Sunday, August 21, 2022

ਬੱਸ ਡਰਾਈਵਰ ਲਿਖਤ- ਕੁਲਦੀਪ ਰਾਮ

ਅੱਜ ਉਸ ਦਾ ਆਖਰੀ ਦਿਨ ਸੀ ਪੂਰੇ ਤੀਹ ਪੈਤੀ ਸਾਲ ਪੂਰੇ ਕਰਨ ਤੋ‌ ਬਾਦ ਉਹ ਅੱਜ ਸੇਵਾ ਮੁੱਕਤ ਹੋ ਰਿਹਾ ਸੀ। ਅੱਜ ਜਿੱਥੇ ਉਸਦਾ ਪਰਿਵਾਰ ਉਸਦੇ ਦੋਸਤ ਸਾਕ ਸਬੰਧੀ ਖੁਸ ਸਨ ਉਥੇ ਉਸ ਦੀਆ ਅੱਖਾ ਵਿੱਚ ਥੋੜੇ ਬਹੁਤ ਹੰਝੂ ਨਜਰ ਆ ਰਹੇ ਸਨ‌।
ਵੈਸੇ ਤਾ ਉਸ ਡਰਾਇਵਰੀ ਕਰਨ ਦਾ ਸੌਕ ਪਹਿਲਾ ਤੋ‌ ਹੀ ਫਿਰ ਕਿਸਮਤ ਨੇ ਕਰਵਟ ਬਦਲੀ ਟਰੈਕਟਰ ਤੋ ਟਰੱਕ ਤੇ ਆ ਗਿਆ ਤੇ ਫਿਰ ਟਰੱਕ ਤੋ ਬੱਸ ਤੇ ਪਹੁੰਚ ਗਿਆ। ਸਰਕਾਰੀ ਬੱਸ ਤੇ ਪੱਕਾ ਹੋਇਆ ਕੰਮ ਦੇ ਹਿਸਾਬ ਪਹਿਲਾ ਤਾ ਤਨਖਾਹ ਥੋੜੀ ਲੱਗੀ ਪਰ ਸਮੇ ਨਾਲ-੨ ਸਭ ਠੀਕ ਹੁੰਦਾ ਗਿਆ।
ਕਿਸੇ ਨੇ ਕੁਝ ਸਿਖਾਇਆ ਨਹੀ ਬਸ ਕਿਸਮਤ ਵਿਚ ਲਿਖਿਆ ਸੀ ਜੋ ਏਥੇ ਲੈ ਆਈ ਸੀ। ਆਪਣੇ ਜਾ ਸੋਡੇ ਮੁਤਾਬਿਕ ਇਹ ਕੋਈ ਵੱਡੀ ਨੌਕਰੀ ਤਾ ਨਹੀ ਸੀ ਪਰ ਉਸ ਦੇ ਅਨੁਸਾਰ ਇਹ ਕਾਫੀ ਵੱਡੀ ਨੌਕਰੀ ਸੀ।
ਸਵੇਰੇ ਹੀ ਚਾਰ ਫੁਲਕੇ ਬਣਵਾ ਕੇ ਬਸ ਸਟੈਂਡ ਵੱਲ ਨਿਕਲ ਜਾਦਾ ਤੇ ਦੇਰ ਰਾਤ ਘਰ ਆਉਦਾ ਸੁਰੂ‌ ਦੇ ਕੁਝ ਮਹੀਨੇ ਤਾ ਬੜੇ ਔਖੇ ਰਹੇ ਪਰ ਹੌਲੀ ਆਪਣੇ ਕੰਮ ਨਾਲ ਏਹੋ ਜਿਹਾ ਲਗਾਅ ਹੋਇਆ ਕੀ ਤੀਹ ਪੈਤੀ ਸਾਲ ਕਦ ਗੁਜਰ ਗਏ ਪਤਾ ਹੀ ਨਹੀਂ ਚੱਲਿਆ।।
ਆਪਣੇ ਇਲਾਕੇ ਤੋ ਬਾਹਰ ਉਹ ਕਈ ਲੰਮੇ ਸਫਰਾ ਤੇ ਜਾ ਚੁੱਕਿਆ ਸੀ। ਪੂਰੀ ਬਸ ਦੀ ਸਫਾਈ ਉਹ ਖੁਦ ਹੱਥੀ ਕਰਦਾ ਸੀ ਇਸ ਕੰਮ ਦੇ ਲਈ ਉਸ ਨੇ ਕਦੇ ਕੋਈ ਬੰਦਾ ਜਾ ਲੜਕਾ ਨਹੀਂ ਰੱਖਿਆ ਸੀ। ਨਰਮ ਤੇ ਬੜੀ ਨਿਵੀ ਮੱਤ ਦਾ ਮਾਲਿਕ ਆਖਿਰ ਅੱਜ ਸੇਵਾ ਮੁੱਕਤ ਹੋ ਰਿਹਾ ਸੀ।
ਬੱਸ ਸਟੈਂਡ ਵਿੱਚ ਹੀ ਉਸ ਨੂੰ ਆਖਰੀ ਵਿਧਾਈ ਦੇਣ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਟੈਟ ਲਗਾਇਆ ਤੇ ਉਸ ਦਿਨ ਉਸ ਨੇ ਆਪਣੀ‌ ਬੱਸ ਨੂੰ ਵੀ ਕਿਸੇ ਦੁਲਹਨ ਵਾਂਗ ਸਜਾਇਆ ਸੀ।
ਹਿੰਮਤ‌ ਜਿਹੀ ਕਰ ਉਹ ਬਸ ਦੇ ਅੱਗੇ ਗੋਡੇ ਭਾਰ ਹੋ ਗਿਆ ਤੇ ਅੱਖਾ ਭਰ ਦੋਵੇ ਹੱਥ ਜੋੜ ਏਦਾ ਬੈਠ ਗਿਆ ਜਿਵੇ ਉਸ ਦਾ ਧੰਨਵਾਦ ਕਰ ਰਿਹਾ ਸੀ ਕਿਉਕਿ ਉਸ ਦੀ ਬਦੌਲਤ ਹੀ ਉਸ ਨੂੰ ਸਮਾਜ ਵਿੱਚ ਇਕ ਸਨਮਾਨ ਭਰਿਆ ਜੀਵਨ ਮਿਲਿਆ ਸੀ।
ਜਿਸ ਨਾਲ ਜਿੰਦਗੀ ਦੇ ਕਈ ਵਰੇ ਨਾਲ ਬਿਤਾਏ ਹੋਣ ਅਚਾਨਕ ਉਸ ਤੋ ਹਮੇਸਾ ਲਈ ਦੂਰ ਹੋਣਾ ਬੜਾ ਦੁਖਦਾਈ ਹੁੰਦਾ ਹੈ। ਉਸ ਨੂੰ ਏਦਾ ਬੱਚਿਆ ਵਾਗ ਰੋਦੇ ਹੋਏ ਦੇਖ ਹਰ ਕਿਸੇ ਦੀਆ ਅੱਖਾ ਨਮ ਹੋ ਗਈਆ ਸਨ।
ਜਿੰਦਗੀ ਵਿੱਚ ਹਰ ਉਸ ਚੀਜ ਦੇ ਸੁਕਰਗੁਜਾਰ ਰਹੋ ਜਿਸ ਨੇ ਤੁਹਾਨੂੰ ਸਮਾਜ ਵਿੱਚ ਇੱਜਤਦਾਰੀ ਵਾਲਾ ਜੀਵਨ ਦਿੱਤਾ ਹੈ। ਹਰ ਇਕ ਦੀ ਜਿੰਦਗੀ ਵਿੱਚ ਕੋਈ ਨਾ ਕੋਈ ਇਨਸਾਨ ਜਾ ਕੋਈ ਅਜੀਹੀ ਚੀਜ ਹੁੰਦੀ ਹੈ ਜਿਸ ਤੋ ਦੂਰ ਹੋਣਾ ਉਸ ਨੂੰ ਬੜਾ ਮੁਸਕਿਲ ਲੱਗਦਾ ਹੈ।
ਫਿਰ ਚਾਹੇ ਉਹ ਇਕ ਬੱਸ ਹੀ ਕਿਉ ਨਾ ਹੋਵੇ। ਕਿਸੇ ਨਾਲ ਜਿੰਦਗੀ ਦੇ ਕਈ ਹਸੀਨ ਪਲ ਬਿਤਾਉਣ ਤੋ ਬਾਦ ਫਿਰ ਇਕ ਰੋਜ ਉਸ ਤੋ ਦੂਰ ਹੋਣਾ ਸਚਮੁੱਚ ਹੀ ਬੜਾ ਮੁਸਕਿਲ ਕੰਮ ਹੋ ਜਾਦਾ ਹੈ।
"ਕੁਲਦੀਪ ਰਾਮ✍️✍️

Sunday, August 14, 2022

ਅਖੇ! ਸਰਕਾਰਾਂ ਨੀ ਚੰਗੀਆਂ...

ਸਰਕਾਰੀ ਰਾਹ ਅਸੀਂ ਵੱਢਕੇ ਖੇਤਾਂ ‘ਚ ਰਲ਼ਾਲੇ, ਨਿਆਣੇ ਦੀ ਉਮਰ ਘੱਟ ਦੱਸਕੇ ਬੱਸ ਦੀ ਟਿਕਟ ਅਸੀਂ ਨੀ ਲੈਂਦੇ, ਦੁੱਧ ‘ਚ ਪਾਣੀ ਛੱਡ ਯੂਰੀਆ ਅਸੀਂ ਪਾਉਣ ਲੱਗਗੇ, ਅੱਗਾਂ ਲਾ ਲਾ ਕੇ ਪੰਛੀ ਪਰਿੰਦਿਆਂ ਦੀਆਂ ਨਸਲਾਂ ਅਸੀਂ ਸਾੜਤੀਆਂ, ਮੁੰਡਾ ਮੰਗਣ ਵੇਲ਼ੇ ਸਾਡੀ ਜ਼ਮੀਨ ਦਾ ਰਕਬਾ ਹੋਰ ਹੁੰਦਾ ਤੇ ਮਜ਼ਦੂਰਾਂ ਤੋਂ ਵਢਾਉਣ-ਬਜਾਉਣ ਵੇਲ਼ੇ ਹੋਰ, ਖੇਤ ਛੱਡੋ ਖੇਤ ਨੂੰ ਜਾਂਦੇ ਰਾਹ ‘ਤੇ ਦਰੱਖਤ ਅਸੀਂ ਕੋਈ ਨੀ ਛੱਡਿਆ, ਬਿਜਲੀ ਮੀਟਰਾਂ ਨੂੰ ਕੁੰਡੀਆਂ ਅਸੀਂ ਲਾਈਆਂ, ਝੂਠ ਬੋਲ-ਬੋਲ ਕੇ ਬੁਢਾਪਾ ਪੈਨਸ਼ਨਾਂ ਅਸੀਂ ਲਵਾਈਆਂ, ਝੂਠ ਬੋਲਕੇ ਕਰਜ਼ੇ ਮਾਫ਼ ਅਸੀਂ ਕਰਵਾਏ, ਘਟੀਆ ਕਿਸਮ ਦੀ ਦੋ ਬੋਤਲਾਂ ਦਾਰੂ ਪਿੱਛੇ ਵੋਟਾਂ ਅਸੀਂ ਪਾਈਆਂ, ਪਿੰਡ ਵਿੱਚ ਖੁੱਲ੍ਹੇ ਸਰਕਾਰੀ ਜਿੰਮਾਂ ਦਾ ਸਮਾਨ ਚੱਕਕੇ ਅਸੀਂ ਆਪੋ-ਆਪਣੇ ਘਰੇ ਲੈਗੇ, ਸਪਰੇਆਂ ਨਾਲ਼ ਧਰਤੀ ਦੀ ਕੁੱਖ ਤੇ ਅੱਗਾਂ ਨਾਲ਼ ਕੁਦਰਤ ਦਾ ਵਿਹੜਾ ਅਸੀਂ ਜ਼ਹਿਰੀਲਾ ਕੀਤਾ, ਚਾਦਰਾਂ ਤੋਂ ਬਾਹਰ ਪੈਰ ਪਸਾਰਦੇ ਕਰਜਾਈ ਅਸੀਂ ਹੋਏ, ਭਰੂਣ ਹੱਤਿਆ ‘ਚ ਮੋਹਰੀ ਅਸੀਂ ਰਹੇ, ਹੈਲਮਟ ਅਸੀਂ ਨੀ ਪਾਉਂਣਾ ,ਸੀਟ ਬੈਲਟ ਅਸੀਂ ਨੀ ਲਾਉਣੀ, ਸੁੰਨੇ ਰਾਹਾਂ ‘ਚ ਲੱਗੇ ਨਲ਼ਕਿਆਂ ਦੀਆਂ ਡੰਡੀਆਂ ਤੱਕ ਲਾਹੁਣ ਆਲ਼ੇ ਅਣਖੀ ਬੰਦੇ ਅਸੀਂ, ਇੱਕ ਕਰਮ ਜਗਾ ਪਿੱਛੇ ਸਕੇ ਭਰਾ ਦਾ ਕਤਲ ਕਰਨ ਆਲ਼ੇ ਅਸੀਂ, ਜਮੀਨ ਪਿੱਛੇ ਮਾਂ-ਪਿਓ ਨੂੰ ਘਰੋਂ ਬਾਹਰ ਕਰਨ ਵਾਲ਼ੇ ਅਸੀ, ਧਰਮਾਂ ਪਿੱਛੇ ਤੀਜੇ ਦਿਨੋਂ ਇੱਕ ਦੂਜੇ ਨਾਲ ਜੁੱਤੀਓ-ਜੁੱਤੀ ਹੁੰਦੇ ਅਸੀਂ, ਪਿੰਡ ਦੇ ਕੱਸੀਆਂ-ਸੂਇਆਂ ‘ਚੋਂ ਨਜਾਇਜ਼ ਪਾਇਪ ਲਾਉਣ ਆਲ਼ੇ ਅਸੀਂ, ਸੰਸਥਾਵਾਂ ਦੇ ਨਾਂ ਤੇ ਨਜਾਇਜ਼ ਕਬਜ਼ੇ ਕਰਨ ਵਾਲੇ ਅਸੀਂ, ਗੁਰਦਾਰੇ ਦੀਆਂ ਗੋਲਕਾਂ ਤੋਂ ਲੈਕੇ ਪਿੰਡ/ਸ਼ਹਿਰ ਦੇ ਹਰ ਚੌਧਰ ਆਲ਼ੇ ਕੰਮ ‘ਚ ਸਿਰ ਪਾੜਨ/ਪੜਵਾਉਣ ਆਲ਼ੇ ਅਸੀਂ, ਲੀਡਰਾਂ ਦੀਆਂ ਚਮਚਾਗੀਰੀਆਂ ‘ਚ ਬਾਲ਼ਟੀ ਚੱਕੀ ਫਿਰਦੇ ਇੱਕ ਦੂਜੇ ਤੋਂ ਮੂਹਰੇ ਅਸੀਂ।

              ਨਾਕਿਆਂ ਤੇ, ਕਚਿਹਿਰੀਆਂ ‘ਚ, ਹਸਪਤਾਲ਼ਾਂ ‘ਚ ਪੈਸੇ ਫੜਨ ਆਲ਼ੇ ਵੀ ਅਸੀਂ ਤੇ ਦੇਣ ਆਲ਼ੇ ਵੀ ਅਸੀਂ। , ਧਾਰਮਿਕ ਝਗੜਿਆਂ ‘ਚ ਬੱਸਾਂ ਫੂਕਣ ਆਲ਼ੇ ਅਸੀਂ ਤੇ ਓਹੀ ਬੱਸਾਂ ਜਿੰਨਾਂ ਤੇ ਝੂਠ ਬੋਲਕੇ, ਮਤਲਬ ਸਟੂਡੈਂਟ / ਮੁਲਾਜ਼ਮ ਕਹਿਕੇ ਕਈ ਸਾਲ ਸਫਰ ਵੀ ਅਸੀਂ ਓਈ ਕਰਦੇ ਆਂ।

George Carlin ਨੇ ਕਿਹਾ ਸੀ If you have selfish, ignorant citizens, you're going to get selfish, ignorant leaders.

ਲੀਡਰਾਂ ਨੂੰ ਕਿਹੜਾ ਏਲੀਅਨ ਛੱਡਕੇ ਗਏ ਆ। ਜਿਹੜੇ ਸਿਸਟਮ ‘ਚ ਤੁਸੀਂ ਬੈਠੇ ਓਂ ,ਓਥੋਂ ਈ ਓਹ ਉੱਠਕੇ ਗਏ ਆ। ਇੱਕ ਗੰਦਾ ਰਵਾਇਤੀ ਸਿਸਟਮ ਤੁਰਿਆ ਆਉਂਦਾ ਤੇ ਸੱਭ ਨੂੰ ਪਤਾ ਏਹ ਗਲਤ ਆ। ਹੁਣ ਇਹ ਸਿਸਟਮ ਕਿਮੇਂ ਬਦਲੂਗਾ ,,,,, ਗੱਲਾਂ ਨਾਲ਼...?

