Sunday, August 14, 2022

ਅਖੇ! ਸਰਕਾਰਾਂ ਨੀ ਚੰਗੀਆਂ...

ਸਰਕਾਰੀ ਰਾਹ ਅਸੀਂ ਵੱਢਕੇ ਖੇਤਾਂ ‘ਚ ਰਲ਼ਾਲੇ, ਨਿਆਣੇ ਦੀ ਉਮਰ ਘੱਟ ਦੱਸਕੇ ਬੱਸ ਦੀ ਟਿਕਟ ਅਸੀਂ ਨੀ ਲੈਂਦੇ, ਦੁੱਧ ‘ਚ ਪਾਣੀ ਛੱਡ ਯੂਰੀਆ ਅਸੀਂ ਪਾਉਣ ਲੱਗਗੇ, ਅੱਗਾਂ ਲਾ ਲਾ ਕੇ ਪੰਛੀ ਪਰਿੰਦਿਆਂ ਦੀਆਂ ਨਸਲਾਂ ਅਸੀਂ ਸਾੜਤੀਆਂ, ਮੁੰਡਾ ਮੰਗਣ ਵੇਲ਼ੇ ਸਾਡੀ ਜ਼ਮੀਨ ਦਾ ਰਕਬਾ ਹੋਰ ਹੁੰਦਾ ਤੇ ਮਜ਼ਦੂਰਾਂ ਤੋਂ ਵਢਾਉਣ-ਬਜਾਉਣ ਵੇਲ਼ੇ ਹੋਰ, ਖੇਤ ਛੱਡੋ ਖੇਤ ਨੂੰ ਜਾਂਦੇ ਰਾਹ ‘ਤੇ ਦਰੱਖਤ ਅਸੀਂ ਕੋਈ ਨੀ ਛੱਡਿਆ, ਬਿਜਲੀ ਮੀਟਰਾਂ ਨੂੰ ਕੁੰਡੀਆਂ ਅਸੀਂ ਲਾਈਆਂ, ਝੂਠ ਬੋਲ-ਬੋਲ ਕੇ ਬੁਢਾਪਾ ਪੈਨਸ਼ਨਾਂ ਅਸੀਂ ਲਵਾਈਆਂ, ਝੂਠ ਬੋਲਕੇ ਕਰਜ਼ੇ ਮਾਫ਼ ਅਸੀਂ ਕਰਵਾਏ, ਘਟੀਆ ਕਿਸਮ ਦੀ ਦੋ ਬੋਤਲਾਂ ਦਾਰੂ ਪਿੱਛੇ ਵੋਟਾਂ ਅਸੀਂ ਪਾਈਆਂ, ਪਿੰਡ ਵਿੱਚ ਖੁੱਲ੍ਹੇ ਸਰਕਾਰੀ ਜਿੰਮਾਂ ਦਾ ਸਮਾਨ ਚੱਕਕੇ ਅਸੀਂ ਆਪੋ-ਆਪਣੇ ਘਰੇ ਲੈਗੇ, ਸਪਰੇਆਂ ਨਾਲ਼ ਧਰਤੀ ਦੀ ਕੁੱਖ ਤੇ ਅੱਗਾਂ ਨਾਲ਼ ਕੁਦਰਤ ਦਾ ਵਿਹੜਾ ਅਸੀਂ ਜ਼ਹਿਰੀਲਾ ਕੀਤਾ, ਚਾਦਰਾਂ ਤੋਂ ਬਾਹਰ ਪੈਰ ਪਸਾਰਦੇ ਕਰਜਾਈ ਅਸੀਂ ਹੋਏ, ਭਰੂਣ ਹੱਤਿਆ ‘ਚ ਮੋਹਰੀ ਅਸੀਂ ਰਹੇ, ਹੈਲਮਟ ਅਸੀਂ ਨੀ ਪਾਉਂਣਾ ,ਸੀਟ ਬੈਲਟ ਅਸੀਂ ਨੀ ਲਾਉਣੀ, ਸੁੰਨੇ ਰਾਹਾਂ ‘ਚ ਲੱਗੇ ਨਲ਼ਕਿਆਂ ਦੀਆਂ ਡੰਡੀਆਂ ਤੱਕ ਲਾਹੁਣ ਆਲ਼ੇ ਅਣਖੀ ਬੰਦੇ ਅਸੀਂ, ਇੱਕ ਕਰਮ ਜਗਾ ਪਿੱਛੇ ਸਕੇ ਭਰਾ ਦਾ ਕਤਲ ਕਰਨ ਆਲ਼ੇ ਅਸੀਂ, ਜਮੀਨ ਪਿੱਛੇ ਮਾਂ-ਪਿਓ ਨੂੰ ਘਰੋਂ ਬਾਹਰ ਕਰਨ ਵਾਲ਼ੇ ਅਸੀ, ਧਰਮਾਂ ਪਿੱਛੇ ਤੀਜੇ ਦਿਨੋਂ ਇੱਕ ਦੂਜੇ ਨਾਲ ਜੁੱਤੀਓ-ਜੁੱਤੀ ਹੁੰਦੇ ਅਸੀਂ, ਪਿੰਡ ਦੇ ਕੱਸੀਆਂ-ਸੂਇਆਂ ‘ਚੋਂ ਨਜਾਇਜ਼ ਪਾਇਪ ਲਾਉਣ ਆਲ਼ੇ ਅਸੀਂ, ਸੰਸਥਾਵਾਂ ਦੇ ਨਾਂ ਤੇ ਨਜਾਇਜ਼ ਕਬਜ਼ੇ ਕਰਨ ਵਾਲੇ ਅਸੀਂ, ਗੁਰਦਾਰੇ ਦੀਆਂ ਗੋਲਕਾਂ ਤੋਂ ਲੈਕੇ ਪਿੰਡ/ਸ਼ਹਿਰ ਦੇ ਹਰ ਚੌਧਰ ਆਲ਼ੇ ਕੰਮ ‘ਚ ਸਿਰ ਪਾੜਨ/ਪੜਵਾਉਣ ਆਲ਼ੇ ਅਸੀਂ, ਲੀਡਰਾਂ ਦੀਆਂ ਚਮਚਾਗੀਰੀਆਂ ‘ਚ ਬਾਲ਼ਟੀ ਚੱਕੀ ਫਿਰਦੇ ਇੱਕ ਦੂਜੇ ਤੋਂ ਮੂਹਰੇ ਅਸੀਂ।

