ਨੋਟ-ਯਾਦ ਰਹੇ ਕਿ ਮੇਰਾ ਓਸ਼ੋ ਨਾਲ ਕੋਈ ਲੈਣਾ ਦੇਣਾ ਨਹੀ ਉਹ ਕੀ ਕਰਦਾ ਸੀ, ਕੀ ਬੋਲਦਾ ਸੀ। ਚੰਗਾ ਵੀ ਮਾੜਾ ਵੀ! ਇਸ ਪੱਖੋਂ ਵੀ ਨਹੀ ਕਿ ਉਸ ਦੇ ਹੱਕ ਵਿਚ ਬੋਲਣ ਨਾਲ ਕੌਮ ਮੇਰੀ ਕੋਈ ਤਰੱਕੀ ਕਰ ਜਾਊ ਜਾਂ ਵਿਰੁਧ ਨਾਲ ਰੁੱਕ ਜਾਊ ਜਾਂ ਮੇਰੇ ਧਰਮ ਨੂੰ ਖਤਰਾ ਹੋ ਜਾਊ ਇਹ ਕਮਜੋਰ ਲੋਕਾਂ ਦੀ ਸੋਚਣੀ ਹੈ। ਇਸ ਲਈ ਵੀ ਨਹੀ ਕਿ ਬਹੁਤੇ ਸਿੱਖ ਓਸ਼ੋ ਮਗਰ ਤੁਰ ਜਾਣਗੇ ਤੇ ਮੇਰੀ ਗਿਣਤੀ ਘੱਟ ਜਾਏਗੀ ਬਥੇਰੇ ਲਗੇ ਫਿਰਦੇ ਡੇਰਿਆਂ ਵਿਚ। ਮੇਰਾ ਲਿਖਣ ਦਾ ਮੱਕਸਦ ਇਨਾ ਕਿ ਮੇਰੇ ਨਾਨਕ ਨੂੰ ਓਸ਼ੋ ਨਾਲ ਰਲਗੱਡ ਕਰੋਂਗੇ ਤਾਂ ਫਿਰ ਮੈਂ ਬੋਲਾਂਗਾ ਚਾਹੇ ਉਸ ਦੇ ਕਿਸੇ ਭਗਤ ਦੇ ਗਿੱਟੇ ਲੱਗੇ ਜਾਂ ਗੋਡੇ। ਬਾਕੀ ਪੜੋ ਜਿਨੂੰ ਮਰਜੀ ਤੇ ਪੜਨਾ ਵੀ ਚਾਹੀਦਾ ਓਸ਼ੋ ਨੂੰ ਵੀ! ਪਰ ਗੁਰੂ ਨਾਨਕ ਦੀ ਓਸ਼ੋ ਵਰਗੇ ਨਾਲ ਖਿੱਚੜੀ ਜਿਹੀ ਬਣਾ ਕੇ ਅਪਣੀਆਂ ਦੁਕਾਨਾ ਨਾ ਚਲਾਓ ਮੈਂ ਤਾਂ ਉਨ੍ਹਾਂ ਨੂੰ ਸੰਬੋਧਨ ਹਾਂ ਬਾਕੀ ਕਈ ਚੇਲੇ ਤਾਂ ਐਵੇਂ ਆਣ ਫਸਣਗੇ! ਇੱਕ ਗੱਲ ਹੋਰ ਉਸ ਬੰਦੇ ਦਾ ਬੋਲਣਾ ਜਾਂ ਲਿਖਣਾ ਉਨ੍ਹਾਂ ਚਿਰ ਹੀ ਸਰਬ ਪ੍ਰਵਾਨਤ ਹੁੰਦਾ ਜਿੰਨਾ ਚਿਰ ਉਸ ਦਾ ਕੱਦ ਕਾਠ ਵੀ ਬੋਲਣ ਵਰਗਾ ਹੁੰਦਾ। ਮਸਲਨ ਧਨੌਲਾ ਨਾਂ ਦਾ ਬੰਦਾ ਚੰਗਾ ਲਿਖਦਾ ਤੇ ਸਾਰੇ ਪੜਦੇ ਸਨ ਪਰ ਅੱਜ...? ਮਾੜਾ ਮੋਟਾ ਪੜਦੇ ਤੁਸੀਂ ਮੈਨੂੰ ਵੀ ਪਰ ਕੱਲ ਸਟੋਰ ਵਿਚ ਚੋਰੀ ਕਰਦਾ ਫੜਿਆ ਗਿਆ ਲਾਹਨਤਾ ਵੀ ਤੁਸੀਂ ਪਾਉਂਣੀਆਂ ਜਿਹੜੀਆਂ ਬਣਦੀਆਂ ਵੀ ਨੇ। ਗਾਂਧੀ ਦੇ ਦੋਗਲੇਪਨ ਕਾਰਨ ਤੁਸੀਂ ਉਸ ਨੂੰ ਚੰਗਾ ਨਹੀ ਸਮਝਦੇ ਬੋਲੀ ਤਾਂ ਉਹ ਵੀ ਜਾਂਦਾ ਸੀ। ਇਹ ਵੀ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ ਮਾਣ ਕਿਸੇ ਦਾ ਨਹੀ। ਬਾਕੀ ਵਿਚਾਰ ਆਪੋ ਅਪਣੇ?
