੇ 'ਚੋਂ ਅਮਨਦੀਪ ਬੋਲਾ ਦਾ ਝਕਾਨੀ ਦੇ ਕੇ ਨਿਕਲਣਾ, ਸਭ ਲਈ ਸਦੀਵੀਂ ਜਖਮ ਬਣ ਗਿਆ ਹੈ। ਅਮਨਦੀਪ ਬੋਲਾ ਦਾ ਅੰਤਿਮ ਸੰਸਕਾਰ ਤੇ ਅਰਦਾਸ 28 ਜੂਨ 2020 ਦਿਨ ਐਤਵਾਰ ਨੂੰ ਫਰਿਜ਼ਨੋ ਵਿਖੇ ਭਾਰਤੀ ਸਮੇਂ ਅਨੁਸਾਰ ਰਾਤ 11 ਤੋਂ 1 ਵਜੇ ਤੱਕ ਹੋਵੇਗੀ। ਆਓ ਸਭ ਰਲ ਕੇ ਆਪਣੇ ਰੰਗਲੇ ਸੱਜਣ ਦੀਆਂ ਯਾਦਾਂ ਨੂੰ ਹਮੇਸ਼ਾਂ ਤਾਜ਼ਾ ਰੱਖਣ ਦੇ ਅਹਿਦ ਨਾਲ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰੀਏ।
-ਡਾ. ਸੁਖਦਰਸ਼ਨ ਸਿੰਘ ਚਹਿਲ ਪਟਿਆਲਾ 9779590575
No comments:
Post a Comment