              ਨਾਕਿਆਂ ਤੇ, ਕਚਿਹਿਰੀਆਂ ‘ਚ, ਹਸਪਤਾਲ਼ਾਂ ‘ਚ ਪੈਸੇ ਫੜਨ ਆਲ਼ੇ ਵੀ ਅਸੀਂ ਤੇ ਦੇਣ ਆਲ਼ੇ ਵੀ ਅਸੀਂ। , ਧਾਰਮਿਕ ਝਗੜਿਆਂ ‘ਚ ਬੱਸਾਂ ਫੂਕਣ ਆਲ਼ੇ ਅਸੀਂ ਤੇ ਓਹੀ ਬੱਸਾਂ ਜਿੰਨਾਂ ਤੇ ਝੂਠ ਬੋਲਕੇ, ਮਤਲਬ ਸਟੂਡੈਂਟ / ਮੁਲਾਜ਼ਮ ਕਹਿਕੇ ਕਈ ਸਾਲ ਸਫਰ ਵੀ ਅਸੀਂ ਓਈ ਕਰਦੇ ਆਂ।

George Carlin ਨੇ ਕਿਹਾ ਸੀ If you have selfish, ignorant citizens, you're going to get selfish, ignorant leaders.

ਲੀਡਰਾਂ ਨੂੰ ਕਿਹੜਾ ਏਲੀਅਨ ਛੱਡਕੇ ਗਏ ਆ। ਜਿਹੜੇ ਸਿਸਟਮ ‘ਚ ਤੁਸੀਂ ਬੈਠੇ ਓਂ ,ਓਥੋਂ ਈ ਓਹ ਉੱਠਕੇ ਗਏ ਆ। ਇੱਕ ਗੰਦਾ ਰਵਾਇਤੀ ਸਿਸਟਮ ਤੁਰਿਆ ਆਉਂਦਾ ਤੇ ਸੱਭ ਨੂੰ ਪਤਾ ਏਹ ਗਲਤ ਆ। ਹੁਣ ਇਹ ਸਿਸਟਮ ਕਿਮੇਂ ਬਦਲੂਗਾ ,,,,, ਗੱਲਾਂ ਨਾਲ਼...?

ਸਿਸਟਮ ਪਤਾ ਕਿਵੇਂ ਬਦਲਦਾ ਹੁੰਦਾ ...? ਓਹਦੇ ਲਈ ਦਿਲ ‘ਤੇ ਪੱਥਰ ਧਰਕੇ, ਜਜਬਾਤਾਂ-ਜਜਬੂਤਾਂ ਨੂੰ ਪਾਸੇ ਕਰਕੇ ਕੁਛ ਸਖ਼ਤ ਫੈਸਲੇ ਲੈਣੇ ਪੈਂਦੇ ਹੁੰਦੇ ਆ। ਸ਼ੌਟ ਟਰਮ ਲਈ ਓਹ ਫੈਸਲੇ ਭਲਾ ਕੁਹਰਾਮ ਮਚਾ ਦੇਣ ਪਰ ਲੌਂਗ ਟਰਮ ‘ਚ ਓਹਨਾਂ ਦੇ ਰਿਜ਼ਲਟ ਜ਼ਰੂਰ ਦਿਖਣਗੇ। ਪਰ ਆਪਾਂ ਤਿਆਰ ਆਂ ਛੋਟੇ ਟੈਮ ਲਈ ਕੋਈ ਤਕਲੀਫ਼ ਬਰਦਾਸ਼ਤ ਕਰਨ ਨੂੰ ...? 
ਨਾਂਹ ! ਜਮਾਂ ਈ ਨੀ ।
   