ਸਿਸਟਮ ਪਤਾ ਕਿਵੇਂ ਬਦਲਦਾ ਹੁੰਦਾ ...? ਓਹਦੇ ਲਈ ਦਿਲ ‘ਤੇ ਪੱਥਰ ਧਰਕੇ, ਜਜਬਾਤਾਂ-ਜਜਬੂਤਾਂ ਨੂੰ ਪਾਸੇ ਕਰਕੇ ਕੁਛ ਸਖ਼ਤ ਫੈਸਲੇ ਲੈਣੇ ਪੈਂਦੇ ਹੁੰਦੇ ਆ। ਸ਼ੌਟ ਟਰਮ ਲਈ ਓਹ ਫੈਸਲੇ ਭਲਾ ਕੁਹਰਾਮ ਮਚਾ ਦੇਣ ਪਰ ਲੌਂਗ ਟਰਮ ‘ਚ ਓਹਨਾਂ ਦੇ ਰਿਜ਼ਲਟ ਜ਼ਰੂਰ ਦਿਖਣਗੇ। ਪਰ ਆਪਾਂ ਤਿਆਰ ਆਂ ਛੋਟੇ ਟੈਮ ਲਈ ਕੋਈ ਤਕਲੀਫ਼ ਬਰਦਾਸ਼ਤ ਕਰਨ ਨੂੰ ...? 
ਨਾਂਹ ! ਜਮਾਂ ਈ ਨੀ ।
   
ਸਰਕਾਰ ਕੋਈ ਕੋਸ਼ਿਸ਼ ਵੀ ਕਰੇ ਤਾਂ ਭੁਚਾਲ਼ ਆ ਜਾਂਦਾ। ਲੁੱਟੇ ਗਏ ਪੱਟੇ ਗਏ ਹੋ ਜਾਂਦੀ ਆ। ਫੇਰ ਓਹੀ ਬਲੇਮ ਗੇਮ ! ਪਹਿਲਾਂ ਓਹਨੂੰ ਕਿਓਂ ਨੀ ਬੰਦ ਕੀਤਾ, ਏਹਨੂੰ ਕਿਓਂ ਨੀ ਬੰਦ ਕੀਤਾ। ਓਹ ਭਰਾਵੋ ਏਸ ‘ਸਾਬ ਨਾਲ਼ ਤਾਂ ਇੱਕ ਵੀ ਗਲਤ ਚੀਜ਼ ਬੰਦ ਨੀ ਹੋ ਸਕਦੀ। ਹਰੇਕ ਹੈ ਕਹਿਦੂ ਮੈਥੋਂ ਪਹਿਲਾਂ ਓਹਨੂੰ ਬੰਦ ਕਰੋ।

ਸਰਕਾਰ ਕੋਈ ਵੀ ਹੋਵੇ, ਦੋ ‘ਕ ਕੋਸ਼ਿਸ਼ਾਂ ਕਰ ਸਕਦੀ ਆ ਤੇ ਓਹਤੋਂ ਬਾਦ ਓਹ ਵੀ ਠੰਡੇ ਹੋ ਜਾਂਦੇ ਆ ਬਈ ਦਫ਼ਾ ਕਰੋ। ਕਿਉਂਕਿ ਹੈ ਤਾਂ ਓਹ ਵੀ ਇਨਸਾਨ ਈ ਆਂ ਤੇ ਇਨਸਾਨੀ ਸੁਭਾਅ ਬੰਦਾ ਅੱਕ ਜਾਂਦਾ ਫੇਲੀਅਰ ਤੋਂ ਬਾਦ। ਆਹ ਜਿਹੜੇ ਕੀਬੋਰਡਾਂ ਪਿੱਛੇ ਬੈਠੇ ਅੱਗ ਕੱਢਦੇ ਆ ਏਹਨਾੰ ਨੂੰ ਸਰਕਾਰ ਦੇ ਦਿਓ, ਦੋ ਕੋਸ਼ਿਸ਼ਾਂ ਬਾਦ ਏਹਨਾਂ ਦੀ ਵੀ ਜੀਭ ਬਾਹਰ ਆਜੂ।

ਡੈਮੋਕਰੇਸੀ ਦਾ ਪੰਗਾ ਵੀ ਏਹੀ ਹੁੰਦਾ। 
ਲੈ ਦੂਰ ਨਾ ਜਾਓ ! ਸਰਕਾਰ ਰਾਹ ਵੱਢਣ ਆਲ਼ਿਆਂ ਨੂੰ ਤੇ ਰਾਹਾਂ ‘ਤੇ ਖੜੇ ਦਰੱਖਤ ਮਚਾਉਣ ਆਲ਼ਿਆਂ ਨੂੰ ਲੱਖ-ਲੱਖ ਰਪੱਈਆ ਜਰਮਾਨਾ ਪਾ ਦੇਵੇ। ਹਾਏ ਗਰੀਬ ਰਗੜਤੇ, ਹਾਏ ਅਸੀਂ ਤਾਂ ਪਹਿਲਾਂ ਈ ਕਰਜਾਈ ਆਂ, ਹਾਏ ਔਹਨੂੰ ਪਹਿਲਾਂ ਕਿਓਂ ਨੀ ਫੜਿਆ ...? 
ਬੱਸ ਫੇ ! ਗਈ ਗੱਲ ਓਹੀ ਬਦਲਾਅ ਆਲ਼ੇ ਝੋਲ਼ੇ ‘ਚ ਜਿਹੜਾ ਸਾਡੇ ਮੂੰਹ ‘ਤੇ ਆ ਪਰ ਦਿਲ ‘ਚ ਕਿਤੇ ਨੀ।

ਬਦਲਾਅ ਬਦਲੂਅ ਦੀ ਕੋਈ ਉਮੀਦ ਨਾ ਰੱਖੋ ਜਿੰਨਾਂ ਚਿਰ ਤੁਸੀਂ ਨੀ ਬਦਲਦੇ। ਏਹ ਭਲੇਖੇ ਈ ਹੁੰਦੇ ਆ ਤੇ ਹੌਲ਼ੀ-ਹੌਲ਼ੀ ਸਭ ਦੇ ਨਿੱਕਲ਼ ਜਾਣਗੇ, ਥੋਡੇ ਵੀ ਤੇ ਲੀਡਰਾਂ ਦੇ ਵੀ।

✒️ ਅਗਿਆਤ - ਪੰਜਾਬ ਹਿਤੈਸ਼ੀ

Monday, August 8, 2022

ਸੋਚ


ਇੰਗਲੈਂਡ ਦੀ ਪਾਰਲੀਮੈਂਟ ਦੇ ਕੋਲ ਹੀ ਇੱਕ ਜਮੀਨਦੋਜ਼ ਰੇਲਵੇ ਸਟੇਸ਼ਨ ਤੇ ਇੱਕ ਮੁੰਡਾ ਅਕਸਰ ਹੀ ਗੱਡਿਓਂ ਉੱਤਰਦੇ ਪ੍ਰਧਾਨ ਮੰਤਰੀ ਟੋਨੀ-ਬਲੇਅਰ ਦੇ ਬੂਟ ਪੋਲਿਸ਼ ਕਰਿਆ ਕਰਦਾ ਸੀ..ਅਗਲੀ ਵਾਰੀ ਗੋਰਡਨ ਬ੍ਰਾਉਨ ਪ੍ਰਧਾਨ ਮੰਤਰੀ ਬਣ ਗਿਆ..ਤੇ ਉਸਨੇ ਪਾਲਿਸ਼ ਕਰਾਉਣੀ ਬੰਦ ਕਰ ਦਿੱਤੀ..
ਨਰਾਜ ਹੋਏ ਉਸ ਮੁੰਡੇ ਨੇ ਇੱਕ ਹੋਰ ਐੱਮ.ਪੀ ਨੂੰ ਉਲਾਹਮਾਂ ਦਿੱਤਾ ਕੇ ਗੋਰਡਨ ਬ੍ਰਾਉਨ (ਪ੍ਰਧਾਨ ਮੰਤਰੀ) ਨੂੰ ਆਖੀਂ ਕੇ ਉਹ ਮੈਥੋਂ ਪੋਲਿਸ਼ ਕਿਓਂ ਨਹੀਂ ਕਰਾਉਂਦਾ..?
ਉਸਨੇ ਹੂ-ਬਹੂ ਓਹੀ ਸੁਨੇਹਾ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ..ਗੋਰਡਨ ਅਗਿਓਂ ਹੱਸਿਆ ਤੇ ਆਖਣ ਲੱਗਾ ਕੇ ਦੋਸਤਾ ਮੈਂ ਪਿਛਲੇ ਚਾਲੀਆਂ ਸਾਲਾਂ ਆਪਣੇ ਬੂਟ ਖੁਦ ਆਪ ਪੋਲਿਸ਼ ਕਰ ਰਿਹਾ ਹਾਂ!
ਇੱਕ ਪਾਕਿਸਤਾਨੀ ਪੱਤਰ ਪ੍ਰੇਰਕ ਨੇ ਓਸੇ ਐਮ ਪੀ ਨੂੰ ਇੱਕ ਵੇਰ ਪੁੱਛ ਲਿਆ ਕੇ ਪਾਕਿਸਤਾਨ ਤਰੱਕੀ ਕਿੱਦਾਂ ਕਰ ਸਕਦਾ..?
ਅਗਿਓਂ ਆਖਣ ਲੱਗਾ ਕੇ ਭਾਈ ਤਰੱਕੀ ਇੱਕ ਐਸਾ ਪੰਛੀ ਏ ਜਿਹੜਾ ਕਦੀ ਵੀ ਓਹਨਾ ਮੁਲਖਾਂ ਜਾਂ ਲੋਕਾਂ ਵੱਲ ਮੂੰਹ ਨਹੀਂ ਕਰਦਾ ਜਿਹੜੇ ਆਪਣੀ ਜੁੱਤੀ ਖੁਦ ਪਾਲਿਸ਼ ਤਾਂ ਕੀ ਕਰਨੀ ਏ ਓਹਨਾ ਦੇ ਤਸਮੇਂ ਤੱਕ ਨੌਕਰਾਂ ਤੋਂ ਬਨਵ੍ਹਾਉਂਦੇ ਨੇ..!
ਇਹ ਤਾਂ ਸੀ ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ..ਆਓ ਹੁਣ ਖੁਦ ਨਾਲ ਵਾਪਰੀ ਸਾਂਝੀ ਕਰਦਾ ਹਾਂ..
ਪੰਦਰਾਂ ਵਿਚ ਪਿਤਾ ਜੀ ਪੂਰੇ ਹੋਏ ਤਾਂ ਇੱਕ ਦਿਨ ਅਮ੍ਰਿਤਸਰ ਰਣਜੀਤ ਐਵੇਨਿਊ ਵਾਲੇ ਘਰ ਦੇ ਬਾਹਰ ਓਹਨਾ ਵੱਲੋਂ ਲਾਏ ਕੁਝ ਅਮਰੂਦਾਂ ਦੇ ਬੂਟਿਆਂ ਥੱਲਿਓਂ ਸਾਫ ਸਫਾਈ ਕਰਨ ਲੱਗ ਪਿਆ..ਕੋਲੋਂ ਲੰਘਦੇ ਆਖਣ ਲੱਗੇ ਕੇ ਭਈਏ ਨੂੰ ਸੌ ਦੇ ਦੇਣੇ ਸੀ..ਵਧੀਆ ਸਫਾਈ ਕਰ ਦੇਣੀ ਸੀ..ਬਾਹਰੋਂ ਆਏ ਇੰਝ ਕੰਮ ਕਰਦੇ ਚੰਗੇ ਥੋੜੇ ਲੱਗਦੇ.."
ਅਮ੍ਰਿਤਸਰ ਹਾਲ ਬਜਾਰ ਵਿਚ ਪਾਰਕਿੰਗ ਦੀ ਵੱਡੀ ਮੁਸ਼ਕਲ ਹੈ..ਓਥੇ ਐਕਟਿਵਾ ਲੈ ਗਿਆ..ਵੈਸੇ ਵੀ ਵਧੀਆ ਲੱਗਦਾ ਚਲਾਉਣਾ..ਇੱਕ ਪੂਰਾਣਾ ਬੇਲੀ ਮਿਲ ਪਿਆ..ਕਹਿੰਦਾ ਅਮ੍ਰਿਤਸਰ ਨੌਕਰੀ ਕਰਿਆ ਕਰਦਾ ਸੈਂ ਤਾਂ ਕਾਰ ਤੇ ਹੁਣ ਕਨੇਡਾ ਤੋਂ ਆ ਕੇ ਐਕਟਿਵਾ..ਲੋਕ ਉਤਾਂਹ ਨੂੰ ਜਾਂਦੇ ਤੇ ਤੂੰ ਹੇਠਾਂ ਆ ਗਿਆ..ਕਨੇਡਾ ਟਿੰਮ-ਹੋਰਟਨ ਤੇ ਕੌਫੀ ਲਈ ਆਮ ਲੋਕਾਂ ਵਾਂਙ ਲਾਈਨ ਵਿਚ ਲੱਗਾ ਕਨੇਡੀਅਨ ਮੁਖ ਮੰਤਰੀ ਚੇਤੇ ਆ ਗਿਆ..ਫੇਰ ਤਰਸ ਆਇਆ..ਇੱਕ ਐਸੀ ਸੋਚ ਤੇ ਇੱਕ ਐਸੀ ਮਾਨਸਿਕਤਾ ਤੇ ਜਿਹੜੀ ਮਹਿੰਗੀ ਕਾਰ ਤੋਂ ਉਤਰਨ ਵਾਲੇ ਨੂੰ ਹਰੇਕ ਬੰਦੇ ਨੂੰ ਸਲਾਮ ਠੋਕਦੀ ਏ ਤੇ ਸਾਈਕਲ ਤੇ ਚੜੇ ਜਾਂਦੇ ਹਮਾਤੜ ਨੂੰ ਘਟੀਆ ਗਿਣਦੀ ਏ..ਪਦਾਰਥਵਾਦ ਨੇ ਇੱਕ ਐਸਾ ਮਾਹੌਲ ਸਿਰਜ ਦਿੱਤਾ ਹੈ ਕੇ ਆਪਣੇ ਤੋਂ ਹਰ ਛੋਟੇ ਤੇ ਸਸਤੇ ਵਹੀਕਲ ਤੇ ਤੁਰਿਆ ਜਾਂਦਾ ਬੰਦਾ ਕੀੜਾ ਮਕੌੜਾ ਲੱਗਦਾ..
ਦਿਖਾਵੇ ਦੇ ਮੱਕੜ ਜਾਲ ਵਿਚ ਬੁਰੀ ਤਰਾਂ ਉਲਝ ਗਏ ਇੱਕ ਭੈਣ ਭਰਾ ਨੇ ਵੱਡੇ ਘਰ ਦੇ ਇੱਕ ਵਿਆਹ ਤੇ ਜਾਣੋ ਸਿਰਫ ਇਸ ਲਈ ਨਾਂਹ ਕਰ ਦਿੱਤੀ ਕਿਓੰਕੇ ਓਹਨਾ ਕੋਲ ਕਾਰ ਆਮ ਬਰੈਂਡ ਦੀ ਸੀ..ਮਜਬੂਰ ਬਾਪ ਨੂੰ ਖੜੇ ਪੈਰ ਲਿੰਮੋਜੀਨ ਕਿਰਾਏ ਤੇ ਲੈ ਕੇ ਦੇਣੀ ਪਈ..
ਚਕਾ-ਚੌਂਦ ਵਾਲੀ ਐਨਕ ਲਾਈ ਦੋਹਾ ਨੂੰ ਪਿਓ ਦੇ ਨਹੁੰਆਂ ਵਿਚ ਫਸੀ ਗ੍ਰੀਸ ਵੀ ਨਾ ਦਿੱਸੀ..ਥੋੜ ਚਿੜੀ ਬੱਲੇ ਬੱਲੇ ਵਾਲਾ ਬੇਰਹਿਮ ਕੀੜਾ ਅਕਸਰ ਹੀ ਆਪਣੇ ਸ਼ਿਕਾਰ ਨੂੰ ਪਹਿਲੋਂ ਆਪਣੀ ਲੱਤ ਹੇਠਾਂ ਦੀ ਲੰਘਾਉਂਦਾ ਏ ਤੇ ਫੇਰ ਕਰਜੇ ਦੀ ਪੰਡ ਹੇਠ ਦੇ ਕੇ ਸਦਾ ਲਈ ਖਤਮ ਕਰ ਦਿੰਦਾ ਏ!
ਪੂਰਤਗਾਲ ਦੀ ਰਾਜਧਾਨੀ ਲਿਸਬਨ ਵਿਚ ਹੋਟਲ ਵਿਚ ਕੰਮ ਕਰਦੇ ਇੱਕ ਆਪਣੇ ਵੀਰ ਨੇ ਇਨਬਾਕਸ ਕਰਕੇ ਦੱਸਿਆ ਕੇ ਪੰਜਾਹ ਬੰਦਿਆਂ ਦਾ ਗਰੁੱਪ ਆਮ ਲੋਕਾਂ ਵਾਂਙ ਆਇਆ..ਰੋਟੀ ਖਾਂਦੀ ਤੇ ਬਿੱਲ ਦੇ ਕੇ ਚਲਾ ਗਿਆ..ਮਗਰੋਂ ਪਤਾ ਲੱਗਾ ਕੇ ਸਾਰੇ ਹੀ ਮੈਂਬਰ ਪਾਰਲੀਮੇਂਟ ਅਤੇ ਮੰਤਰੀ ਸਨ..!
ਵਿੰਨੀਪੈਗ ਇੱਕ ਟੈਕਸੀ ਵਾਲਾ ਵੀਰ..ਇੱਕ ਗੋਰੇ ਨੂੰ ਕਿੰਨੇ ਦਿਨ ਸ਼ਹਿਰ ਘੁਮਾਉਂਦਾ ਰਿਹਾ..ਮੁੜ ਏਅਰਪੋਰਟ ਤੇ ਛੱਡਿਆ ਤੇ ਆਪਣਾ ਕਾਰਡ ਦੇ ਕੇ ਆਖਣ ਲੱਗਾ ਕੇ ਮੈਨੂੰ ਫਲਾਣੇ ਦਿਨ ਏਨੇ ਵਜੇ ਫੇਰ ਚੁੱਕ ਲਵੀਂ..ਕਾਰਡ ਗਹੁ ਨਾਲ ਦੇਖਿਆ ਤਾਂ ਫ਼ੇਡਰਲ ਗੌਰਮੈਂਟ ਦਾ ਡਿਪਟੀ-ਫਾਇਨੈਂਸ ਮੰਤਰੀ ਸੀ!
ਦੋਸਤੋ ਜਾਂਦੇ ਜਾਂਦੇ ਇੱਕ ਕਹਾਣੀ ਹੋਰ..
ਇੱਕ ਬੀਬੀ ਏਦਾਂ ਹੀ ਹਰ ਵੇਲੇ ਕੁਝ ਨਾ ਕੁਝ ਲਿਖਦੇ ਰਹਿੰਦੇ ਇੱਕ ਲੇਖਕ ਕੋਲ ਗਈ ਤੇ ਆਖਣ ਲੱਗੀ ਪੁੱਤ ਏਨੇ ਚਿਰਾਂ ਤੋਂ ਵਰਕੇ ਕਾਲੇ ਕਰੀਂ ਜਾਂਦਾਂ ਏ..ਜਮਾਨੇ ਨੂੰ ਤੇ ਕੋਈ ਫਰਕ ਨਹੀਂ ਪਿਆ..ਬੰਦ ਕਿਓਂ ਨਹੀਂ ਕਰ ਦਿੰਨਾ ਇਹ ਕੰਮ?
ਅੱਗੋਂ ਆਖਣ ਲੱਗਾ ਬੀਜੀ ਤੂੰ ਵੀ ਤੇ ਰੋਜ ਸ਼ਾਹ ਵੇਲੇ ਉੱਠ ਗੰਦੇ ਵੇਹੜੇ ਵਿਚ ਬਹੁਕਰ ਫੇਰਦੀ ਏ..ਅਗਲੇ ਦਿਨ ਫੇਰ ਉਨਾਂ ਹੀ ਕੂੜਾ ਕਠ੍ਹਾ ਹੋਇਆ ਹੁੰਦਾ ਏ..ਫੇਰ ਹੂੰਝਦੀ ਏ ਤੇ ਫੇਰ ਗੰਦ ਪੈ ਜਾਂਦਾ..ਜਿੱਦਣ ਤੂੰ ਹੂੰਝਣਾ ਬੰਦ ਕਰ ਦੇਵੇਂਗੀ ਮੈਂ ਵੀ ਆਪਣੀ ਕਲਮ ਨੂੰ ਦਵਾਤ ਵਿਚ ਡੋਬਣ ਤੋਂ ਤੋਬਾ ਕਰ ਲੂਂ"
ਫੋਟੋ ਵਿਚਲਾ ਬਜ਼ੁਰਗ ਚੁਰੱਨਵੇਂ ਵਰ੍ਹਿਆਂ ਦਾ ਸਾਬਕ ਅਮਰੀਕੀ ਰਾਸ਼ਟਰਪਤੀ ਜਿੰਮੀ-ਕਾਰਟਰ ਏ ਜਿਹੜਾ ਇਸ ਉਮਰੇ ਬੇਘਰਿਆਂ ਨੂੰ ਮੁਫ਼ਤ ਘਰ ਬਣਾ ਕੇ ਦਿੰਦਾ ਏ!
_✍️Harpreet Singh Jawanda

