Monday, December 13, 2021

ਸ਼ੇਰੇ ਪੰਜਾਬ' ਰਾਜਾ ਬਣਜੇ |

ਹਉਂਕਾ ਲੈ ਪੰਜਾਬ ਸਿਹੁੰ ਕਹਿੰਦਾ ,
ਲਿਖੀਂ ਮੇਰੀ ਕਹਾਣੀ ਓਏ |
'ਸ਼ੇਰੇ ਪੰਜਾਬ' ਰਾਜਾ ਬਣਜੇ |
ਜ਼ਿੰਦਾਂ ਬਣਜੇ ਰਾਣੀ ਓਏ| |
ਸਾਂਝੀ ਸੀ ਹਰ ਖੁਸ਼ੀ ਗਮੀ,
ਤੇ ਇੱਕੋ ਚੜੵਦੇ ਲਹਿੰਦੇ ਸੀ |
ਰਾਮ, ਮਹੁੰਮਦ ਤੇ ਕਰਤਾਰਾ, 
ਇਕੱਠੇ ਮਿਲਕੇ ਬਹਿੰਦੇ ਸੀ।
ਸੰਨ ਸੰਤਾਲੀ ਨੇ ਫੇਰ ਐਸੀ,
ਉਲਝਾ ਦਿੱਤੀ ਸੀ ਤਾਣੀ ਓਏ,,,,
'ਸ਼ੇਰੇ ਪੰਜਾਬ' ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਤਪਦਾ ਜੂਨ ਮਹੀਨਾ ਐਸਾ, 
ਆਇਆ ਸੰਨ੍ਹ ਚੁਰਾਸੀ ਦਾ |
ਫਿਰ ਉਹੀ ਕਾਰਨ ਬਣਿਆ,
ਚੰਦਰਾ ਮੇਰੀ ਉਦਾਸੀ ਦਾ।
ਪੰਜਾਬ ਸਿਹੁੰ ਦਾ ਵੇਹੜੇ 'ਚ, 
ਆ ਚੜ੍ਹੀ ਫੌਜਾਂ ਦੀ ਢਾਣੀ ਓਏ,
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ।
ਸ਼ੁਰੂ ਹੋਇਆ ਕਾਲਾ ਦੌਰ ਐਸਾ,
ਹਰ ਗਲੀ ਮੋੜ ਸਲੀਬ ਹੋਏ, 
ਚੁਣ-ਚੁਣ ਕੇ ਚੁਗੀ ਜਵਾਨੀ, 
ਫੁੱਲ ਚੁਗਣੇ ਵੀ ਨਾ ਨਸੀਬ ਹੋਏ।
ਅਪੀਲ ਵਕੀਲ ਨਾ ਦਲੀਲ ਕੋਈ,
ਉਹ ਰੁੱਤ ਸੀ ਬੰਦੇ ਖਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਮਾਰ ਗੋਲ਼ੀਆਂ ਦੇ ਫੱਕੇ, 
ਕਤਲ ਕਰ ਗਏ ਚਾਵਾਂ ਦੇ,
ਬੋਤਲਾਂ ਦੇ ਵਿੱਚ ਡੁੱਬਗੇ ਓਏ, 
ਤਾਰੂ ਪੰਜ ਦਰਿਆਵਾਂ ਦੇ।
ਦਰਿਆਵਾਂ ਵਾਲੀ ਧਰਤੀ 'ਤੇ,
ਮੁੱਲ ਵਿਕਦੇ ਨੇ ਪਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਬਚੇ ਸੀ ਜਿਹੜੇ ਪੁੱਤ ਮੇਰੇ,
ਆਹ ਚੰਦਰੇ ਸੁਲਫ਼ੇ ਸੂਟੇ ਤੋਂ,
ਉਹ ਬਚ ਨਾ ਸਕੇ ਫੇਰ, 
ਦੋ ਨੰਬਰੀ ਜਹਾਜ਼ ਦੇ ਝੂਟੇ ਤੋਂ।
ਆਈਲੈਟਸ ਮਿਲਾਉਂਦਾ ਹੁਣ,
'ਚਹਿਲਾ' ਹਾਣ ਨੂੰ ਹਾਣੀ ਓਏ |
ਸ਼ੇਰੇ ਪੰਜਾਬ ਰਾਜਾ ਬਣਜੇ,
ਜ਼ਿੰਦਾਂ ਬਣਜੇ ਰਾਣੀ ਓਏ |
ਜਸਵਿੰਦਰ ਸਿੰਘ ਚਾਹਲ
9876915035

No comments:

Post a Comment

ਉਹਨਾਂ ਈ ਡਰਨਾ ਧੀ ਜੰਮਣ ਤੋਂ ,

ਕਿੰਨੇ ਹੁੰਦੇ,ਕੰਮ ਕੁੜੀਆਂ ਦੇ , ਦੱਸ ਨੀ ਸਕਦਾ,ਗਮ ਕੁੜੀਆਂ ਦੇ । ਉਹਨਾਂ ਈ ਡਰਨਾ ਧੀ ਜੰਮਣ ਤੋਂ , ਜਿੰਨਾਂ ਨੋਚੇ ਚੰਮ,ਕੁੜੀਆਂ ਦੇ । ਅੱਧੇ ਪੇਕੇ ਅੱਧੇ ਸਹੁ...