ਉਹ ਭਟਕਦਾ ਰਿਹਾ,ਉਹ ਲੱਭਦਾ ਰਿਹਾ ਉਸ ਸ਼ਕਲ ਨੂੰ, ਉਸ ਵਿਅਕਤੀ ਨੂੰ, ਜੋ ਉਸਨੇ ਦੇਖ ਲਿਆ ਸੀ ਸਰੋਵਰ ਦੇ ਅੰਦਰ ਲੁਕਿਆ ਹੋਇਆ। ਉਹ ਘੰਟਿਆਂ ਤੱਕ, ਦਿਨਾਂ ਤੱਕ, ਅਤੇ ਮਹੀਨਿਆਂ ਤੱਕ ਸਰੋਵਰ ਦੇ ਕੰਢੇ ਬੈਠਾ ਰਹਿੰਦਾ ਅਤੇ ਦੇਖਦਾ ਰਹਿੰਦਾ ਨੀਝ ਲਗਾ ਕੇ। ਪਾਣੀ ਵਿੱਚ ਛਾਲ ਮਾਰਦਾ, ਪ੍ਰਤੀਬਿੰਬ ਗੁਆਚ ਜਾਂਦਾ; ਡੁਬਕੀ ਮਾਰਦਾ, ਲੱਭਦਾ, ਪਰ ਕੁਝ ਨਾ ਲੱਭਦਾ। ਕੁਝ ਵੀ ਹੱਥ ਨਾ ਆਉਂਦਾ। ਉਥੇ ਕੁਝ ਸੀ ਹੀ ਨਹੀਂ, ਉੱਥੇ ਤਾਂ ਸਿਰਫ ਪ੍ਰਤੀਬਿੰਬ ਸੀ, ਸਿਰਫ ਪਰਛਾਵਾਂ ਸੀ। ਉਹ ਛਾਲ ਮਾਰਦਿਆਂ ਹੀ ਗੁੰਮ ਹੋ ਜਾਂਦਾ। ਕਹਿੰਦੇ ਹਨ ਕਿ ਨਾਰਸੀਸਸ ਪਾਗਲ ਹੋ ਗਿਆ। ਸਰੋਵਰ ਦਾ ਦਰਪਣ ਤੱਕਣਾ, ਪ੍ਰਤੀਬਿੰਬ ਨੂੰ ਨੀਝ ਲਾ ਕੇ ਦੇਖਣਾ, ਫੜਨ ਲਈ ਡੁੱਬਕੀਆਂ ਲਾਉਣਾ, ਲੱਭਣਾ; ਤੇ ਖਾਣਾ-ਪੀਣਾ ਤਾਂ ਉਹ ਭੁੱਲ ਹੀ ਗਿਆ। ਉਸਦੀ ਬਿਰਹੋਂ ਵਿਲੱਖਣ ਸੀ। ਉਹ ਜੰਗਲ-ਜੰਗਲ ਉਹ ਚਿਹਰਾ ਲੱਭਦਾ ਰਿਹਾ। ਪਹਾੜ ਉਸ ਦੀ ਵੈਰਾਗਮਈ ਆਵਾਜ਼ ਨਾਲ ਗੂੰਜਣ ਲੱਗੇ।
ਜੋ ਨਾਰਸੀਸਸ ਦੀ ਕਹਾਣੀ ਹੈ, ਕਿਤੇ ਉਹੀ ਤੁਹਾਡੀ ਕਹਾਣੀ ਤੇ ਨਹੀਂ । ਮੈਂ ਕਹਿੰਦਾ ਹਾਂ ਕਿ ਇਹ ਤੁਹਾਡੀ ਹੀ ਕਹਾਣੀ ਹੈ। ਜੋ ਤੁਸੀਂ ਲੱਭ ਰਹੇ ਹੋ, ਉਹ ਤੁਹਾਡੇ ਅੰਦਰ ਛੁਪਿਆ ਹੈ। ਹੋ ਸਕਦਾ ਹੈ ਕਿਸੇ ਦੀਆਂ ਅੱਖਾਂ ਦੇ ਝੀਲ ਸਰੋਵਰ ਵਿੱਚ ਤੁਹਾਨੂੰ ਦਿਖਾਈ ਪਿਆ ਹੋਵੇ ਆਪਣਾ ਪ੍ਰਤੀਬਿੰਬ। ਹੋ ਸਕਦਾ ਹੈ ਕਿ ਕਿਸੇ ਦੇ ਚਿਹਰੇ 'ਤੇ ਤੁਹਾਡਾ ਪ੍ਰਤੀਬਿੰਬ ਦਿਖਾਈ ਪਿਆ ਹੋਵੇ। ਹੋ ਸਕਦਾ ਹੈ ਕਿ ਕਦੇ ਸੰਗੀਤ ਦੀ ਧੁਨ ਵਿਚੋਂ ਝਲਕ ਪੈ ਗਈ ਹੋਵੇ। ਕਿਸੇ ਸਵੇਰ ਸੂਰਜ ਦੇ ਚੜ੍ਹਦੇ ਪਲਾਂ ਵਿੱਚ, ਅਕਾਸ਼ ਦੇ ਮੌਨ ਵਿੱਚ, ਪੰਛੀਆਂ ਦੇ ਚਹਿਕਣ ਵਿੱਚ, ਖਿੜੇ ਹੋਏ ਗੁਲਾਬ ਦੇ ਫੁੱਲ ਵਿੱਚ, ਤੁਹਾਨੂੰ ਦਰਪਣ ਮਿਲ ਗਿਆ ਹੋਵੇ। ਪਰ ਜੋ ਕੁਝ ਤੁਸੀਂ ਦੇਖਿਆ ਹੈ, ਜੋ ਤੁਸੀਂ ਸੁਣਿਆ ਹੈ, ਜੋ ਤੁਸੀਂ ਪਾਇਆ ਹੈ ਬਾਹਰ ਕਿਤੇ ਵੀ, ਸਭ ਖੋਜੀਆਂ ਦੀ ਖੋਜ ਇਕ ਹੈ ਕਿ ਉਹ ਤੁਹਾਡੇ ਅੰਦਰ ਛੁਪਿਆ ਹੋਇਆ ਹੈ।
No comments:
Post a Comment