Thursday, May 26, 2022

ਓਸ਼ੋ

ਯੁਨਾਨ ਵਿੱਚ ਇੱਕ ਕਹਾਣੀ ਹੈ। ਇੱਕ ਬਹੁਤ ਹੀ ਸੁੰਦਰ ਨੌਜਵਾਨ ਹੋਇਆ, ਨਾਰਸੀਸਸ। ਉਹ ਇੰਨਾ ਸੋਹਣਾ ਸੀ ਕਿ ਉਸਨੂੰ ਆਪਣੇ ਆਪ ਨਾਲ ਪਿਆਰ ਹੋ ਗਿਆ। ਕਿਤੇ ਉਸਨੇ ਆਪਣਾ ਪਰਛਾਵਾਂ ਦੇਖ ਲਿਆ ਇੱਕ ਸਰੋਵਰ 'ਚ। ਉਦੋਂ ਦਰਪਣ ਨਹੀਂ ਹੁੰਦੇ ਹੋਣਗੇ। ਯਕੀਨਨ ਉਹ ਨੌਜਵਾਨ ਬਹੁਤ ਸੋਹਣਾ ਰਿਹਾ ਹੋਵੇਗਾ। ਬਹੁਤ ਸਾਰੀਆਂ ਮੁਟਿਆਰਾਂ ਨੇ ਆਪਣੇ ਹੁਸਨ ਦੇ ਤੀਰ ਉਸ ਵੱਲ ਸੁੱਟੇ, ਪਰ ਉਹ ਕਾਮਯਾਬ ਨਾ ਹੋ ਸਕੀਆਂ। ਕਿਉਂਕਿ ਜਿਹੜੀ ਝਲਕ ਉਸਨੇ ਦੇਖ ਲਈ ਸੀ, ਅਜਿਹਾ ਸੋਹਣਾਪਣ ਫਿਰ ਉਸਨੇ ਕਿਤੇ ਨਾ ਤੱਕਿਆ।
ਉਹ ਭਟਕਦਾ ਰਿਹਾ,ਉਹ ਲੱਭਦਾ ਰਿਹਾ ਉਸ ਸ਼ਕਲ ਨੂੰ, ਉਸ ਵਿਅਕਤੀ ਨੂੰ, ਜੋ ਉਸਨੇ ਦੇਖ ਲਿਆ ਸੀ ਸਰੋਵਰ ਦੇ ਅੰਦਰ ਲੁਕਿਆ ਹੋਇਆ। ਉਹ ਘੰਟਿਆਂ ਤੱਕ, ਦਿਨਾਂ ਤੱਕ, ਅਤੇ ਮਹੀਨਿਆਂ ਤੱਕ ਸਰੋਵਰ ਦੇ ਕੰਢੇ ਬੈਠਾ ਰਹਿੰਦਾ ਅਤੇ ਦੇਖਦਾ ਰਹਿੰਦਾ ਨੀਝ ਲਗਾ ਕੇ। ਪਾਣੀ ਵਿੱਚ ਛਾਲ ਮਾਰਦਾ, ਪ੍ਰਤੀਬਿੰਬ ਗੁਆਚ ਜਾਂਦਾ; ਡੁਬਕੀ ਮਾਰਦਾ, ਲੱਭਦਾ, ਪਰ ਕੁਝ ਨਾ ਲੱਭਦਾ। ਕੁਝ ਵੀ ਹੱਥ ਨਾ ਆਉਂਦਾ। ਉਥੇ ਕੁਝ ਸੀ ਹੀ ਨਹੀਂ, ਉੱਥੇ ਤਾਂ ਸਿਰਫ ਪ੍ਰਤੀਬਿੰਬ ਸੀ, ਸਿਰਫ ਪਰਛਾਵਾਂ ਸੀ। ਉਹ ਛਾਲ ਮਾਰਦਿਆਂ ਹੀ ਗੁੰਮ ਹੋ ਜਾਂਦਾ। ਕਹਿੰਦੇ ਹਨ ਕਿ ਨਾਰਸੀਸਸ ਪਾਗਲ ਹੋ ਗਿਆ। ਸਰੋਵਰ ਦਾ ਦਰਪਣ ਤੱਕਣਾ, ਪ੍ਰਤੀਬਿੰਬ ਨੂੰ ਨੀਝ ਲਾ ਕੇ ਦੇਖਣਾ, ਫੜਨ ਲਈ ਡੁੱਬਕੀਆਂ ਲਾਉਣਾ, ਲੱਭਣਾ; ਤੇ ਖਾਣਾ-ਪੀਣਾ ਤਾਂ ਉਹ ਭੁੱਲ ਹੀ ਗਿਆ। ਉਸਦੀ ਬਿਰਹੋਂ ਵਿਲੱਖਣ ਸੀ। ਉਹ ਜੰਗਲ-ਜੰਗਲ ਉਹ ਚਿਹਰਾ ਲੱਭਦਾ ਰਿਹਾ। ਪਹਾੜ ਉਸ ਦੀ ਵੈਰਾਗਮਈ ਆਵਾਜ਼ ਨਾਲ ਗੂੰਜਣ ਲੱਗੇ।
ਜੋ ਨਾਰਸੀਸਸ ਦੀ ਕਹਾਣੀ ਹੈ, ਕਿਤੇ ਉਹੀ ਤੁਹਾਡੀ ਕਹਾਣੀ ਤੇ ਨਹੀਂ । ਮੈਂ ਕਹਿੰਦਾ ਹਾਂ ਕਿ ਇਹ ਤੁਹਾਡੀ ਹੀ ਕਹਾਣੀ ਹੈ। ਜੋ ਤੁਸੀਂ ਲੱਭ ਰਹੇ ਹੋ, ਉਹ ਤੁਹਾਡੇ ਅੰਦਰ ਛੁਪਿਆ ਹੈ। ਹੋ ਸਕਦਾ ਹੈ ਕਿਸੇ ਦੀਆਂ ਅੱਖਾਂ ਦੇ ਝੀਲ ਸਰੋਵਰ ਵਿੱਚ ਤੁਹਾਨੂੰ ਦਿਖਾਈ ਪਿਆ ਹੋਵੇ ਆਪਣਾ ਪ੍ਰਤੀਬਿੰਬ। ਹੋ ਸਕਦਾ ਹੈ ਕਿ ਕਿਸੇ ਦੇ ਚਿਹਰੇ 'ਤੇ ਤੁਹਾਡਾ ਪ੍ਰਤੀਬਿੰਬ ਦਿਖਾਈ ਪਿਆ ਹੋਵੇ। ਹੋ ਸਕਦਾ ਹੈ ਕਿ ਕਦੇ ਸੰਗੀਤ ਦੀ ਧੁਨ ਵਿਚੋਂ ਝਲਕ ਪੈ ਗਈ ਹੋਵੇ। ਕਿਸੇ ਸਵੇਰ ਸੂਰਜ ਦੇ ਚੜ੍ਹਦੇ ਪਲਾਂ ਵਿੱਚ, ਅਕਾਸ਼ ਦੇ ਮੌਨ ਵਿੱਚ, ਪੰਛੀਆਂ ਦੇ ਚਹਿਕਣ ਵਿੱਚ, ਖਿੜੇ ਹੋਏ ਗੁਲਾਬ ਦੇ ਫੁੱਲ ਵਿੱਚ, ਤੁਹਾਨੂੰ ਦਰਪਣ ਮਿਲ ਗਿਆ ਹੋਵੇ। ਪਰ ਜੋ ਕੁਝ ਤੁਸੀਂ ਦੇਖਿਆ ਹੈ, ਜੋ ਤੁਸੀਂ ਸੁਣਿਆ ਹੈ, ਜੋ ਤੁਸੀਂ ਪਾਇਆ ਹੈ ਬਾਹਰ ਕਿਤੇ ਵੀ, ਸਭ ਖੋਜੀਆਂ ਦੀ ਖੋਜ ਇਕ ਹੈ ਕਿ ਉਹ ਤੁਹਾਡੇ ਅੰਦਰ ਛੁਪਿਆ ਹੋਇਆ ਹੈ।