--ਰਜਨੀਸ਼ ਬਾਰੇ ਜਾਨਣ ਤੋਂ ਪਹਿਲਾਂ ਇਹ ਜਾਣ ਲੈਣਾ ਜਰੂਰੀ ਹੈ ਕਿ ਉਸ ਕੋਲ ਲੋਕ ਜਾਂਦੇ ਕਿਉਂ ਸਨ? ਮਨੁੱਖ ਪਦਾਰਥਵਾਦ ਨੇ ਇਨਾ ਭਟਕਾ ਦਿੱਤਾ ਹੋਇਆ ਕਿ ਉਹ ਪਿਆਸੇ ਮਿਰਗ ਵਾਂਗ ਪਾਗਲ ਹੋਇਆ ਦੌੜਾ ਫਿਰ ਰਿਹਾ ਹੈ। ਜਿਥੇ ਵੀ ਉਸ ਨੂੰ ਪਾਣੀ ਦੀ ਝਲਕ ਦਿੱਸਦੀ ਉਹ ਉਧਰ ਨੂੰ ਦੌੜ ਪੈਂਦਾ ਹੈ ਪਰ ਉਥੇ ਅਗੇ ਜਾਦਿਆਂ ਰੇਤਾ ਹੁੰਦੀ ਹੈ। ਬੰਦਾ ਧਰਮਾਂ ਤੋਂ ਦੁੱਖੀ ਹੋਇਆ 'ਮੈਡੀਟੇਸ਼ਨ' ਦੇ ਨਾਂ ਤੇ ਇੱਕ ਨਵੀ ਠੱਗੀ ਵਿਚ ਫਸ ਰਿਹਾ ਹੈ। ਉਹ ਸਮਝਦਾ ਨਹੀ ਕਿ ਦੁੱਖ ਦਾ ਕਾਰਨ ਤਾਂ ਮੈਂ ਖੁਦ ਹਾਂ। ਮੈਂ ਮੇਰੇ ਅਪਣੇ ਕਾਰਨ ਦੁੱਖੀ ਹਾਂ ਤੇ ਜਦ ਦੁੱਖੀ ਜਾਂ ਅਸ਼ਾਂਤ ਮੈਂ ਖੁਦ ਕਰਕੇ ਹਾਂ ਤਾਂ ਕੋਈ ਮੈਨੂੰ ਸ਼ਾਂਤ ਕਿਵੇਂ ਕਰ ਦਊ। ਕਰ ਦਊ? ਫੂਕਾਂ ਮਾਰਨ ਜਾਂ ਲੰਮੇ ਸਾਹ ਲੈਣ ਨਾਲ ਜਾਂ ਉੱਚੀ ਉੱਚੀ ਹਾ,ਹਾ, ਹੂ ਹੂ ਕਰਨ ਨਾਲ ਬੰਦਾ ਸੁੱਖੀ ਅਤੇ ਖੁਸ਼ ਰਹਿ ਸਕਦਾ ਹੁੰਦਾ ਤਾਂ ਹੁਣ ਨੂੰ ਹਿੰਦੋਸਤਾਨ ਦੁਨੀਆਂ ਦਾ ਸਭ ਤੋਂ ਖੁਸ਼ ਅਤੇ ਸੁੱਖੀ ਮੁਲਖ ਹੋਣਾ ਚਾਹੀਦਾ ਸੀ ਜਿਹੜਾ ਰਾਤ ਪੁਰ ਦਿਨ ਫੂਕਾਂ ਮਾਰੀ ਜਾਂਦਾ ਹਾ,ਹਾ,ਹਾ ਕਰੀ ਜਾ ਰਿਹਾ ਹੈ। ਪਰ ਕੀ ਇੰਝ ਹੋਇਆ?