ਸਰਕਾਰ ਕੋਈ ਕੋਸ਼ਿਸ਼ ਵੀ ਕਰੇ ਤਾਂ ਭੁਚਾਲ਼ ਆ ਜਾਂਦਾ। ਲੁੱਟੇ ਗਏ ਪੱਟੇ ਗਏ ਹੋ ਜਾਂਦੀ ਆ। ਫੇਰ ਓਹੀ ਬਲੇਮ ਗੇਮ ! ਪਹਿਲਾਂ ਓਹਨੂੰ ਕਿਓਂ ਨੀ ਬੰਦ ਕੀਤਾ, ਏਹਨੂੰ ਕਿਓਂ ਨੀ ਬੰਦ ਕੀਤਾ। ਓਹ ਭਰਾਵੋ ਏਸ ‘ਸਾਬ ਨਾਲ਼ ਤਾਂ ਇੱਕ ਵੀ ਗਲਤ ਚੀਜ਼ ਬੰਦ ਨੀ ਹੋ ਸਕਦੀ। ਹਰੇਕ ਹੈ ਕਹਿਦੂ ਮੈਥੋਂ ਪਹਿਲਾਂ ਓਹਨੂੰ ਬੰਦ ਕਰੋ।

ਸਰਕਾਰ ਕੋਈ ਵੀ ਹੋਵੇ, ਦੋ ‘ਕ ਕੋਸ਼ਿਸ਼ਾਂ ਕਰ ਸਕਦੀ ਆ ਤੇ ਓਹਤੋਂ ਬਾਦ ਓਹ ਵੀ ਠੰਡੇ ਹੋ ਜਾਂਦੇ ਆ ਬਈ ਦਫ਼ਾ ਕਰੋ। ਕਿਉਂਕਿ ਹੈ ਤਾਂ ਓਹ ਵੀ ਇਨਸਾਨ ਈ ਆਂ ਤੇ ਇਨਸਾਨੀ ਸੁਭਾਅ ਬੰਦਾ ਅੱਕ ਜਾਂਦਾ ਫੇਲੀਅਰ ਤੋਂ ਬਾਦ। ਆਹ ਜਿਹੜੇ ਕੀਬੋਰਡਾਂ ਪਿੱਛੇ ਬੈਠੇ ਅੱਗ ਕੱਢਦੇ ਆ ਏਹਨਾੰ ਨੂੰ ਸਰਕਾਰ ਦੇ ਦਿਓ, ਦੋ ਕੋਸ਼ਿਸ਼ਾਂ ਬਾਦ ਏਹਨਾਂ ਦੀ ਵੀ ਜੀਭ ਬਾਹਰ ਆਜੂ।

ਡੈਮੋਕਰੇਸੀ ਦਾ ਪੰਗਾ ਵੀ ਏਹੀ ਹੁੰਦਾ। 
ਲੈ ਦੂਰ ਨਾ ਜਾਓ ! ਸਰਕਾਰ ਰਾਹ ਵੱਢਣ ਆਲ਼ਿਆਂ ਨੂੰ ਤੇ ਰਾਹਾਂ ‘ਤੇ ਖੜੇ ਦਰੱਖਤ ਮਚਾਉਣ ਆਲ਼ਿਆਂ ਨੂੰ ਲੱਖ-ਲੱਖ ਰਪੱਈਆ ਜਰਮਾਨਾ ਪਾ ਦੇਵੇ। ਹਾਏ ਗਰੀਬ ਰਗੜਤੇ, ਹਾਏ ਅਸੀਂ ਤਾਂ ਪਹਿਲਾਂ ਈ ਕਰਜਾਈ ਆਂ, ਹਾਏ ਔਹਨੂੰ ਪਹਿਲਾਂ ਕਿਓਂ ਨੀ ਫੜਿਆ ...? 
ਬੱਸ ਫੇ ! ਗਈ ਗੱਲ ਓਹੀ ਬਦਲਾਅ ਆਲ਼ੇ ਝੋਲ਼ੇ ‘ਚ ਜਿਹੜਾ ਸਾਡੇ ਮੂੰਹ ‘ਤੇ ਆ ਪਰ ਦਿਲ ‘ਚ ਕਿਤੇ ਨੀ।

ਬਦਲਾਅ ਬਦਲੂਅ ਦੀ ਕੋਈ ਉਮੀਦ ਨਾ ਰੱਖੋ ਜਿੰਨਾਂ ਚਿਰ ਤੁਸੀਂ ਨੀ ਬਦਲਦੇ। ਏਹ ਭਲੇਖੇ ਈ ਹੁੰਦੇ ਆ ਤੇ ਹੌਲ਼ੀ-ਹੌਲ਼ੀ ਸਭ ਦੇ ਨਿੱਕਲ਼ ਜਾਣਗੇ, ਥੋਡੇ ਵੀ ਤੇ ਲੀਡਰਾਂ ਦੇ ਵੀ।

✒️ ਅਗਿਆਤ - ਪੰਜਾਬ ਹਿਤੈਸ਼ੀ

No comments:

Post a Comment

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...