Sunday, April 24, 2022

(ਅਸਲ ਵਾਪਰਿਆ ਬਿਰਤਾਂਤ) ਹਰਪ੍ਰੀਤ ਸਿੰਘ ਜਵੰਦਾ

ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ..
ਘਰੇ ਮੈਂ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕਦੀ ਕੁਝ ਨਾ ਆਖਦੀ ਪਰ ਕਿਸੇ ਵਿਆਹ ਸ਼ਾਦੀ ਅਤੇ ਮੰਗਣੇ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..!
ਕਦੀ ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ..
ਫੇਰ ਆਖਿਆ ਕਰਦੀ ਆਪਣੀ ਚੁੰਨੀ ਸਹੀ ਕਰ..ਕਦੀ ਆਖਦੀ "ਜੇ ਅੱਜ ਫਲਾਣੇ ਸੂਟ ਨਾਲ ਫਲਾਣੀ ਚੁੰਨੀ ਲਈ ਹੁੰਦੀ ਤਾਂ ਬੜੀ ਵਧੀਆ ਲੱਗਣੀ ਸੀ..
ਕਦੀ ਕਿਸੇ ਵੱਲ ਇਸ਼ਾਰਾ ਕਰ ਆਖਣ ਲੱਗਦੀ "ਵੇਖ ਕਿੱਡੀ ਸੋਹਣੀ ਲੱਗਦੀ ਏ..ਸੂਟ ਤੇ ਕਢਾਈ ਵੇਖ..ਜੁੱਤੀ ਵੇਖ..ਮੂੰਹ ਤੇ ਮੇਕਅਪ ਵੇਖ..ਜੂੜਾ ਵੇਖ..ਵਗੈਰਾ ਵਗੈਰਾ!
ਮੈਨੂੰ ਗੁੱਸਾ ਚੜ ਜਾਂਦਾ ਪਰ ਉਸਦੇ ਕੋਲ ਬੈਠੀ ਰਿਸ਼ਤੇਦਾਰੀ ਵੱਲ ਵੇਖ ਅੰਦਰੋਂ ਅੰਦਰ ਪੀ ਜਾਇਆ ਕਰਦੀ..
ਫੇਰ ਵੀ ਜਾਂਦਿਆਂ ਜਾਂਦਿਆਂ ਏਨੀ ਗੱਲ ਜਰੂਰ ਆਖ ਦਿੰਦੀ ਕੇ "ਬੀਜੀ ਤੈਨੂੰ ਤੇ ਆਪਣੀ ਕੁੜੀ ਕਦੀ ਵੀ ਚੰਗੀ ਨਾ ਲੱਗੀ"
ਉਸਨੂੰ ਪਤਾ ਲੱਗ ਜਾਇਆ ਕਰਦਾ ਕੇ ਹੁਣ ਇਹ ਘਰੇ ਜਾ ਕੇ ਪੱਕਾ ਕਲੇਸ਼ ਪਾਊ..
ਫੇਰ ਟਾਂਗੇ ਤੇ ਬੈਠੀ ਨੇ ਮੈਂ ਜਾਣ ਬੁੱਝ ਕੇ ਆਪਣਾ ਧਿਆਨ ਦੂਜੇ ਪਾਸੇ ਕੀਤਾ ਹੁੰਦਾ..
ਉਹ ਬਹਾਨੇ-ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ..
ਮੈਂ ਅੱਗੋਂ ਨਜਰਅੰਦਾਜ ਕਰਦੀ ਤਾਂ ਮੇਰਾ ਸਿਰ ਆਪਣੀ ਬੁੱਕਲ ਵਿਚ ਲੈ ਕੇ ਪਲੋਸਦੀ..ਲਾਡ ਪਿਆਰ ਕਰਦੀ..ਆਖਦੀ ਮੇਰੀ ਧੀ ਦੇ ਵਾਲ ਕਿੰਨੇ ਸੋਹਣੇ..ਹੱਥ ਕਿੰਨੇ ਗੋਰੇ..ਅੱਖਾਂ ਕਿੰਨੀਆਂ ਮੋਟੀਆਂ..
ਮੈਂ ਗੁੱਸੇ ਨਾਲ ਆਖਦੀ ਓਥੇ ਤੇ ਇਸ ਧੀ ਵਿਚ ਬੜੇ ਨੁਕਸ ਵਿਖ ਰਹੇ ਸਨ..!
ਏਨੇ ਨੂੰ ਸਾਡਾ ਡੇਰਾ ਆ ਜਾਂਦਾ..
ਟਾਂਗੇ ਦੀ ਘੋੜੀ ਆਪਣੇ ਆਪ ਖਲੋ ਜਾਇਆ ਕਰਦੀ..
ਮਾਂ ਪੈਸੇ ਦੇਣ ਵਿਚ ਰੁੱਝ ਜਾਇਆ ਕਰਦੀ ਤੇ ਮੈਂ ਭਰੀ ਪੀਤੀ ਕਾਹਲੇ ਕਦਮੀਂ ਉਸਤੋਂ ਕਿੰਨੀਂ ਵਿਥ ਪਾ ਜਾਇਆ ਕਰਦੀ..!
ਉਹ ਪਿੱਛੋਂ ਟਾਹਰਾਂ ਦਿੰਦੀ ਰਹਿੰਦੀ..ਬੂੰਦੀ,ਸ਼ੱਕਰ ਪਾਰਿਆਂ ਦੇ ਵੱਡੇ ਵੱਡੇ ਝੋਲੇ ਚੁੱਕੀ ਉਸ ਕੋਲੋਂ ਤੁਰਿਆ ਨਾ ਜਾਂਦਾ..ਫੇਰ ਵੀ ਆਪਣੇ ਆਪ ਨੂੰ ਹੌਲੀ ਹੌਲੀ ਧੂੰਹਦੀ ਆਉਂਦੀ!
ਮੈਂ ਬਹਾਨੇ ਜਿਹੇ ਨਾਲ ਮਗਰ ਵੇਖਦੀ..ਕਾਲਜੇ ਨੂੰ ਸੇਕ ਲੱਗਦਾ..ਓਸੇ ਵੇਲੇ ਪਿਛਾਂਹ ਪਰਤ ਉਸਦੇ ਹੱਥੋਂ ਝੋਲੇ ਫੜ ਲਿਆ ਕਰਦੀ ਤੇ ਬਿਨਾ ਕੁਝ ਆਖਿਆ ਤੁਰ ਪੈਂਦੀ..!
ਘਰੇ ਅੱਪੜ ਉਹ ਆਪਣੇ ਲੀੜੇ ਕੱਪੜੇ ਬਦਲ ਲੈਂਦੀ ਪਰ ਮੈਂ ਓਹੋ ਵਿਆਹ ਵਾਲੇ ਗੱਲ ਪਾਈ ਰੱਖਦੀ..
ਉਹ ਮਿੱਠੀ ਜਿਹੀ ਝਿੜਕ ਮਾਰਦੀ "ਜਿਉਣ ਜੋਗੀਏ ਬਦਲ ਲੈ..ਅੱਗੋਂ ਤੇਰੇ ਭੂਆ ਦੇ ਪੁੱਤ ਦਾ ਵਿਆਹ..ਓਦੂੰ ਕੀ ਪਾਵੇਂਗੀ?
ਮੈਂ ਗੁੱਸੇ ਵਿਚ ਆਖਦੀ "ਓਹੀ ਕਿਨਾਰੀ ਵਾਲਾ ਜਿਹੜਾ ਉਸ ਕੁੜੀ ਨੇ ਪਾਇਆ ਸੀ.."
ਉਹ ਅੱਗੋਂ ਚੁੱਪ ਜਿਹੀ ਕਰ ਜਾਇਆ ਕਰਦੀ..
ਸ਼ਾਇਦ ਤੁਰ ਗਏ ਭਾਪਾ ਜੀ ਦਾ ਚੇਤਾ ਆ ਜਾਇਆ ਕਰਦਾ..!
ਉਸਨੂੰ ਕਿੰਨਾ ਚਿਰ ਚੁੱਪ ਵੇਖ ਮੈਨੂੰ ਤਰਸ ਜਿਹਾ ਆ ਜਾਂਦਾ..ਫੇਰ ਰੋਟੀ ਟੁੱਕ ਕਰਦੀ ਹੋਈ ਨੂੰ ਆਣ ਪਿੱਛੋਂ ਜੱਫੀ ਪਾ ਲਿਆ ਕਰਦੀ..
ਉਸਦੀਆਂ ਅੱਖਾਂ ਵਿਚ ਪਾਣੀ ਹੁੰਦਾ..
ਪਤਾ ਨੀ ਕੋਲ ਧੁਖਦੇ ਚੁੱਲੇ ਦੀ ਅੱਗ ਪ੍ਰੇਸ਼ਾਨ ਕਰ ਰਹੀ ਹੁੰਦੀ ਕੇ ਕੋਈ ਅੰਦਰ ਦਾ ਵਲਵਲਾ ਉਸਦੇ ਨੈਣਾ ਵਿਚੋਂ ਬਸੰਤ ਬਹਾਰ ਬਣ ਵਗ ਤੁਰਦਾ..!
ਮੈਨੂੰ ਯਾਦ ਏ ਸਾਂਝੇ ਘਰ ਵਿਚ ਭਾਪਾ ਜੀ ਜਦੋਂ ਵੀ ਕੋਈ ਸੂਟ ਲੈ ਕੇ ਆਉਂਦੇ ਤਾਂ ਕਿੰਨਾ ਕਿੰਨਾ ਚਿਰ ਸਵਾਉਂਦੀ ਨਾ..
ਸੰਦੂਖ ਅੰਦਰ ਪਏ ਦਾ ਖੁਦ ਨੂੰ ਚੇਤਾ ਭੁੱਲ ਜਾਇਆ ਕਰਦਾ ਪਰ ਹੋਰ ਪਾਰਖੂ ਅੱਖੀਆਂ ਨੂੰ ਸਾਰਾ ਕੁਝ ਪਤਾ ਹੁੰਦਾ..
ਓਹਨਾ ਨੂੰ ਇਹ ਵੀ ਪਤਾ ਸੀ ਕੇ ਮਾਂ ਕੋਲੋਂ ਚੀਜ ਕਿੱਦਾਂ ਕਢਾਉਣੀ ਏ..
ਨਿੱਕੀ ਭੂਆ ਆਖਦੀ "ਭਾਬੀ ਤੇਰੇ ਕੋਲ ਉਹ ਜਿਹੜੇ ਪਿਛਲੀ ਵਾਰੀ ਦਾ ਅਨਸੀਤਾ ਪਿਆ..ਮੈਨੂੰ ਦੇ ਦੇ..ਮੇਰੀ ਸਹੇਲੀ ਦਾ ਮੰਗਣਾ.."
ਮਾਂ ਝੱਟ ਕੱਢ ਕੇ ਦੇ ਦਿੰਦੀ..
ਮੈਨੂੰ ਨਿੱਕੀ ਜਿਹੀ ਨੂੰ ਵੱਟ ਚੜ ਜਾਂਦਾ..ਆਖਦੀ ਤੂੰ ਵੀ ਤੇ ਜਾਣਾ..ਆਪ ਕੀ ਪਾਵੇਂਗੀ..?
ਉਹ ਅੱਗੋਂ ਹੱਸ ਛੱਡਦੀ..?
ਪਰ ਭੂਆ ਮੇਰੇ ਵੱਲ ਘੂਰੀ ਵੱਟਦੀ..ਆਖਦੀ ਵੱਡੀ ਮਾਂ ਦੀ ਹੇਜਲੀ..!
ਫੇਰ ਦੱਸਦੇ ਉਸ ਦਿਨ ਵੀ ਮੂੰਹ ਤੇ ਨਿੰਮਾ-ਨਿਮਾਂ ਹਾਸਾ ਹੀ ਸੀ ਜਿਸ ਦਿਨ ਉਹ ਜਹਾਨੋ ਗਈ..!
ਅੱਜ ਸੱਤ ਸਮੁੰਦਰੋਂ ਪਾਰ ਆਪਣੇ ਬਰੋਬਰ ਹੋ ਗਈ ਧੀ ਕਿਸੇ ਗਲੋਂ ਨਰਾਜ ਹੋ ਜਾਵੇ ਤਾਂ ਲੋਹ ਤੇ ਫੁਲਕੇ ਲਾਹੁੰਦੀ ਮਾਂ ਬੜੀ ਚੇਤੇ ਆਉਂਦੀ..
ਫੇਰ ਅਤੀਤ ਦੇ ਘੋੜੇ ਸਵਾਰ ਹੋ ਕੇ ਸੋਚਣ ਲੱਗਦੀ ਹਾਂ ਕੇ ਮੇਰੀ ਵਾਰੀ ਉਹ ਮੈਨੂੰ ਕਿੱਦਾਂ ਮਨਾਉਂਦੀ ਹੁੰਦੀ ਸੀ..
ਫੇਰ ਓਹੀ ਫੋਰਮੁੱਲਾ ਇਥੇ ਲਾਉਂਦੀ ਹਾਂ ਪਰ ਇਸਦੀ ਸੈੱਲ ਫੋਨ ਤੋਂ ਨਜਰ ਹੀ ਨਹੀਂ ਹਟਦੀ..ਉਡੀਕਦੀ ਰਹਿੰਦੀ ਹਾਂ ਕਦੋਂ ਉਹ ਅੱਖੀਆਂ ਮਿਲਾਵੈ ਤੇ ਗੱਲ ਕਰਾਂ..
ਫੁਲਕੇ ਲਾਹੁੰਦੀ ਨੂੰ ਬਿੜਕ ਹੁੰਦੀ ਏ ਕੇ ਸ਼ਾਇਦ ਮਗਰੋਂ ਆ ਕੇ ਕਲਾਵੇ ਵਿਚ ਲੈ ਲਵੇ..ਪਰ ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ..!
ਜਿੰਨਾ ਮਰਜੀ ਸਮੇ ਦੀ ਹਾਣ ਬਣ ਉਸਦੀ ਸੋਚ ਦੇ ਬਰੋਬਰ ਹੋਣ ਦੀ ਕੋਸ਼ਿਸ਼ ਕਰਾਂ ਕਿਧਰੇ ਕੋਈ ਨਾ ਕੋਈ ਘਾਟ ਰਹਿ ਹੀ ਜਾਂਦੀ ਏ..
ਫੇਰ ਥੱਕ ਕੇ ਖਲੋ ਜਾਂਦੀ ਹਾਂ ਪਰ ਉਹ ਕਦੀ ਵੀ ਮੇਰੇ ਭਰੇ ਹੋਏ ਝੋਲੇ ਚੁੱਕਣ ਵਾਪਿਸ ਨਹੀਂ ਮੁੜਦੀ..!
ਫੇਰ ਜੀ ਕਰਦਾ ਵਾਪਿਸ ਪਰਤ ਆਪਣੀ ਵਾਲੀ ਨੂੰ ਕਲਾਵੇ ਵਿਚ ਲੈ ਲਵਾਂ ਪਰ ਪੁੱਲਾਂ ਹੇਠੋਂ ਇੱਕ ਵਾਰ ਲੰਘ ਗਏ ਮੁੜ ਪਰਤ ਕੇ ਕਿਧਰੇ ਆਉਂਦੇ ਨੇ..!
(ਅਸਲ ਵਾਪਰਿਆ ਬਿਰਤਾਂਤ) 
 ਹਰਪ੍ਰੀਤ ਸਿੰਘ ਜਵੰਦਾ

Sunday, January 9, 2022

ਅਮਰੀਕਾ ਦੇ ਕੇਂਦਰੀ ਬੈਂਕ ਦੀ ਵਿਆਜ ਨੀਤੀ ਤੇ ਭਾਰਤ ’ਤੇ ਇਸ ਦਾ ਅਸਰ*

*ਅਮਰੀਕਾ ਦੇ ਕੇਂਦਰੀ ਬੈਂਕ ਦੀ ਵਿਆਜ ਨੀਤੀ ਤੇ ਭਾਰਤ ’ਤੇ ਇਸ ਦਾ ਅਸਰ*
=====================================
ਦਸੰਬਰ ਦੇ ਦੂਜੇ ਹਫਤੇ ਅਮਰੀਕਾ ਦੀ ਰਿਕਾਰਡ ਮਹਿੰਗਾਈ ਦਾ ਮੁੱਦਾ ਛਾਇਆ ਰਿਹਾ। ਨਵੰਬਰ 2021 ਦੇ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਮਹਿੰਗਾਈ ਦਰ 40 ਸਾਲਾਂ ਦਾ ਰਿਕਾਰਡ ਤੋੜਕੇ 6.8% ਨੂੰ ਛੋਹ ਗਈ, ਖ਼ਾਸਕਰ ਤੇਲ ਦੀਆਂ ਕੀਮਤਾਂ 58% ਤੱਕ ਵਧ ਗਈਆਂ। ਡੇਢ ਸਾਲ ਪਹਿਲਾਂ, ਜਾਣੀ ਮਈ 2020 ਵਿੱਚ ਇਹ ਦਰ ਸਿਰਫ 0.1% ਸੀ। ਦਸੰਬਰ ਮਹੀਨੇ ਹੀ ਭਾਰਤ ਦੀ ਵਿੱਤ ਵਜ਼ਾਰਤ ਨੇ ਦਾਅਵਾ ਕੀਤਾ ਕਿ ਭਾਰਤ ਦਾ ਅਰਥਚਾਰਾ ਤੇਜੀ ਨਾਲ਼ ਮੁੜ-ਉਭਾਰ ’ਤੇ ਹੈ। ਕੀ ਇਹਨਾਂ ਦੋਹਾਂ ਖਬਰਾਂ ਵਿੱਚ ਕੋਈ ਸਬੰਧ ਹੈ? ਕੀ ਅਮਰੀਕਾ ਵਿੱਚ ਮਹਿੰਗਾਈ ਦਰ ਤੇ ਓਥੋਂ ਦੇ ਕੇਂਦਰੀ ਬੈਂਕ ਦੀ ਨੀਤੀ ਦਾ ਸੰਸਾਰ ਦੇ ਬਾਕੀ ਮੁਲਕਾਂ (ਸਣੇ ਭਾਰਤ) ’ਤੇ ਕੋਈ ਅਸਰ ਪੈਣ ਵਾਲ਼ਾ ਹੈ?