'ਮੈਡੀਟੇਸ਼ਨ' ਵਾਲੇ ਕੀ ਕਰਦੇ। ਲੰਮੇ ਸਾਹ ਲਓ, ਅੰਦਰ ਸਾਹ ਕੱਢੋ ਫਿਰ ਬਾਹਰ ਲੰਮਾ ਸਾਹ ਕੱਢੋ। ਧਿਆਨ ਇਥੇ ਲਾਓ, ਧਿਆਨ ਉਥੇ ਲਾਓ। ਯਾਦ ਰਹੇ ਕਿ ਮਰ ਚੁੱਕਾ ਤਰਮਾਲਾ ਵੀ ਇਹੀ ਕੁਝ ਕਰਦਾ ਸੀ, ਅਸਿਧੇ ਤੌਰ ਤੇ ਬੰਦ ਬੱਤੀਆਂ ਵਾਲੇ ਵੀ, ਯਾਨੀ ਬੰਦੇ ਨੂੰ ਪਾਗਲਾਂ ਵਾਂਗ ਸਿਰ ਮਾਰਨ ਲਾ ਦਿਓ ਕਿ ਉਸ ਦੀ ਸੋਚਣ ਸ਼ਕਤੀ ਖਤਮ ਹੋ ਜਾਏ ਅਤੇ ਉਹ ਥੱਕ-ਟੁੱਟ ਨਿਢਾਲ ਹੋਏ ਨੂੰ ਜਾਪੇ ਕਿ ਸ਼ਾਂਤੀ ਆ ਗਈ ਹੈ? ਪਰ ਫਰਕ ਕੇਵਲ ਇਨਾ ਕਿ ਇਹ ਵਿਚ ਨਾਲ ਵਾਹਿਗੁਰੂ ਜੋੜ ਦਿੰਦੇ ਹਨ ਤਾਂ ਕਿ ਸਿੱਖਾਂ ਨੂੰ ਮੂਰਖ ਸੌਖਿਆਂ ਬਣਾਇਆ ਜਾ ਸਕੇ ਨਹੀ ਤਾਂ ਖਾਲਸਈ ਜਾਹੋ ਜਲਾਲ ਦਾ ਕਾਰਨ ਲੁਹਾਰ ਦੀ ਧੌਕਣੀਂ ਵਾਂਗ ਪੁੱਠੇ ਸਿੱਧੇ ਸਾਹ ਲੈਣੇ ਜਾਂ ਕੋਲਿਆਂ ਦੇ ਇੰਝਣ ਵਾਂਗ ਛਅਕ ਛਅਕ ਕਰਨਾ ਨਹੀ ਸੀ। ਜਾਂ 'ਮੈਡੀਟੇਸ਼ਨ' ਉਂਝ ਦੀ ਹੀ ਹੈ ਜਿਵੇਂ ਦਾ 'ਅਉਧਦ ਨਾਮ' ਵਾਲੇ ਕਰਦੇ ਹਨ। ਪਰ ਉਹ ਇਹ ਨਹੀ ਦੱਸਦੇ ਕਿ ਦੁੱਖਾਂ ਦੇ ਉਬਲਦੇ ਕਾਹੜਨੇ ਹੇਠੋਂ ਪਹਿਲਾਂ ਚੌਅ ਤਾਂ ਕੱਢ ਲੈ ਫੂਕਾਂ ਫਿਰ ਮਾਰ ਲਈਂ। ਯਾਨੀ ਬਿਮਾਰੀ ਕੁਝ ਹੋਰ, ਇਲਾਜ ਕੁਝ ਹੋਰ। ਦੁੱਖਦਾ ਸਿਰ ਹੈ ਇਲਾਜ ਢਿੱਡ ਦਾ ਕਰੀ ਜਾ ਰਹੇ ਹਨ। ਮਨੁੱਖ ਨੇ ਅਪਣੇ ਹੇਠਾਂ ਅੱਗ ਤਾਂ ਪਦਾਰਥਵਾਦ ਦੀ ਬਾਲੀ ਹੋਈ ਹੈ ਅਤੇ ਸ਼ਾਂਤੀ ਇਹ ਲੰਮੀਆਂ ਫੂਕਾਂ ਤੋਂ ਭਾਲਦਾ ਫਿਰ ਰਿਹਾ ਹੈ ਜਾਂ ਓਸ਼ੋ ਵਾਂਗ ਸੰਭੋਗ ਵਿਚੋਂ ਸਮਾਧੀ ਲੱਭ ਰਿਹਾ ਹੈ।