ਅਮਰੀਕਾ ਤੋਂ ਜਾਰੀ ਹੋਣ ਵਾਲ਼ੇ ਆਰਥਿਕ ਅੰਕੜਿਆਂ ਨੂੰ ਪੂਰੇ ਸੰਸਾਰ ਦੇ ਮਾਹਰ ਗਹੁ ਨਾਲ਼ ਵੇਖਦੇ ਹਨ; ਕਿਉਂਕਿ ਸੰਸਾਰ ਵਪਾਰ ਦਾ ਪੰਜਵਾਂ ਹਿੱਸਾ ਇਕੱਲੇ ਅਮਰੀਕਾ ਦਾ ਹੈ ਤੇ ਸੰਸਾਰ ਦੇ ਵੱਡੀ ਗਿਣਤੀ ਮੁਲਕ ਆਪਣੇ ਰਾਖਵੇਂ ਵਿਦੇਸ਼ੀ ਮੁਦਰਾ ਦੇ ਭੰਡਾਰ ਡਾਲਰ ਵਿੱਚ ਹੀ ਰੱਖਦੇ ਹਨ।

ਇਸ ਲਈ ਅਜਿਹੇ ਸਮੇਂ ਅਮਰੀਕਾ ਵਿੱਚ ਮਹਿੰਗਾਈ ਦਰ ਦਾ ਵਧਣਾ ਜਦ ਉਸ ਦਾ ਅਰਥਚਾਰਾ ਅਜੇ ਵੀ ਪਿਛਲੇ ਸਾਲ ਦੇ ਲੌਕਡਾਊਨ ਤੋਂ ਨਾ ਉੱਭਰਿਆ ਹੋਵੇ – ਪਿਛਲੇ ਸਾਲ 2.1 ਕਰੋੜ ਲੋਕਾਂ ਦੀ ਨੌਕਰੀ ਛੁੱਟ ਗਈ ਸੀ ਜਿਹਨਾਂ ਵਿੱਚੋਂ ਬਹੁਤੇ ਅਜੇ ਵੀ ਬੇਰੁਜ਼ਗਾਰ ਹਨ – ਸਰਮਾਏਦਾਰੀ ਦੇ ਮਾਹਿਰਾਂ ਲਈ ਫਿਕਰਮੰਦੀ ਵਾਲ਼ਾ ਹੈ।

ਪਿਛਲੇ ਸਾਲ ਲੌਕਡਾਊਨ ਕਾਰਨ ਲੋਕਾਂ ਦੀ ਤਨਖਾਹ (ਤੇ ਖਰੀਦਦਾਰੀ) ਇੱਕਦਮ ਡਿੱਗ ਪਈ ਜਿਸ ਮਗਰੋਂ ਸਰਮਾਏਦਾਰਾਂ ਨੇ ਆਪਣਾ ਮਾਲ ਵੇਚਣ ਲਈ ਕੀਮਤਾਂ ਹੇਠਾਂ ਸੁੱਟੀਆਂ ਤਾਂ ਜੋ ਲੋਕ ਉਸ ਨੂੰ ਖਰੀਦਣ। ਪਰ ਡਿੱਗਦੀਆਂ ਕੀਮਤਾਂ ਦੇ ਮੱਦੇਨਜ਼ਰ ਆਮ ਕਰਕੇ ਲੋਕ ਆਪਣੀ ਖਰੀਦਦਾਰੀ ਨੂੰ ਸੀਮਤ ਕਰਕੇ ਰੱਖਦੇ ਹਨ, ਇਸ ਆਸ ਵਿੱਚ ਕਿ ਅਜੇ ਕੀਮਤਾਂ ਹੋਰ ਹੇਠਾਂ ਆਉਣਗੀਆਂ। ਅਜਿਹੇ ਵਿੱਚ ਅਪਸਫੀਤੀ (ਕੀਮਤਾਂ ਦਾ ਬਿਲਕੁਲ ਪਿਚਕ ਜਾਣਾ) ਦੇ ਦੌਰ ਤੋਂ ਬਚਣ ਲਈ ਅਮਰੀਕਾ ਤੇ ਸੰਸਾਰ ਦੇ ਹੋਰਨਾਂ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਬਿਲਕੁਲ ਹੇਠਾਂ ਸੁੱਟ ਦਿੱਤੀਆਂ ਤਾਂ ਜੋ ਲੋਕਾਂ ਤੇ ਸਰਮਾਏਦਾਰਾਂ ਨੂੰ ਸਸਤੇ ਤੋਂ ਸਸਤੇ ਕਰਜ਼ੇ ਮੁਹੱਈਆ ਹੋ ਸਕਣ। ਅੰਕੜੇ ਮੁਤਾਬਕ ਇਸ ਨੀਤੀ ਤਹਿਤ ਸੰਸਾਰ ਦੇ ਵੱਡੇ ਕੇਂਦਰੀ ਬੈਂਕਾਂ ਨੇ ਪਿਛਲੇ ਡੇਢ ਸਾਲ ਵਿੱਚ 32 ਖਰਬ ਡਾਲਰ ਵਿੱਤੀ ਬਜ਼ਾਰਾਂ ਵਿੱਚ ਝੋਕਿਆ ਹੈ ਜਾਣੀ 80 ਕਰੋੜ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ਼ ਪਿਛਲੇ ਵੀਹ ਮਹੀਨਿਆਂ ਵਿੱਚ ਪੈਸਾ ਬਜ਼ਾਰ ਵਿੱਚ ਜਾਰੀ ਕੀਤਾ ਗਿਆ। ਸੁਭਾਵਿਕ ਹੀ ਇਸ ਦਾ ਵੱਡਾ ਹਿੱਸਾ ਉੱਪਰਲੀ ਦਸ ਕੁ ਫ਼ੀਸਦੀ ਵਸੋਂ ਕੋਲ਼ ਗਿਆ ਜਿਸ ਨੇ ਇਸ ਨੂੰ ਸ਼ੇਅਰ ਬਜ਼ਾਰਾਂ ਦੀ ਸੱਟੇਬਾਜ਼ੀ ਵਿੱਚ ਖਪਾਇਆ। ਇਸੇ ਕਰਕੇ ਸ਼ੇਅਰ ਬਜ਼ਾਰਾਂ ਦੇ ਸਰਮਾਇਆਕਰਨ (ਕੰਪਨੀਆਂ ਦੇ ਕੁੱਲ ਸ਼ੇਅਰ ਗੁਣਾ ਇੱਕ ਸ਼ੇਅਰ ਦੀ ਕੀਮਤ) ਵਿੱਚ ਮਾਰਚ 2020 ਤੋਂ ਲੈ ਕੇ ਹੁਣ ਤੱਕ 60 ਖਰਬ ਡਾਲਰ ਦਾ ਵਾਧਾ ਹੋ ਚੁੱਕਾ ਹੈ! ਅਜਿਹਾ ਗੁਬਾਰਾ ਇਤਿਹਾਸ ਵਿੱਚ ਪਹਿਲੀ ਵਾਰੀ ਦੇਖਣ ਵਿੱਚ ਆਇਆ ਹੈ ਤੇ ਉਹ ਵੀ ਉਦੋਂ ਜਦ ਅਸਲ ਅਰਥਚਾਰੇ ਵਿੱਚ ਗਿਰਾਵਟ ਦਾ ਦੌਰ ਹੈ, ਕਿਰਤੀ ਲੋਕਾਂ ਦੀ ਹਾਲਤ ਇੱਕਦਮ ਹੇਠਾਂ ਸੁੱਟ ਦਿੱਤੀ ਗਈ ਹੈ।

ਹੁਣ ਮਹਿੰਗਾਈ ਦੇ ਵਧਣ ਕਾਰਨ ਅਮਰੀਕਾ ਦੇ ਕੇਂਦਰੀ ਬੈਂਕ (ਫੈਡਰਲ ਰਿਜ਼ਰਵ) ਨੇ ਸਸਤੇ ਕਰਜ਼ੇ ਦੀ ਇਹ ਨੀਤੀ ਬਦਲਣ ਦਾ ਫੈਸਲਾ ਕੀਤਾ ਹੈ। ਪਹਿਲਾਂ ਜਿੱਥੇ ਕਿਹਾ ਗਿਆ ਸੀ ਕਿ 2024 ਤੱਕ ਅਮਰੀਕਾ ਵਿੱਚ ਵਿਆਜ ਦਰਾਂ ਵਧਾਈਆਂ ਨਹੀਂ ਜਾਣਗੀਆਂ, ਹੁਣ ਓਥੇ ਇਹ ਫੈਸਲਾ ਬਦਲਕੇ ਐਲਾਨ ਕੀਤਾ ਗਿਆ ਹੈ ਕਿ ਆਉਂਦੇ ਛੇ ਮਹੀਨਿਆਂ ਅੰਦਰ ਹੀ ਅਜਿਹਾ ਅਮਲ ਹੋ ਸਕਦਾ ਹੈ। ਪਰ ਅਮਰੀਕਾ ਵਿੱਚ ਘਟੀਆਂ ਵਿਆਜ ਦਰਾਂ ਦਾ ਇੱਕ ਸਿੱਟਾ ਇਹ ਹੋਇਆ ਕਿ ਸਸਤੇ ਕਰਜ਼ਿਆਂ ਕਾਰਨ ਇਹ ਸਾਰੀ ਮੁਦਰਾ ਭਾਰਤ ਵਰਗੇ ਮੁਲਕਾਂ ਵਿੱਚ ਝੋਕੀ ਗਈ ਜਿੱਥੇ ਵਿਆਜ ਦਰਾਂ ਮੁਕਾਬਲਤਨ ਕਾਫੀ ਜ਼ਿਆਦਾ ਸਨ। ਅਪ੍ਰੈਲ 2020 ਤੋਂ ਲੈ ਕੇ ਮਾਰਚ 2021 ਜਾਣੀ ਇੱਕ ਸਾਲ ਦੇ ਅੰਦਰ-ਅੰਦਰ ਨਿਵੇਸ਼ ਦਾ ਰਿਕਾਰਡ ਤੋੜਦਿਆਂ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰਤ ਦੇ ਸ਼ੇਅਰਾਂ ਵਿੱਚ 37 ਅਰਬ ਡਾਲਰ ਦਾ ਨਿਵੇਸ਼ ਕੀਤਾ। ਪਰ ਜਿਉਂ ਹੀ ਅਕਤੂਬਰ ਮਹੀਨੇ ਅਮਰੀਕਾ ਵਿੱਚ ਕੇਂਦਰੀ ਬੈਂਕ ਨੇ ਨੀਤੀ ਬਦਲਣ ਦੇ ਇਸ਼ਾਰੇ ਦਿੱਤੇ, ਜਾਣੀ ਭਵਿੱਖ ਵਿੱਚ ਵਿਆਜ ਦਰਾਂ ਵਧਾਉਣ ਦੇ ਸੰਕੇਤ ਦਿੱਤੇ, ਤਾਂ ਇਹ ਵਿਦੇਸ਼ੀ ਨਿਵੇਸ਼ਕਾਂ ਨੇ ਆਪਣੇ ਸ਼ੇਅਰ ਵੇਚਕੇ ਅਮਰੀਕੀ ਸ਼ੇਅਰ ਬਜ਼ਾਰਾਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ। ਇਸੇ ਲਈ ਭਾਰਤ ਦਾ ਸ਼ੇਅਰ ਬਜ਼ਾਰ ਸੈਂਸੈਕਸ ਵੀ 18 ਅਕਤੂਬਰ ਨੂੰ ਸਿਖਰਾਂ ਛੋਹਣ ਮਗਰੋਂ ਪਿਛਲੇ ਢਾਈ ਮਹੀਨਿਆਂ ਤੋਂ ਢਲਾਣ ਵੱਲ ਹੈ। ਭਾਵੇਂ ਸੈਂਸੈਕਸ ਦੀ ਹਾਲਤ ਘਰੇਲੂ ਨਿਵੇਸ਼ਕਾਂ ’ਤੇ ਵੀ ਨਿਰਭਰ ਹੈ ਪਰ ਅਮਰੀਕਾ ਦੇ ਕੇਂਦਰੀ ਬੈਂਕ ਦੀ ਵਿਆਜ ਨੀਤੀ ਨੇ ਵੀ ਇਸ ਵਿੱਚ ਅਹਿਮ ਭੂਮਿਕਾ ਅਦਾ ਕਰਨੀ ਹੈ। ਜੇ ਅਮਰੀਕਾ ਵਿੱਚ ਵਿਆਜ ਦਰਾਂ ਵਧਾਈਆਂ ਜਾਂਦੀਆਂ ਹਨ ਤਾਂ ਭਾਰਤ ਦੇ ਰਿਜ਼ਰਵ ਬੈਂਕ ਦੀ ਨੀਤੀ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਤੇ ਇਹ ਵੀ ਆਉਂਦੇ ਮਹੀਨਿਆਂ ਵਿੱਚ ਮਹਿੰਗਾਈ ਨੂੰ ਦੇਖਦਿਆਂ ਵਿਆਜ ਦਰਾਂ ਵਧਾਉਣ ਦਾ ਐਲਾਨ ਕਰ ਸਕਦਾ ਹੈ।

ਜੇ ਵਿਦੇਸ਼ੀ ਨਿਵੇਸ਼ਕ ਭਾਰਤ ਵਿੱਚੋਂ ਪੈਸਾ ਖਿੱਚਦੇ ਹਨ, ਜਿਸਦੀ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਧਣ ਮਗਰੋਂ ਪੂਰੀ ਸੰਭਾਵਨਾ ਹੈ, ਤਾਂ ਹੁਣ ਤੱਕ ਵਿਦੇਸ਼ੀ ਮੁਦਰਾ ਦੇ ਵਾਧੂ ਭੰਡਾਰਾਂ ਦੇ ਜਿਹੜੇ ਦਾਅਵੇ ਮੋਦੀ ਸਰਕਾਰ ਕਰਦੀ ਆ ਰਹੀ ਸੀ ਉਹਨਾਂ ਦੀ ਹਵਾ ਲਾਜ਼ਮੀ ਨਿੱਕਲੇਗੀ। ਵਿਦੇਸ਼ੀ ਮੁਦਰਾ ਦੇ ਭੰਡਾਰ ਰਾਹੀਂ ਭਾਰਤ ਸਰਕਾਰ ਆਪਣੇ ਭੁਗਤਾਨ-ਸੰਤੁਲਨ ਨੂੰ ਕਾਇਮ ਰੱਖਦੀ ਹੈ ਜਾਣੀ ਬਾਹਰੋਂ ਆਉਂਦੀਆਂ ਦਰਾਮਦਾਂ ਦੇ ਭੁਗਤਾਨ ਲਈ ਸਰਕਾਰ ਨੂੰ ਇਹ ਭੰਡਾਰ ਚਾਹੀਦਾ ਹੁੰਦਾ ਹੈ। ਹੁਣ ਜੇ ਨਿਵੇਸ਼ਕ ਰੁਪਈਏ ਨੂੰ ਛੱਡ ਵਾਪਸ ਭੱਜਦੇ ਹਨ ਤਾਂ ਲਾਜ਼ਮੀ ਭਾਰਤ ਦਾ ਰੁਪਈਆ ਡਿੱਗੇਗਾ ਜਿਸ ਦਾ ਸਿੱਧਾ ਅਸਰ ਦਰਾਮਦ ਕੀਤੀਆਂ ਜਿਣਸਾਂ ਦੀਆਂ ਕੀਮਤਾਂ, ਖ਼ਾਸਕਰ ਤੇਲ ਕੀਮਤਾਂ, ਦੇ ਵਾਧੇ ਵਿੱਚ ਨਿੱਕਲੇਗਾ। ਇਸ ਦਾ ਸੰਕੇਤ ਐਥੋਂ ਦੇਖਿਆ ਜਾ ਸਕਦਾ ਹੈ ਕਿ ਜਦ ਦਸੰਬਰ ਵਿੱਚ ਅਮਰੀਕਾ ਦੀ ਮਹਿੰਗਾਈ ਦਰ ਦੇ ਅੰਕੜੇ ਜਾਰੀ ਹੋਏ ਤਾਂ ਡਾਲਰ ਮੁਕਾਬਲੇ ਰੁਪਏ ਦੀ ਕੀਮਤ ਕਈ ਮਹੀਨਿਆਂ ਦੀ ਵੱਡੀ ਗਿਰਾਵਟ ਨਾਲ਼ 16 ਪੈਸੇ ਤੱਕ ਡਿੱਗ ਗਈ। ਅੱਗੇ – ਦਰਾਮਦਾਂ ਦਾ ਖਰਚਾ ਵਧਣ ਦਾ ਸਾਰਾ ਬੋਝ ਸਰਕਾਰ ਲੋਕਾਂ ’ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਰੂਪ ਵਿੱਚ ਪਾਵੇਗੀ ਜਿਹੜਾ ਅੱਗੇ ਹੋਰਾਂ ਵਸਤਾਂ ਦੀ ਕੀਮਤ ਵਧਾਵੇਗਾ। ਕਹਿਣ ਦਾ ਮਤਲਬ ਇਹ ਕਿ ਭਾਰਤ ਦੇ ਅਰਥਚਾਰੇ ਦੀ ਮੌਜੂਦਾ ਤੋਰ ਨੇ ਇਸ ਨੂੰ ਇੱਕ ਮਾਰੂ ਚੱਕਰ ਵਿੱਚ ਪਾ ਦਿੱਤਾ ਹੈ ਜਿਸ ਦਾ ਸਭ ਤੋਂ ਬੁਰਾ ਅਸਰ ਐਥੋਂ ਦੇ ਕਿਰਤੀ ਲੋਕਾਂ ’ਤੇ ਪੈ ਰਿਹਾ ਹੈ।

ਹੁਣ ਐਥੇ ਥੋੜ੍ਹੀ ਜਿਹੀ ਗੱਲ ਭਾਰਤ ਵਿੱਚ ਮਹਿੰਗਾਈ ਬਾਰੇ ਵੀ ਕਰਨੀ ਬਣਦੀ ਹੈ। ਨਵੰਬਰ ਮਹੀਨੇ ਐਥੇ ਥੋਕ ਮਹਿੰਗਾਈ ਦਰ ਤਿੰਨ ਦਹਾਕਿਆਂ ਦੇ ਰਿਕਾਰਡ ਪੱਧਰ ਨੂੰ ਛੋਹਦਿਆਂ 14.2% ਨੂੰ ਪਹੁੰਚ ਗਈ। ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਤੇਲ ਤੇ ਧਾਤਾਂ ਦੀਆਂ ਕੀਮਤਾਂ ਵਿੱਚ ਵਾਧੇ ਨੇ ਪਾਇਆ ਜਿਹਨਾਂ ਦੇ ਵਧਣ ਨਾਲ਼ ਸਨਅਤੀ ਵਸਤਾਂ ਦੀਆਂ ਕੀਮਤਾਂ ਵੀ ਵਧੀਆਂ। ਇਸ ਦੇ ਬਾਵਜੂਦ ਭਾਰਤ ਦੇ ਹਾਕਮ ਬੇਪਰਵਾਹ ਨੇ – ਸਗੋਂ ਉਹ ਖਪਤਕਾਰ ਮਹਿੰਗਾਈ ਦਰ (ਖ.ਮ.ਦ.) ਦਾ ਹਵਾਲਾ ਦਿੰਦੇ ਹਨ ਜਿਹੜੀ ਅਜੇ 4.9% ’ਤੇ ਹੀ ਹੈ। ਆਖਰ ਥੋਕ ਤੇ ਖ.ਮ.ਦ ਵਿਚਾਲੇ ਐਨਾ ਪਾੜਾ ਕਿਉਂ? ਇਸ ਦਾ ਕਾਰਨ ਇਹ ਹੈ ਕਿ ਖ.ਮ.ਦ. ਦਾ ਹਿੱਸਾ ਅਨਾਜ (ਜਿਹੜਾ ਥੋਕ ਮਹਿੰਗਾਈ ਦਰ ਵਿੱਚ ਨਹੀਂ ਗਿਣਿਆ ਜਾਂਦਾ) ਦੀਆਂ ਕੀਮਤਾਂ ਪਿਛਲੇ ਇੱਕ ਸਾਲ ਦੇ ਮੁਕਾਬਲੇ 1.9% ਦੀ ਰਫਤਾਰ ਨਾਲ਼ ਹੀ ਵਧੀਆਂ ਹਨ। ਪਰ ਇਹ ਵੀ ਛਲਾਵਾ ਮਾਤਰ ਹੀ ਹੈ। ਕਿਸੇ ਵੀ ਗਾਹਕ ਨੂੰ ਪੁੱਛ ਲਿਆ ਜਾਵੇ ਤਾਂ ਉਹ ਇਹੀ ਕਹੇਗਾ ਕਿ ਸਬਜ਼ੀਆਂ-ਫਲਾਂ ਦੀਆਂ ਕੀਮਤਾਂ ਪਿਛਲੇ ਇੱਕ ਸਾਲ ਵਿੱਚ ਬੇਹੱਦ ਵਧੀਆਂ ਹਨ। ਤਾਂ ਫਿਰ ਇਹ ਸੂਚਕ ਵਿੱਚ ਕਿਉਂ ਨਹੀਂ ਝਲਕਦੀਆਂ? ਕਿਉਂਕਿ ਇਹ ਇਸ ਤੋਂ ਪਿਛਲੇ ਸਾਲ ਬੇਹੱਦ ਤੇਜੀ ਨਾਲ਼ ਵਧੀਆਂ ਸਨ – ਅਪ੍ਰੈਲ ਤੋਂ ਨਵੰਬਰ 2020 ਦੌਰਾਨ ਇਹ 9.9% ਤੱਕ ਵਧੀਆਂ। ਇਸੇ ਲਈ ਮੂਲ ਪ੍ਰਭਾਵ ਬੇਹੱਦ ਜ਼ਿਆਦਾ ਸੀ। ਕਹਿਣ ਦਾ ਭਾਵ ਪਿਛਲੇ ਸਾਲ ਦੇ ਮੁਕਾਬਲੇ ਵੇਖਿਆਂ ਇਹ ਘੱਟ ਵਧੀਆਂ ਪਰ ਉਂਜ ਕੁੱਲ ਦੋ ਸਾਲਾਂ ਵਿੱਚ ਲਗਾਤਾਰ ਵਾਧਾ ਇਸ ਵਿੱਚ ਦੇਖਿਆ ਗਿਆ ਹੈ। ਪਰ ਹੁਣ ਦਸੰਬਰ ਮਹੀਨੇ ਵਿੱਚ ਨਵੰਬਰ ਦੇ 1.9% ਤੋਂ ਵਧਕੇ ਇਹ 3.4% ਤੇਜੀ ਨਾਲ਼ ਵਧੀਆਂ ਹਨ। ਜਾਣੀ ਆਉਂਦੇ ਮਹੀਨਿਆਂ ਵਿੱਚ ਉਪਰੋਕਤ ਮੂਲ ਪ੍ਰਭਾਵ ਵੀ ਖਤਮ ਹੋ ਰਿਹਾ ਹੈ।

ਦੂਜਾ ਇਹ ਕਿ ਪਿਛਲੇ ਇੱਕ-ਡੇਢ ਸਾਲ ਤੋਂ ਤੁਰਤ-ਪੈਰੀ ਖਪਤ ਦਾ ਸਮਾਨ ਬਣਾਉਣ ਵਾਲ਼ੀਆਂ ਕੰਪਨੀਆਂ (ਮੋਟੇ ਤੌਰ ’ਤੇ ਕਰਿਆਨੇ ਦਾ ਸਮਾਨ) ਨੇ ਕੀਮਤਾਂ ਸਥਿਰ ਰੱਖੀਆਂ ਹੋਈਆਂ ਸਨ ਪਰ ਹੁਣ ਇਹਨਾਂ ਨੇ ਵੀ ਤੇਜੀ ਨਾਲ਼ ਕੀਮਤਾਂ ਵਿੱਚ ਵਾਧਾ ਸ਼ੁਰੂ ਕਰ ਦਿੱਤਾ ਹੈ ਜਾਂ ਆਪਣੇ ਪੈਕਟਾਂ ਦੇ ਮਾਪ ਘਟਾ ਦਿੱਤੇ ਹਨ। ਤੀਜਾ, ਦੂਰਸੰਚਾਰ ਕੰਪਨੀਆਂ ਤੇ ਸੇਵਾ ਖੇਤਰ ਦੀਆਂ ਕੰਪਨੀਆਂ ਨੇ ਵੀ ਆਪਣੀਆਂ ਰੇਟ ਵਧਾਉਣੇ ਸ਼ੁਰੂ ਕਰ ਦਿੱਤੇ ਹਨ।

ਇਉਂ ਪੂਰੀ ਤਸੱਲੀ ਨਾਲ਼ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲ਼ੇ ਮਹੀਨਿਆਂ ਵਿੱਚ ਭਾਰਤ ਅੰਦਰ ਪਰਚੂਨ ਮਹਿੰਗਾਈ ਵਧੇਗੀ।

ਸਾਡੇ ਸਾਹਮਣੇ ਪੇਸ਼ ਆ ਰਿਹਾ ਇਹ ਸਮੁੱਚਾ ਘਟਨਾਕ੍ਰਮ ਅਸਲ ਵਿੱਚ ਸਰਮਾਏਦਾਰਾ ਪ੍ਰਬੰਧ ਅਧੀਨ ਸੰਸਾਰੀਕਰਨ ਦੇ ਨਤੀਜੇ ਸਾਨੂੰ ਦਿਖਾ ਰਿਹਾ ਹੈ। 1970’ਵਿਆਂ ਵਿੱਚ ਸੋਨ ਮਾਣਕ ਟੁੱਟਣ ਮਗਰੋਂ ਕੇਂਦਰੀ ਬੈਂਕਾਂ ’ਤੇ ਨਵੀਂ ਮੁਦਰਾ ਛਾਪਣ ਦੀ ਕੁੰਡੀ ਹਟ ਗਈ। ਇਹੀ ਦੌਰ ਸੰਸਾਰੀਕਰਨ ਦੀਆਂ ਨੀਤੀਆਂ ਦੀ ਸ਼ੁਰੂਆਤ ਦਾ ਦੌਰ ਵੀ ਹੈ। ਇਸੇ ਲਈ ਅਸੀਂ ਦੇਖਦੇ ਹਾਂ ਕਿ ਕੇਂਦਰੀ ਬੈਂਕਾਂ ਨੇ ਆਰਥਿਕ ਸੰਕਟਾਂ ਤੋਂ ਉੱਭਰਨ ਵਾਸਤੇ ਸਮੇਂ-ਸਮੇਂ ’ਤੇ ਵਿਆਜ ਦਰਾਂ ਘਟਾਕੇ ਨਵੀਂ ਮੁਦਰਾ ਜਾਰੀ ਕੀਤੀ ਪਰ “ਮਰਜ਼ ਬੜ੍ਹਤਾ ਗਿਆ ਜਿਓਂ-ਜਿਓਂ ਦਵਾ ਕੀ” ਵਾਂਗੂੰ ਸਰਮਾਏਦਾਰਾ ਪ੍ਰਬੰਧ ਦੀ ਇਸ ਨੀਤੀ ਨੇ ਨਵੇਂ (ਤੇ ਵੱਡੇ) ਵਿੱਤੀ ਬੁਲਬੁਲਿਆਂ ਨੂੰ ਜਨਮ ਦਿੱਤਾ ਤੇ ਨਾਲ਼ੇ ਹੁਣ ਮੁਦਰਾ ਸਫੀਤੀ (ਤੇ ਮਹਿੰਗਾਈ) ਦਾ ਬੋਝ ਵੀ ਆਮ ਲੋਕਾਂ ਸਿਰ ਲੱਦ ਦਿੱਤਾ ਹੈ।

•ਮਾਨਵ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 10, ਅੰਕ 22 – 1 ਤੋਂ 15 ਜਨਵਰੀ 2022 ਵਿੱਚ ਪ੍ਰਕਾਸ਼ਿਤ

Thursday, December 16, 2021

ਮੇਰੀ ਕੌਂਮ ਦੇ ਬਾਬੇ!

ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ?
ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲ਼ੀ ਏ..!
ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੱਡੇ ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ ਚੜਾ ਕੇ ਦੱਸਿਆ ਜਾਂਦਾ ਏ!
ਆਖਿਆ ਸੈੱਲ ਫੋਨ ਦੇ ਇਸ ਜਮਾਨੇ ਵਿਚ ਵੀ ਵੇਖ ਕਿੱਦਾਂ ਬੇਖੌਫ ਕੁੱਟ ਰਿਹਾ ਏ..ਸਾਡੇ ਵੇਲੇ ਸ਼ਰੀਕ ਦਾ ਡੰਗਰ ਵੀ ਖੇਤ ਪੈ ਜਾਂਦਾ ਤਾਂ ਵੀ ਇੰਝ ਨਹੀਂ ਸਨ ਕੁੱਟਦੇ..!
ਜਨੂੰਨ,ਖਿਝ,ਪਾਗਲਪਨ,ਹੈਵਾਨੀਅਤ,ਜਾਨਵਰ ਬਿਰਤੀ..ਜੋ ਮਰਜੀ ਆਖ ਲਵੋ..ਬੀਕੋ,ਮਾਲ ਮੰਡੀ,ਬੀ ਆਰ ਮਾਡਰਨ ਸਕੂਲ,ਅਲਗੋਂ ਕੋਠੀ,ਦੁੱਗਰੀ ਕੈਂਪ..ਪਤਾ ਨੀ ਬੰਦ ਹਨੇਰੇ ਕਮਰਿਆਂ ਵਿਚ ਐਸੀ ਕਿਹੜੀ ਕੁੱਟ ਚਾੜਦੇ ਸਨ ਕੇ ਉਹ ਵੀ ਹਥਿਆਰ ਚੁੱਕ ਭਗੌੜੇ ਹੋ ਜਾਇਆ ਕਰਦੇ ਜਿਹਨਾਂ ਕਦੇ ਕੀੜੀ ਤੱਕ ਵੀ ਨਹੀਂ ਸੀ ਮਾਰੀ ਹੁੰਦੀ..!
ਸਿੰਘੁ ਬਾਡਰ ਪਾਵੇ ਨਾਲ ਬੱਝਾ ਇੱਕ ਕਤੂਰਾ..ਹੈਰਾਨ ਪ੍ਰੇਸ਼ਾਨ..ਬੋਲ ਨੀ ਸਕਦਾ ਪਰ ਅੰਦਰੋਂ ਅੰਦਰੀ ਡਰੀ ਜਾਂਦਾ..ਕਿਧਰੇ ਇਥੇ ਹੀ ਨਾ ਛੱਡ ਜਾਵਣ..!
ਫੇਰ ਅਵਾਰਾ ਢੱਗੇ ਨੂੰ ਰੋਟੀਆਂ ਖਵਾਉਂਦਾ ਸਿੰਘ..ਤਨੋਂ ਮਨੋਂ ਹੋ ਕੇ ਲਾਡ ਪਿਆਰ ਕਰਦੇ ਕਿੰਨੇ ਸਾਰੇ ਕੁਤੇ ਬਿੱਲੀਆਂ..ਇੱਕ ਆਖਦਾ ਇਹ ਵੀ ਸਾਡੇ ਨਾਲ ਹੀ ਜਾਣਗੇ..!
ਗੱਲ ਗੱਲ ਤੇ ਰੋ ਪੈਂਦੀ ਇੱਕ ਬੀਬੀ..ਅਖ਼ੇ ਮੈਨੂੰ ਆਖਦੇ ਨੇ ਜੋ ਜੀ ਕਰਦਾ ਘਰੇ ਲੈ ਜਾ..ਕੂਲਰ ਗੱਦੇ ਭਾਂਡੇ ਚਾਦਰਾਂ ਅਤੇ ਹੋਰ ਵੀ ਕਿੰਨਾ ਕੁਝ..ਅਸਾਂ ਨਾਲ ਕੁਝ ਨੀ ਖੜਨਾ..ਏਨੀ ਇੱਜਤ ਪਿਆਰ ਮਾਣ ਸਤਿਕਾਰ..ਅਤੇ ਆਪਣਾ ਪਣ..ਪਹਿਲਾਂ ਨਾ ਤੇ ਕਦੀ ਮਿਲਿਆ ਸੀ ਤੇ ਨਾ ਹੀ ਸ਼ਾਇਦ ਦੋਬਾਰਾ ਕਦੇ ਮਿਲੇ..!
ਇੱਕ ਆਖਦਾ ਬਾਬਾ ਬੰਦਾ ਸਿੰਘ ਬਹਾਦੁਰ ਵੀ ਇੰਝ ਹੀ ਕਰਿਆ ਕਰਦਾ ਸੀ..ਇੱਕਠੇ ਹੋਏ ਮਾਲ ਦੀ ਮੌਕੇ ਤੇ ਹੀ ਲੋੜਵੰਦਾਂ ਵਿਚ ਵੰਡ ਵੰਡਾਈ..!
ਗੋਡੀ ਕਰਕੇ ਵੱਡੀਆਂ ਕੀਤੀਆਂ ਮੂਲੀਆਂ ਗਾਜਰਾਂਂ..ਬਹੁਕਰ ਫੇਰਦੇ ਬਾਬੇ ਤਾਕੀਦ ਕਰਦੇ..ਇਹਨਾਂ ਨੂੰ ਪਾਣੀ ਕਦੋਂ ਲਾਉਣਾ ਤੇ ਇਹ ਪੁੱਟਣੀਆਂ ਕਦੋਂ ਨੇ..!
ਕਾਫਲੇ ਵਾਪਿਸ ਤੁਰੇ ਜਾਂਦੇ ਨੇ ਪਰ ਇੱਕ ਬਾਬੇ ਹੂਰੀ ਉਚੀ ਥਾਂ ਖਲੋਤੇ ਬੱਸ ਦਿੱਲੀ ਵੱਲ ਨੂੰ ਹੀ ਵੇਖੀ ਜਾਂਦੇ..!
ਇੱਕ ਪੁੱਛਦਾ ਵਾਪਿਸ ਨੀ ਜਾਣਾ?
ਅੱਗੋਂ ਆਖਦੇ ਪੁੱਤਰੋ ਇਹ ਦਿੱਲੀ ਅਵੇਸਲਾ ਕਰਕੇ ਪਿੱਛਿਓਂ ਵਾਰ ਕਰਦੀ ਆਈ ਏ..ਜਿੰਨੀ ਦੇਰ ਤੁਸੀਂ ਸਾਰੇ ਅੱਪੜ ਨਹੀਂ ਜਾਂਦੇ ਮੈਂ ਇਥੋਂ ਨਹੀਂ ਹਿੱਲਦਾ!
ਭਗਤੇ ਭਾਈ ਕੇ ਦਾ ਕਰਤਾਰ ਸਿੰਘ ਭੱਠਲ..ਛੇ ਤਰੀਕ ਤੜਕੇ..ਟੈਂਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਭੁਲੇਖੇ ਡਿਓਢੀ ਤੇ ਹੀ ਬੰਬ ਮਾਰਨੇ ਸ਼ੁਰੂ ਕਰ ਦਿੱਤੇ..ਅੰਦਰ ਦੋਵੇਂ ਪਿਓ ਪੁੱਤ..ਇੰਝ ਲੱਗੇ ਹੁਣੇ ਹੀ ਸਾਰੀ ਹੇਠਾਂ ਆ ਜਾਣੀ..ਸਾਰਾ ਕੁਝ ਸਿਰਾਂ ਤੇ ਚੁੱਕ ਅਕਾਲ ਤਖ਼ਤ ਦੇ ਮਗਰ ਬਣੇ ਇੱਕ ਚੁਬਾਰੇ ਤੇ ਆਣ ਬੈਠੇ..ਬਾਪੂ ਸਾਬਕ ਫੌਜੀ ਆਖਣ ਲੱਗਾ ਪੁੱਤਰੋ ਤੁਸੀਂ ਨਿੱਕਲ ਜਾਵੋ..ਪਿੰਡ ਡੰਗਰ ਵੱਛਾ ਭੁੱਖਾ ਹੋਣਾ..ਮੈਂ ਬੈਠਦਾ ਇਥੇ ਮੋਰਚੇ ਤੇ..!
ਘੰਟੇ ਕੂ ਮਗਰੋਂ ਫੜੇ ਗਏ..ਫੇਰ ਬਹਾਨੇ ਜਿਹੇ ਨਾਲ ਏਧਰ ਨੂੰ ਵੇਖਿਆ..ਓਥੇ ਨਾ ਤੇ ਉਹ ਚੁਬਾਰਾ ਸੀ ਤੇ ਨਾ ਬਾਪੂ ਜੀ..ਆਖਰੀ ਮੌਕੇ ਉਸ ਵੱਲੋਂ ਆਪਣੇ ਗੁੱਟ ਤੋਂ ਲਾਹ ਕੇ ਦਿੱਤੀ ਘੜੀ ਵੀ ਫੌਜੀਆਂ ਨੇ ਖੋਹ ਲਈ..ਖਹਿੜੇ ਪੈ ਗਿਆ..ਭਾਵੇਂ ਮਾਰ ਦਿਓ ਪਰ ਮੇਰੇ ਬਾਪੂ ਦੀ ਨਿਸ਼ਾਨੀ ਮੋੜ ਦਿਓ..!
ਪ੍ਰਤੱਖ ਨੂੰ ਹੋਰ ਕਿੰਨੇ ਪ੍ਰਮਾਣ ਚਾਹੀਦੇ..ਬਾਪੂ ਤਾਂ ਮੁੱਢ ਤੋਂ ਹੀ ਇੰਝ ਰਾਖੀਆਂ ਕਰਦੇ ਆਏ ਨੇ..!
ਹਰਿਆਣਵੀ ਵੀਰ ਜੱਫੀਆਂ ਪਾਈ ਜਾਂਦਾ..ਸੁਣਿਆਂ ਸੀ ਕੇ ਦਸਤਾਰਾਂ ਵਾਲੇ ਏਦਾਂ ਦੇ ਹੁੰਦੇ ਪਰ ਵੇਖਿਆ ਪਹਿਲੀ ਵੇਰ..ਏਡੇ ਹਠੀ ਅਤੇ ਧੁੰਨ ਦੀ ਪੱਕੇ..ਗੁਰੂ ਦੇ ਆਸੇ ਵਿਚ ਅਟੁੱਟ ਵਿਸ਼ਵਾਸ਼..!
ਰੋਹਤਕ ਤੋਂ ਆਇਆ ਇੱਕ ਜਾਟ..ਅਖ਼ੇ ਤੀਰ ਵਾਲੇ ਬਾਬੇ ਦੀ ਅਸਲੀਅਤ ਤਾਂ ਸਾਨੂੰ ਹੁਣ ਪਤਾ ਲੱਗੀ..ਇਸੇ ਨਾਇਨਸਾਫੀ ਦੇ ਖ਼ਿਲਾਫ਼ ਹੀ ਤਾਂ ਲੜਿਆ ਸੀ ਉਹ..!
ਗੋਲਡਨ ਹੱਟ ਵਾਲਾ ਵੀਰ ਰਾਣਾ..ਢਾਬੇ ਦਾ ਰਾਹ ਬੰਦ ਕਰ ਦਿੱਤਾ ਤਾਂ ਕੈਮਰੇ ਅੱਗੇ ਰੋ ਪਿਆ ਸੀ..ਮੈਂ ਵੀ ਦੂਰ ਬੈਠਾ ਰੋ ਪਿਆ..ਓਸੇ ਵੇਲੇ ਫੋਨ ਕੀਤਾ ਉਸਨੂੰ ਜਰੂਰ ਮਿਲ ਕੇ ਧਰਵਾਸ ਦਿਓ..ਆਖੋ ਜਹਾਜ਼ੋਂ ਉੱਤਰਿਆ ਹਰ ਪੰਜਾਬੀ ਤੇਰੇ ਢਾਬੇ ਤੇ ਰੋਟੀ ਵੀ ਖਾਊ ਤੇ ਇਥੇ ਨਤਮਸਤਕ ਵੀ ਹੋਊ..ਅੱਜ ਕੈਮਰੇ ਸਾਮਣੇ ਬਾਗੋ ਬਾਗ ਹੋ ਰਿਹਾ ਸੀ..ਵਾਹਿਗੁਰੂ ਨੇ ਇੱਜਤ ਰੱਖ ਲਈ..ਰਾਣੇ ਵੀਰ ਨੂੰ ਸਾਡੇ ਵਾਂਙ ਲੈ ਜਿਹੀ ਵਿੱਚ ਆ ਕੇ ਜੈਕਾਰਾ ਛੱਡਣਾ ਵੀ ਆ ਗਿਆ..ਓਹੀ ਜੈਕਾਰਾ ਜਿਸਤੋਂ ਕਈ ਆਪਣਿਆਂ ਨੂੰ ਸੂਲ ਪੈਂਦਾ..ਅਖ਼ੇ ਜੈਕਾਰਾ ਨੀ ਛੱਡ ਹੋਣਾ..ਨਾਹਰੇ ਜਿੰਨੇ ਮਰਜੀ ਲੁਆ ਲਵੋ!
ਕਿਸੇ ਪੁੱਛਿਆ ਰਾਣਾ ਜੀ ਕਿੰਨਾ ਖਰਚਾ ਹੋ ਗਿਆ ਹੁਣ ਤੱਕ..ਅੱਗਿਓਂ ਹੱਸ ਕੇ ਟਾਲ ਦਿੰਦਾ..ਫੇਰ ਜ਼ੋਰ ਪੈਣ ਤੇ ਸਹਿ ਸੁਭਾ ਆਖ ਦਿੰਦਾ..ਕੋਈ ਅਠਾਰਾਂ ਵੀਹ ਕਰੋੜ..ਨਾਲ ਹੀ ਆਖਦਾ..ਮੈਂ ਕਿਹੜਾ ਨਾਲ ਲੈ ਕੇ ਜਾਣਾ ਏ..ਕਾਸ਼ ਅਡਾਣੀਆਂ,ਅੰਬਾਨੀਆਂ ਨੂੰ ਏਨੀ ਗੱਲ ਸਮਝ ਆ ਜਾਵੇ..ਕਿੰਨੇ ਜਿਗਰੇ ਆ..ਅਜੋਕੇ ਸ਼ੇਰ ਮੁਹੰਮਦ..ਨੂਰੇ ਮਾਹੀ..ਟੋਡਰ ਮੱਲ..ਪੀਰ ਬੁੱਧੂ ਸ਼ਾਹ..ਬੇਸ਼ਕ ਕਿੰਨੇ ਸਾਰੇ ਦੀਵਾਨ ਸੁੱਚਾ ਨੰਦ,ਗੰਗੂ ਅਤੇ ਚੰਦੂ ਵੀ ਕੋਲ ਹੀ ਫਿਰਦੇ ਨੇ..ਸੂਹਾਂ ਟੋਹਾ ਲੈਂਦੇ..!
ਖੈਰ ਗੱਲ ਲੰਮੀ ਹੋ ਜਾਣੀ ਏ..ਸ਼ਾਲਾ ਸਦੀਵੀਂ ਜਿਉਂਦੇ ਵੱਸਦੇ ਰਹਿਣ..ਪੰਥ ਗ੍ਰੰਥ ਅਤੇ ਨੌਜੁਆਨੀ ਦੀ ਰਾਖੀ ਕਰਦੇ..ਮੇਰੀ ਕੌਂਮ ਦੇ ਬਾਬੇ!
Harpreet Singh Jawanda

ਏਤਬਾਰ

ਕਰਿਆਨੇ ਦੀ ਨਵੀਂ ਖੋਲੀ ਦੁਕਾਨ ਲਈ ਇੱਕ ਕੰਮ ਕਾਜੀ ਮੁੰਡੇ ਦੀ ਲੋੜ ਸੀ..
ਨਾਲਦੀ ਦੁਕਾਨ ਤੇ ਕੰਮ ਕਰਦੇ ਇੱਕ ਮੁੰਡੇ ਦਾ ਖਿਆਲ ਆਈ ਜਾਵੇ..ਇੱਕ ਦਿਨ ਬਹਾਨੇ ਨਾਲ ਓਥੇ ਚਲਾ ਗਿਆ..ਫੁਰਤੀ ਦੇਖਣ ਵਾਲੀ ਸੀ ਉਸ ਦੀ..ਹਰ ਕੰਮ ਭੱਜ ਭੱਜ ਕੇ..ਨਿਰੀ ਬਿਜਲੀ..ਸਰਦਾਰ ਜੀ ਆਪ ਨੁੱਕਰ ਵਿਚ ਬੈਠਾ ਬੱਸ ਫੋਨ ਤੇ ਹੀ..ਬਾਕੀ ਸਾਰੇ ਕੰਮ ਉਸ ਮੁੰਡੇ ਹਵਾਲੇ..!
ਇੱਕ ਦਿਨ ਘਰੇ ਜਾਂਦੇ ਨੂੰ ਰੋਕ ਲਿਆ ਤੇ ਆਖਿਆ ਯਾਰ ਸਾਨੂੰ ਵੀ ਕੋਈ ਆਪਣੇ ਵਰਗਾ ਲੱਭ ਦੇ..!
ਆਖਣ ਲੱਗਾ ਕੋਈ ਮਸਲਾ ਹੀ ਨਹੀਂ..ਦੋ ਦਿਨ ਦੇ ਦਿਓ..ਲੱਭ ਦਿਆਂਗਾ..!
ਫੇਰ ਮੁੱਦੇ ਤੇ ਆਉਂਦਿਆਂ ਚੋਟ ਮਾਰ ਦਿੱਤੀ.."ਯਾਰ ਤੂੰ ਆਪ ਹੀ ਕਿਓਂ ਨਹੀਂ ਆ ਜਾਂਦਾ..ਤਨਖਾਹ ਵੀ ਵੱਧ ਦਿਆਂਗੇ ਤੇ ਸਹੂਲਤਾਂ ਵੀ.."!
ਅੱਗਿਓਂ ਹੱਸ ਪਿਆ..ਅੰਕਲ ਜੀ ਤੁਸੀਂ ਆਪਣੀ ਦੁਕਾਨ ਲਈ ਨੌਕਰ ਲੱਭ ਰਹੇ ਹੋ ਤੇ ਮੈਂ ਜਿਹਨਾਂ ਕੋਲ ਕੰਮ ਕਰਦਾ ਹਾਂ ਉਹ ਮੈਨੂੰ ਮਾਲਕ ਮੰਨਦੇ ਨੇ..ਮਾਲਕੀ ਛੱਡ ਨੌਕਰ ਨਹੀਂ ਬਣਿਆ ਜਾਣਾ ਹੁਣ ਮੈਥੋਂ..!
ਸਾਰੀ ਰਾਤ ਉਸਦੀ ਆਖੀ ਗੱਲ ਦਿਮਾਗ ਵਿਚ ਘੁੰਮਦੀ ਰਹੀ..!
ਕੁਝ ਦਿਨ ਬਾਅਦ ਇੱਕ ਮੁੰਡਾ ਦੁਕਾਨ ਤੇ ਆਇਆ..ਆਖਣ ਲੱਗਾ ਨੌਕਰ ਰੱਖ ਲਵੋ..ਲੋੜਵੰਦ ਹਾਂ..ਜੋ ਆਖੋਗੇ ਕਰਾਂਗਾ..ਕਿਸੇ ਤੋਂ ਜਾਮਨੀ ਵੀ ਪੁਆ ਦਿੰਨਾ..!
ਪਰ ਮੈਂ ਆਖਿਆ ਕੇ ਨੌਕਰ ਤੇ ਸਾਨੂੰ ਚਾਹੀਦਾ ਹੀ ਨਹੀਂ..ਸਾਨੂੰ ਤੇ ਆਪਣੀ ਦੁਕਾਨ ਵਾਸਤੇ ਇੱਕ ਮਾਲਕ ਚਾਹੀਦਾ..ਕਹਿੰਦਾ ਕੀ ਮਤਲਬ?
ਫੇਰ ਉਸਨੂੰ ਸਾਰਾ ਕੁਝ ਸਮਝਾ ਕੇ ਤਿੰਨ ਮਹੀਨੇ ਕੱਚਿਆਂ ਤੇ ਰੱਖ ਲਿਆ..ਹੁਣ ਪੂਰੇ ਵੀਹ ਸਾਲ ਹੋ ਗਏ..ਅਜੇ ਤੱਕ ਸਾਰੀ ਦੁਕਾਨ ਦੀ ਜੁੰਮੇਵਾਰੀ ਉਸ ਕੱਲੇ ਸਿਰ ਏ..!
ਬਟਾਲੇ ਬੈੰਕ ਵਿਚ ਕੰਮ ਕਰਦਾ ਦੋਸਤ ਦੱਸਣ ਲੱਗਾ ਕੇ ਇੱਕ ਵਾਰ ਪੈਸੇ ਕਢਵਾਉਣ ਆਈ ਬੁੱਢੀ ਮਾਈ ਆਪਣੇ ਖਾਤੇ ਵਿੱਚ ਜਮਾਂ ਪੈਸੇ ਵੇਖ ਰੋ ਪਈ..ਅਖ਼ੇ ਹਰ ਮਹੀਨੇ ਮਿਲਦੇ ਪੈਸਿਆਂ ਚੋਂ ਹਜਾਰ ਰੁਪਈਏ ਸਰਦਾਰ ਦਾ ਵੱਡਾ ਮੁੰਡਾ ਮੇਰੇ ਖਾਤੇ ਜਮਾ ਕਰਵਾਇਆ ਕਰਦਾ ਸੀ..ਪਰ ਅਸਲ ਚ ਖਾਤੇ ਵਿੱਚ ਕਦੀ ਚਾਰ ਸੌ ਕਦੀ ਪੰਜ ਸੋ ਤੇ ਕਿਸੇ ਮਹੀਨੇ ਕੁਝ ਵੀ ਜਮਾ ਨਹੀਂ ਸੀ ਹੋਇਆ..!
ਇੱਕ ਵਾਰ ਫੇਰ ਆਈ ਤਾਂ ਦੱਸਣ ਲੱਗੀ ਮਿਲ ਗਈ ਸਜਾ..ਸ਼ਰਾਬ ਨੇ ਅੰਦਰ ਸਭ ਕੁਝ ਗਾਲ ਦਿੱਤਾ..ਹੋਰ ਪਤਾ ਨੀ ਕਿੰਨੀਆਂ ਨਾਲ ਧੋਖੇ ਕੀਤੇ ਹੋਣੇ..ਤਾਂ ਵੀ ਓਹਨਾ ਦਾ ਭਲਾ ਹੀ ਮੰਗਦੀ ਹਾਂ!
ਸੋ ਦੋਸਤੋ ਇਸ ਜਹਾਨ ਅੰਦਰ "ਏਤਬਾਰ" ਨਾਮ ਦੇ ਇੱਕ ਪੰਛੀ ਨੂੰ ਜਵਾਨ ਕਰਦਿਆਂ ਬੇਸ਼ੱਕ ਉਮਰਾਂ ਲੰਘ ਜਾਂਦੀਆਂ ਨੇ ਪਰ ਜਦੋਂ ਕਦੀ ਮੱਤ ਤੇ ਪਰਦਾ ਪੈ ਜਾਣ ਦੀ ਸੂਰਤ ਵਿੱਚ ਇਸ ਪੰਛੀ ਦੇ ਖੰਬ ਝੜਨੇ ਸ਼ੁਰੂ ਹੋ ਜਾਵਣ ਤਾਂ ਸਮਝ ਲਿਓ ਤਲੀਆਂ ਤੇ ਕਿਸਮਤ ਦੀਆਂ ਸੁਨਿਹਰੀ ਪੈੜਾਂ ਹੋਰ ਗੂੜੀਆਂ ਕਰਦੀ ਸਿਆਹੀ ਵਾਲੀ ਇੱਕ ਦਵਾਤ ਵੀ ਆਪਣੇ ਆਪ ਹੀ ਸੁੱਕਣੀਂ ਸ਼ੁਰੂ ਹੋ ਜਾਵੇਗੀ!
ਹਰਪ੍ਰੀਤ ਸਿੰਘ ਜਵੰਦਾ