ਅਜਿਹਾ ਕੁਝ ਹੀ ਓਸ਼ੋ ਸੀ ਜਿਹੜਾ ਕਿਸੇ ਵਿਗੜੇ ਹੋਏ ਅਯਾਸ਼ ਸਾਧ ਵਰਗਾ ਸੀ। ਇਸ ਗੱਲ ਨੂੰ ਸਮਝਣ ਲਈ ਹੇਠਾਂ ਮੋਟੇ ਤੌਰ ਤੇ ਉਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਜਾਣਕਾਰੀ ਦਾ ਬਹੁਤਾ ਹਿੱਸਾ ਡਾਕਟਰ ਕਰਮਜੀਤ ਸਿੰਘ ਦੀ ਕਿਤਾਬ, 'ਰਜਨੀਸ਼ ਬੇਨਕਾਬ' ਵਿਚੋਂ ਹੈ। ਮੈਂ ਖੁਦ ਉਸ ਨੂੰ ਬਹੁਤ ਪੜਿਆ ਹੈ, ਪਿੱਛਲੇ ਕੁਝ ਸਮੇ ਤੋਂ ਉਸ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਕੁਝ ਮਿੱਤਰਾਂ ਇਸ ਬਾਰੇ ਮੈਨੂੰ ਜਾਣਕਾਰੀ ਦੇਣ ਬਾਰੇ ਕਿਹਾ ਸੀ ਜਿਹਨਾ ਨੂੰ ਦੁੱਖ ਸੀ ਕਿ ਕੁਝ ਵਪਾਰੀ ਜਾਂ ਚਲਾਕ ਲੋਕ ਗੁਰੂ ਨਾਨਕ ਸਾਹਿਬ ਅਤੇ ਰਜਨੀਸ਼ ਨੂੰ ਰਲਗੱਡ ਕਰ ਰਹੇ ਹਨ, ਅਖੇ 'ਓਸ਼ੋ ਨਾਨਕ ਧਾਮ'? ਕਿਥੇ ਰਾਮ ਰਾਮ ਤੇ ਕਿਥੇ ਟੈਂ ਟੈਂ? ਖੈਰ ਮੇਰਾ ਮੱਤਲਬ ਕਿਸੇ ਦੀ ਅਣਚਾਹੀ ਬਦਖੋਈ ਕਰਨਾ ਨਹੀ ਬਲਕਿ ਲੋਕਾਂ ਨੂੰ ਜਾਣਕਾਰੀ ਦੇਣਾ ਹੈ ਖਾਸ ਕਰਕੇ ਅਪਣੇ ਸਿੱਖ ਭਰਾਵਾਂ ਨੂੰ।
…………ਅਚਾਰੀਆ ਰਜਨੀਸ਼, ਉਰਫ ਭਗਵਾਨ ਰਜਨੀਸ਼, ਉਰਫ ਓਸ਼ੋ। ਜੁੱਗ ਕਦੇ ਉਸ ਦਾ ਸੀ। ਬੋਲਦਾ ਸੀ ਉਹ ਕਿਤੇ? ਬੋਲਣਾ ਆਉਂਦਾ ਸੀ ਉਸ ਨੂੰ ਪਰ ਇਹ ਜਰੂਰੀ ਨਹੀ ਕਿ ਜੋ ਬੋਲਦਾ ਬਹੁਤ ਚੰਗਾ ਹੋਵੇ ਅਤੇ ਖੁਦ ਵੀ ਉਹ ਬੋਲਣ ਵਰਗਾ ਹੀ ਹੋਵੇ ਜਾਂ ਜੋ ਉਹ ਬੋਲਦਾ ਹੋਵੇ ਉਸ ਦੇ ਪਿੱਛੇ ਉਸ ਦੀ ਕੋਈ ਸ਼ੈਤਾਨੀ ਨਾ ਹੋਵੇ। ਦੁਨੀਆਂ ਪੜੀ ਹੋਈ ਸੀ ਉਸ। ਜਿੰਨਾ ਲੋਕਾਂ ਵਿਚ ਉਹ ਬੋਲਦਾ ਉਨ੍ਹਾਂ ਦੇ ਹੀ ਧਾਰਮਿਕ ਗਰੰਥ ਜਾਂ ਰਹਿਬਰ ਨੂੰ ਕੋਟ ਕਰਦਾ ਪਰ ਇਸ ਮਿੱਠੀ ਖੰਡ ਵਿਚ ਜ਼ਹਿਰ ਉਹ ਅਪਣੀ ਪਾਉਂਦਾ ਇਹ ਉਸ ਦੀਆਂ ਖੁਦ ਦੀਆਂ ਕੀਤੀਆਂ ਹੋਈਆਂ ਗੱਲਾਂ ਤੋਂ ਸਾਬਤ ਹੁੰਦਾ ਹੈ। ਜਿਸ ਬਾਰੇ ਵੀ ਬੋਲਦਾ ਉਸ ਨੂੰ ਹੀ ਜਾਪਦਾ ਕਿ ਉਹ ਮੇਰੇ ਧਰਮ ਦੀ ਵਿਆਖਿਆ ਕਰ ਰਿਹਾ ਹੈ ਪਰ ਨਹੀ ਵਿਆਖਿਆ ਉਹ ਅਪਣੀ ਹੀ ਕਰ ਰਿਹਾ ਹੁੰਦਾ ਸੀ! ਅਪਣੀ ਮਰਜੀ ਦੀ? ਉਸ ਨੂੰ ਅੱਖਰਾਂ ਨੂੰ ਤੋੜਨਾ ਜਾਂ ਘੁੰਮਾਉਂਣਾ ਆਉਂਦਾ ਸੀ। ਉਹ ਅੱਖਰਾਂ ਵਿਚ ਬੰਦੇ ਦੀ ਅਪਣੀ ਸੋਚ ਨੂੰ ਰੋਲ ਕੇ ਰੱਖ ਦਿੰਦਾ ਸੀ। ਬੰਦਾ ਉਸ ਦੇ ਅੱਖਰਾਂ ਵਿਚ ਉਲਝਕੇ ਉਸ ਦੇ ਨਾਲ ਤੁਰ ਪੈਂਦਾ ਸੀ ਇਥੋਂ ਤੱਕ ਕਿ ਕੱਪੜੇ ਲਾਹ ਕੇ ਨੰਗਾ ਹੋਣ ਤੱਕ! ਉਹ ਅੱਖਰਾਂ ਨੂੰ ਇਨਾ ਲਿਸ਼ਕਾ ਕੇ, ਪੈਕ ਕਰਕੇ ਪੇਸ਼ ਕਰਦਾ ਸੀ ਕਿ ਲੋਕ ਉਸ ਮਗਰ ਲੱਗ ਬੇਸ਼ਰਮੀ ਦੀਆਂ ਸਾਰੀਆਂ ਹੱਦਾ ਪਾਰ ਕਰ ਜਾਂਦੇ ਸਨ ਅਤੇ ਪਸ਼ੂਆਂ ਵਾਂਗ ਇਕ ਦੂਜੇ ਦੇ ਸਾਹਵੇਂ ਇਕ ਦੂਜੇ ਨੂੰ ਭੋਗਣ ਲੱਗ ਜਾਂਦੇ ਸਨ। ਸਮਝਣ ਵਾਲੀ ਗੱਲ ਇਹ ਹੈ ਕਿ ਰਜਨੀਸ਼ ਦੀ ਉਹ ਕਿਹੋ ਜਿਹੀ ਸਮਾਧੀ ਸੀ ਜਿਹੜੀ ਉਹ ਲੋਕਾਂ ਨੂੰ ਨੰਗਿਆਂ ਕਰਕੇ ਲਵਾਉਂਦਾ ਸੀ। ਪਾਗਲਾਂ ਵਾਂਗ ਚੀਕਾਂ ਮਾਰਨ ਜਾਂ ਕੁੱਤੇ ਵਾਂਗ ਉੱਚੀ-ਉੱਚੀ ਬਊਂ ਬਊਂ ਕਰਨ ਦਾ ਨਾਂ ਜੇ ਸਮਾਧੀ ਹੈ ਤਾਂ ਪਸ਼ੂ-ਪਨ ਕੀ ਹੈ। ਉਸ ਨੇ ਪੁਰਾਣੇ ਤ੍ਰਾਤਿਕਾਂ ਵਾਂਗ ਮਨੁੱਖ ਨੂੰ ਕੇਵਲ ਭੋਗਣ ਵਾਲਾ ਪਸ਼ੂ ਬਣਾ ਕੇ ਰੱਖ ਦਿੱਤਾ। ਅਜਿਹੇ ਲੁੱਚੇ ਬੰਦੇ ਜੇ ਭਗਵਾਨ ਸਨ ਤਾਂ ਲੋਕਾਂ ਨੂੰ ਇਕ ਕੋਠੇ ਉਪਰ ਇਕੱਠੇ ਕਰਨ ਵਾਲੇ ਨੂੰ ਕਹੋਂਗੇ?
ਬੇਸ਼ਕ ਰਜਨੀਸ਼ ਦਾ ਜਨਮ ਜੈਨੀਆਂ ਵਿਚ ਹੋਇਆ ਪਰ ਉਸ ਦੇ ਹੀ ਮੁਤਾਬਕ ਉਹ ਕਿਸੇ ਧਰਮ ਨੂੰ ਨਹੀ ਸੀ ਮੰਨਦਾ ਯਾਨੀ ਨਾਸਤਿਕ! ਪਰ ਹੈਰਾਨੀ ਦੀ ਗੱਲ ਕਿ ਲੋਕਾਂ ਉਸ ਨੂੰ ਹੀ ਰੱਬ ਯਾਨੀ ਭਗਵਾਨ ਮੰਨ ਲਿਆ ਜਿਹੜਾ ਕਿ ਕਿਸੇ ਰੱਬ ਜਾਂ ਧਰਮ ਨੂੰ ਮੰਨਦਾ ਹੀ ਨਹੀ ਸੀ?
ਲੋਕ ਉਸ ਨੂੰ ਭਗਵਾਨ ਸਮਝ ਪੂਜੀ ਗਏ ਪਰ ਉਹ ਲੋਕਾਂ ਉਪਰ ਹੱਸੀ ਗਿਆ ਤੇ ਉਸ ਦੇ ਅਪਣੇ ਹੀ ਮੁਤਾਬਕ ਉਹ ਬਾਹਰ ਕਦੇ ਨਹੀ ਸੀ ਹੱਸਿਆ ਕਿਉਂਕਿ ਲੋਕਾਂ ਦੀ ਮੂਰਖਤਾ ਉਪਰ ਉਹ ਅੰਦਰ ਹੀ ਬਹੁਤ ਹੱਸ ਲੈਂਦਾ ਸੀ। ਉਹ ਜੋ ਦਿੱਸਦਾ ਸੀ ਉਹ ਸੀ ਨਹੀ, ਤੇ ਜੋ ਉਹ ਸੀ ਉਹ ਦਿੱਸਦਾ ਨਹੀ ਸੀ। ਉਹ ਜੋ ਐਕਟ ਕਰਦਾ ਸੀ ਅੰਦਰੋਂ ਉਹ ਉਸ ਦੇ ਉਲਟ ਚਲ ਰਿਹਾ ਹੁੰਦਾ ਸੀ। ਇਹ ਉਸ ਦੀ ਕਲਾ ਸੀ ਕਿ ਉਹ ਅਪਣੇ ਵਿਪਰੀਤ ਜਾ ਕੇ ਲੈਕਚਰ ਕਰ ਰਿਹਾ ਹੁੰਦਾ ਸੀ। ਬਿੱਲਕੁਲ ਫਿਲਮੀ ਐਕਟਰਾਂ ਵਾਂਗ। ਓਸ਼ੋ ਇਕ ਫਿਲਮੀ ਐਕਟਰ ਤੋਂ ਬਿਨਾ ਕੁਝ ਨਹੀ ਸੀ ਫਰਕ ਕੇਵਲ ਇਨਾ ਕਿ ਐਕਟਰ ਦੇ ਡਾਇਲਾਗ ਅਪਣੇ ਨਹੀ ਹੁੰਦੇ ਜਦ ਕਿ ਓਸ਼ੋ ਦੇ ਡਾਇਲਾਗ ਵੀ ਅਪਣੇ ਸਨ ਤੇ ਪ੍ਰੌਡਿਊਸਰ-ਡਾਇਰੈਕਟਰ-ਐਕਟਰ ਸਭ ਕੁਝ ਉਹ ਆਪ ਹੀ ਸੀ। ਨੀਲੀ ਫਿਲਮ ਦਾ?
੧੨ ਜਨਵਰੀ ੧੯੮੫ ਵਿਚ ਓਰੋਗਾਨ ਵਿਖੇ ਉਸ ਦੇ ਦਿੱਤੇ ਭਾਸ਼ਣ ਮੁਤਾਬਕ ਉਹ ਕਿਸੇ ਰੱਬ ਜਾਂ ਧਰਮ ਨੂੰ ਨਹੀ ਮੰਨਦਾ। ਉਸ ਦੇ ਮੁਤਾਬਕ ਉਹ ਧਰਮ ਲਫਜ ਨੂੰ ਹੀ ਨਫਰਤ ਕਰਦਾ ਸੀ ਪਰ ਉਹ ਕਹਿੰਦਾ ਇਸ ਦੇ ਬਾਵਜੂਦ ਮੈਨੂੰ ਧਰਮ ਉਪਰ ਬੋਲਣਾ ਪਿਆ ਕਿਉਂਕਿ ਉਸ ਦੇ ਨੇੜੇ ਕੋਈ ਖੜਦਾ ਹੀ ਨਾ ਸੀ ਇਸ ਲਈ ਉਸ ਨੂੰ ਅਪਣੀ ਗੱਲ ਕਹਿਣ ਲਈ ਅਪਣਾ ਤਰੀਕਾ ਬਦਲਣਾ ਪਿਆ। ਪੁਰਾਣਾ ਨਾਸਤਿਕ ਵਾਲਾ ਬਿੰਬ ਸੁਧਾਰਨ ਲਈ ਉਸ ਨੂੰ ਕਈ ਸਾਲ ਲੱਗੇ। ਉਸ ਦੇ ਅਪਣੇ ਹੀ ਮੁਤਾਬਕ ਉਹ ਬੇਸ਼ਕ ਨਾਂ ਧਾਰਮਿਕ ਗਰੰਥਾਂ ਦੇ ਲੈਂਦਾ ਸੀ ਪਰ ਗੱਲ ਉਹ ਅਪਣੀ ਕਰਦਾ ਸੀ। ਉਹ ਅਪਣੀ ਬੇਈਮਾਨੀ ਨੂੰ ਲੁਕਾਉਂਦਾ ਨਹੀ ਪਰ ਇਸ ਨਾਲ ਇਹ ਨਹੀ ਕਿਹਾ ਜਾ ਸਕਦਾ ਕਿ ਉਹ ਬੇਈਮਾਨ ਨਹੀ ਸੀ। ਕਿਉਂਕਿ ਜਿਸ ਗੱਲ ਨੂੰ ਉਹ ਮੰਨਦਾ ਹੀ ਨਹੀ ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਉਨ੍ਹਾਂ ਗੱਲਾਂ ਦਾ ਹੀ ਸਹਾਰਾ ਲੈ ਰਿਹਾ ਸੀ।