Monday, December 13, 2021

ਸ਼ੇਰੇ ਪੰਜਾਬ' ਰਾਜਾ ਬਣਜੇ |

ਹਉਂਕਾ ਲੈ ਪੰਜਾਬ ਸਿਹੁੰ ਕਹਿੰਦਾ ,
ਲਿਖੀਂ ਮੇਰੀ ਕਹਾਣੀ ਓਏ |
'ਸ਼ੇਰੇ ਪੰਜਾਬ' ਰਾਜਾ ਬਣਜੇ |
ਜ਼ਿੰਦਾਂ ਬਣਜੇ ਰਾਣੀ ਓਏ| |
ਸਾਂਝੀ ਸੀ ਹਰ ਖੁਸ਼ੀ ਗਮੀ,
ਤੇ ਇੱਕੋ ਚੜੵਦੇ ਲਹਿੰਦੇ ਸੀ |
ਰਾਮ, ਮਹੁੰਮਦ ਤੇ ਕਰਤਾਰਾ, 
ਇਕੱਠੇ ਮਿਲਕੇ ਬਹਿੰਦੇ ਸੀ।
ਸੰਨ ਸੰਤਾਲੀ ਨੇ ਫੇਰ ਐਸੀ,
ਉਲਝਾ ਦਿੱਤੀ ਸੀ ਤਾਣੀ ਓਏ,,,,
'ਸ਼ੇਰੇ ਪੰਜਾਬ' ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਤਪਦਾ ਜੂਨ ਮਹੀਨਾ ਐਸਾ, 
ਆਇਆ ਸੰਨ੍ਹ ਚੁਰਾਸੀ ਦਾ |
ਫਿਰ ਉਹੀ ਕਾਰਨ ਬਣਿਆ,
ਚੰਦਰਾ ਮੇਰੀ ਉਦਾਸੀ ਦਾ।
ਪੰਜਾਬ ਸਿਹੁੰ ਦਾ ਵੇਹੜੇ 'ਚ, 
ਆ ਚੜ੍ਹੀ ਫੌਜਾਂ ਦੀ ਢਾਣੀ ਓਏ,
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ।
ਸ਼ੁਰੂ ਹੋਇਆ ਕਾਲਾ ਦੌਰ ਐਸਾ,
ਹਰ ਗਲੀ ਮੋੜ ਸਲੀਬ ਹੋਏ, 
ਚੁਣ-ਚੁਣ ਕੇ ਚੁਗੀ ਜਵਾਨੀ, 
ਫੁੱਲ ਚੁਗਣੇ ਵੀ ਨਾ ਨਸੀਬ ਹੋਏ।
ਅਪੀਲ ਵਕੀਲ ਨਾ ਦਲੀਲ ਕੋਈ,
ਉਹ ਰੁੱਤ ਸੀ ਬੰਦੇ ਖਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਮਾਰ ਗੋਲ਼ੀਆਂ ਦੇ ਫੱਕੇ, 
ਕਤਲ ਕਰ ਗਏ ਚਾਵਾਂ ਦੇ,
ਬੋਤਲਾਂ ਦੇ ਵਿੱਚ ਡੁੱਬਗੇ ਓਏ, 
ਤਾਰੂ ਪੰਜ ਦਰਿਆਵਾਂ ਦੇ।
ਦਰਿਆਵਾਂ ਵਾਲੀ ਧਰਤੀ 'ਤੇ,
ਮੁੱਲ ਵਿਕਦੇ ਨੇ ਪਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਬਚੇ ਸੀ ਜਿਹੜੇ ਪੁੱਤ ਮੇਰੇ,
ਆਹ ਚੰਦਰੇ ਸੁਲਫ਼ੇ ਸੂਟੇ ਤੋਂ,
ਉਹ ਬਚ ਨਾ ਸਕੇ ਫੇਰ, 
ਦੋ ਨੰਬਰੀ ਜਹਾਜ਼ ਦੇ ਝੂਟੇ ਤੋਂ।
ਆਈਲੈਟਸ ਮਿਲਾਉਂਦਾ ਹੁਣ,
'ਚਹਿਲਾ' ਹਾਣ ਨੂੰ ਹਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਜਸਵਿੰਦਰ ਸਿੰਘ ਚਾਹਲ
9876915035

ਜਿੱਤ ਦੇ ਜੈਕਾਰੇ


ਜਿੱਤ ਦੇ ਜੈਕਾਰੇ ਲੱਗੇ
ਫਤਿਹ ਦੇ ਨਗਾਰੇ ਵੱਜੇ
ਬਾਡਰਾਂ ਤੇ ਬਹਿਕੇ ਗੱਜੇ
ਬਾਬਰਾਂ ਦੇ ਵਹਿਮ ਕੱਢੇ
ਯੋਧਿਆਂ ਨੇ ਝੰਡੇ ਗੱਡੇ
ਹਾਕਮਾਂ ਦੀ ਹਿੱਕ ਤੇ,__,_
ਲੈਕੇ ਉਹਦੀ ਓਟ ਤੁਰੇ
ਪੜ੍ਹ ਕੇ ਸਲੋਕ ਤੁਰੇ
ਜਿੱਤਾਂ ਲਈ ਸੋਚ ਤੁਰੇ
ਛਾਤੀਆਂ ਨੂੰ ਠੋਕ ਤੁਰੇ
ਜ਼ਮੀਰਾਂ ਵਾਲੇ ਲੋਕ ਤੁਰੇ
ਆਦੀ ਸਾਰੇ ਜਿੱਤ ਦੇ,__,_
ਪੈਲੀਆਂ ਦੇ ਪੁੱਤ ਯੋਧੇ
ਪਿੰਡਾਂ ਵਿਚੋਂ ਉੱਠ ਯੋਧੇ
ਲੈਕੇ ਗ਼ੈਰਤ ਦੀ ਪੁੱਠ ਯੋਧੇ
ਹੋਕੇ ਚੱਲੇ ਇੱਕ ਜੁੱਟ ਯੋਧੇ
ਹੁਣ ਬਹਿੰਦੇ ਨਹੀ ਚੁਪ ਯੋਧੇ
ਰੱਖਣ ਕੰਮ ਖਿੱਚ ਕੇ,__,_
ਪੰਜਾਬ ਦੀ ਹੈ ਸ਼ਾਨ ਸਾਰੇ
ਮਜ਼ਦੂਰ ਤੇ ਕਿਸਾਨ ਸਾਰੇ
ਇਹੇ ਸੂਰਮੇਂ ਮਹਾਨ ਸਾਰੇ
ਕੌਮ ਉੱਤੇ ਕੁਰਬਾਨ ਸਾਰੇ
ਤੁਸੀਂ ਕਰੋ ਸਨਮਾਨ ਸਾਰੇ
"ਦੀਪ"ਵਾਂਗੂ ਕੁਝ ਲਿਖ ਕੇ,__,_
✍️ ਦੀਪ ਰਾਉਕੇ 
9914356032

Monday, October 4, 2021

ਹਰਪ੍ਰੀਤ ਸਿੰਘ ਜਵੰਦਾ

ਅੱਗੇ ਜਦੋਂ ਕਦੇ ਵੀ ਬਿਆਸ ਤੋਂ ਅਗਾਂਹ ਜਾਣ ਦਾ ਸਬੱਬ ਹੁੰਦਾ ਤਾਂ ਏਹੀ ਕੋਸ਼ਿਸ਼ ਹੁੰਦੀ ਕੇ ਦਰਬਾਰ ਸਾਬ ਜਾ ਕੇ ਮੱਥਾ ਜਰੂਰ ਟੇਕਿਆ ਜਾਵੇ!
ਪਰ ਉਸ ਦਿਨ ਜੰਡਿਆਲੇ ਅਫਸੋਸ ਕਰਨ ਗਿਆਂ ਨੂੰ ਤੜਕੇ ਫੋਨ ਆ ਗਿਆ..ਵਾਪਿਸ ਲੁਧਿਆਣੇ ਮੁੜਨਾ ਪੈ ਗਿਆ..!
ਮੈਂ ਮੂੰਹ ਵੱਟ ਕੇ ਦੂਜੇ ਪਾਸੇ ਬੈਠ ਗਈ..!
ਇਹ ਆਖਣ ਲੱਗੇ ਕੇ ਢੇਰੀ ਨਾ ਢਾਹ..ਜਿਸ ਦਿਨ ਭੋਗ ਤੇ ਆਏ ਉਸ ਦਿਨ ਤੜਕੇ ਤੋਂ ਦੁਪਹਿਰ ਤੱਕ ਬੱਸ ਓਥੇ ਹੀ ਰਹਿਣਾ..!
ਪਰ ਮੇਰੀ ਨਰਾਜਗੀ ਦੂਰ ਨਾ ਹੋਈ..ਬਿਆਸ ਲਾਗੇ ਇਹਨਾਂ ਨੂੰ ਦੁਬਾਰਾ ਫੋਨ ਆ ਗਿਆ..ਇਹ ਕਾਰ ਪਾਸੇ ਲਾ ਕੇ ਗੱਲ ਕਰਨ ਲੱਗ ਪਏ..!
ਏਨੇ ਨੂੰ ਕੀ ਵੇਖਿਆ ਇੱਕ ਬਾਬਾ ਜੀ..ਦਾਰ ਜੀ ਦੀ ਉਮਰ ਦੇ..ਕੋਲ ਹੀ ਸੜਕ ਕੰਢੇ ਖਿੱਲਰਿਆ ਪਲਾਸਟਿਕ ਇੱਕਠਾ ਕਰ ਕਰ ਤੋੜੇ ਵਿਚ ਪਾ ਰਹੇ ਸਨ..!
ਮੈਥੋਂ ਰਿਹਾ ਨਾ ਗਿਆ..ਹੌਲੀ ਜਿਹੀ ਹੇਠਾਂ ਉੱਤਰ ਗੱਡੀ ਵਿਚ ਸੁੱਟੀਆਂ ਪਲਾਸਟਿਕ ਦੀਆਂ ਕਿੰਨੀਆਂ ਸਾਰੀਆਂ ਬੋਤਲਾਂ ਦੇਣ ਬਹਾਨੇ ਓਹਨਾ ਦੇ ਕੋਲ ਜਾ ਖਲੋਤੀ..!
ਫਤਹਿ ਬੁਲਾਈ..ਖੁਸ਼ ਹੋਏ ਤੇ ਸਿਰ ਤੇ ਹੱਥ ਰੱਖ ਅਸੀਸ ਦਿੱਤੀ..!
ਅਚਾਨਕ ਮੇਰਾ ਧਿਆਨ ਕੋਲ ਹੀ ਓਹਨਾ ਦੇ ਸਾਈਕਲ ਵੱਲ ਚਲਾ ਗਿਆ..ਪਿਛਲੇ ਚੱਕੇ ਤੇ ਨਾ ਟਾਇਰ ਸੀ ਤੇ ਨਾ ਹੀ ਟਿਊਬ..ਸਿਰਫ ਸਣ ਦੀਆਂ ਰੱਸੀਆਂ ਲਪੇਟੀਆਂ ਹੋਈਆਂ ਸਨ..!
ਹੌਕਾ ਨਿੱਕਲ ਗਿਆ..ਪਰਸ ਵਿਚੋਂ ਸੌ ਦੇ ਨੋਟ ਕੱਢਿਆ ਤੇ ਫੜਾਉਣ ਲੱਗੀ..ਏਨੇ ਨੂੰ ਇਹ ਵੀ ਕੋਲ ਆ ਗਏ..ਪੁੱਛਣ ਲੱਗੇ ਕੀ ਗੱਲ ਹੋਈ..?
ਮੈਂ ਪਿਛਲੇ ਚੱਕੇ ਵੱਲ ਇਸ਼ਾਰਾ ਕਰ ਦਿੱਤਾ ਤੇ ਨਾਲ ਹੀ ਪਤਾ ਨੀ ਕਿਓਂ ਮੇਰਾ ਰੋਣ ਵੀ ਨਿੱਕਲ ਗਿਆ..!
ਬਾਬਾ ਜੀ ਸਮਝ ਗਏ ਕੇ ਸਾਈਕਲ ਦੀ ਮਾੜੀ ਹਾਲਤ ਵੇਖ ਰੋ ਪਈ ਏ..!
ਆਖਣ ਲੱਗੇ ਕਮਲੀਏ ਕੱਲ ਹੀ ਗੁਰੂ ਰਾਮਦਾਸ ਦੇ ਸਥਾਨ ਤੇ ਅਰਦਾਸ ਕੀਤੀ ਸੀ..ਓਥੋਂ ਵਾਜ ਪਈ ਸੀ ਕੇ ਅੱਜ ਕਿਰਪਾ ਜਰੂਰ ਹੋਵੇਗੀ..!
ਇਹਨਾਂ ਓਸੇ ਵੇਲੇ ਬੋਝੇ ਵਿਚੋਂ ਪੰਜ ਸੌ ਦਾ ਨੋਟ ਕੱਢਿਆ..ਫੜਾਇਆ ਤੇ ਆਪਣਾ ਨੰਬਰ ਦਿੰਦੇ ਹੋਏ ਆਖਣ ਲੱਗੇ ਕੇ ਸਭ ਤੋਂ ਪਹਿਲਾਂ ਸਾਈਕਲ ਠੀਕ ਕਰਵਾਓ ਤੇ ਜੇ ਹੋਰ ਵੀ ਕਿਸੇ ਚੀਜ ਦੀ ਲੋੜ ਹੋਵੇ ਤਾਂ ਕਾਲ ਕਰ ਦਿਓ..!
ਅੱਗੋਂ ਆਖਣ ਲੱਗੇ ਗੁਰਮੁਖੋ ਭੇਟਾ ਤਾਂ ਪ੍ਰਵਾਨ ਹੋਵੇਗੀ ਜੇ ਨਾਲ ਖਲੋ ਮੇਰੀ ਕੀਤੀ ਅਰਦਾਸ ਵਿਚ ਸ਼ਾਮਿਲ ਹੋਵੋਗੇ..!
ਅਸੀਂ ਦੋਵੇਂ ਜਣਿਆਂ ਜੋੜੇ ਲਾਹੇ ਤੇ ਹੱਥ ਜੋੜ ਖਲੋ ਗਏ..!
ਓਹਨਾ ਸੰਖੇਪ ਜਿਹੀ ਅਰਦਾਸ ਕੀਤੀ ਤੇ ਮੁੜ ਉੱਚੀ ਸਾਰੀ ਜੈਕਾਰਾ ਛੱਡ ਆਖਣ ਲੱਗੇ ਜਾਓ ਗੁਰਮੁਖੋ..ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿਚ ਰੱਖੇ..!
ਲੁਧਿਆਣੇ ਤੱਕ ਆਉਂਦਿਆਂ ਬਾਬਾ ਜੀ ਦੇ ਜੈਕਾਰੇ ਦੀ ਗੂੰਝ ਕਾਇਨਾਤ ਵਿਚ ਇੰਝ ਮਹਿਸੂਸ ਹੁੰਦੀ ਰਹੀ ਜਿੱਦਾਂ ਮਾਝੇ ਦੀ ਧਰਤੀ ਤੇ ਹੁਣੇ-ਹੁਣੇ ਹੀ ਇੱਕ ਸਾਕਸ਼ਾਤ ਕਰਾਮਾਤ ਵੇਖ ਲਈ ਹੋਵੇ..!
ਮਗਰੋਂ ਕਿੰਨੇ ਦਿਨ ਉਡੀਕਦੇ ਰਹੇ..ਕੋਈ ਕਾਲ ਨਾ ਆਈ ਪਰ ਬਿਆਸ ਫਲਾਈ ਓਵਰ ਕੋਲ ਉਹ ਅਸਥਾਨ ਸਾਡੇ ਲਈ ਐਸਾ ਤੀਰਥ ਹੋ ਨਿੱਬੜਿਆ ਜਿਸਨੇ ਹਮੇਸ਼ ਏਹੀ ਗੱਲ ਸਿਖਾਈ ਕੇ ਗੁਰੂ ਦੇ ਸਿੱਖ ਕੋਲ ਭਾਵੇਂ ਕੁਝ ਵੀ ਬਾਕੀ ਕਿਓਂ ਨਾ ਰਹੇ ਤਾਂ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਸ਼ੁਕਰਾਨੇ ਦੀ ਅਰਦਾਸ ਕਿੱਦਾਂ ਕਰਦੇ ਰਹਿਣਾ ਚਾਹੀਦਾ..!
(ਸੱਚਾ-ਵਰਤਾਰਾ)

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...