ਉਸ ਦੀਆਂ ਹੇਠਾਂ ਬੋਲੀਆਂ ਗੱਲਾਂ ਤੋਂ ਜਾਪਦਾ ਕਿ ਉਹ ਅਪਣੇ ਕੋਲ ਆਏ ਹੋਏ ਲੋਕਾਂ ਨੂੰ ਭੇਡਾਂ-ਬੱਕਰੀਆਂ ਤੋਂ ਸਿਵਾਏ ਕੁਝ ਨਹੀ ਸੀ ਸਮਝਦਾ ਤੇ ਉਹ ਲੋਕਾਂ ਨੂੰ ਮੂਰਖ ਬਣਾ ਅਤੇ ਹੁਣ ਮੂਰਖ ਕਹਿਕੇ ਜਿਵੇਂ ਸਵਾਦ ਲੈ ਰਿਹਾ ਸੀ। ਇਹ ਧੋਖਾ ਸੀ ਲੋਕਾਂ ਨਾਲ। ਆਮ ਸਾਧਾਂ ਦੇ ਵੱਗਾਂ ਵਿਚ ਅਤੇ ਓਸ਼ੋ ਵਿਚ ਕੋਈ ਫਰਕ ਨਾ ਸੀ। ਉਹ ਵੀ ਲੁਕਾਈ ਨੂੰ ਲੁੱਟਦੇ ਸਨ ਤੇ ਓਸ਼ੋ ਵੀ। ਇਸ ਵਿਚ ਵਾਧਾ ਪਰ ਇਹ ਸੀ ਕਿ ਓਸ਼ੋਂ ਲੁੱਟਣ ਦੇ ਨਾਲ ਨਾਲ ਲੋਕਾਂ ਵਿਚ ਨੰਗਾ ਵਿਭਚਾਰ ਫੈਲਾ ਰਿਹਾ ਸੀ ਅਤੇ ਮਨੁੱਖ ਨੂੰ ਫਿਰ ਤੋਂ ਪਸ਼ੂਪੁਣੇ ਵਲ ਧੱਕ ਰਿਹਾ ਸੀ। ਬਾਕੀ ਸਾਧ ਤਾਂ ਵਿਭਚਾਰ ਹਾਲੇ ਲੁੱਕ ਕੇ ਭੋਰਿਆਂ ਵਿਚ ਕਰਦੇ ਹਨ ਪਰ ਉਸ 'ਮੌਡਰਨ ਸਾਧ' ਨੇ ਸ਼ਰੇਆਮ ਕੀਤਾ ਅਤੇ ਸਮਾਧੀ ਲਵਾਉਂਣ ਦੇ ਨਾਂ ਤੇ ਕੀਤਾ ਯਾਣੀ ਧਰਮ ਦੇ ਨਾਂ ਤੇ ਕੀਤਾ! ਪਰ ਹੈਰਾਨੀ ਉਸ ਦੇ ਪੈਰੋਕਾਰਾਂ ਦੀ ਅਤੇ ਉਸ ਤੋਂ ਵੀ ਅਗੇ ਖਾਸ ਕਰਕੇ ਆਖੇ ਜਾਂਦੇ ਸਿੱਖਾਂ ਦੀ ਜਿਹੜੇ ਸੋਚਦੇ ਗੱਲ ਹੀ ਹੁਣ ਸਮਝ ਆਈ!
…ਤੇ ਹੁਣ ਮੈਂ ਕ੍ਰਿਸ਼ਨ ਤੇ ਬੋਲ ਰਿਹਾ ਸੀ, ਹਜਾਰਾਂ ਲੋਕ ਮੈਨੂੰ ਸੁਣ ਰਹੇ ਸਨ। ਮੈਂ ਕ੍ਰਿਸ਼ਨ ਤੋਂ ਕੀ ਲੈਣਾ, ਈਸਾ ਮੇਰਾ ਕੀ ਲੱਗਦਾ ਸੀ। ਈਸਾ ਜੇ ਮੈਨੂੰ ਹੁਣ ਮਿਲ ਜਾਵੇ ਤਾਂ ਮੈਂ ਕਹਾਂ ਤੂੰ ਪਾਗਲ ਹੈਂ ਤੈਨੂੰ ਅਪਣੇ ਆਪ ਤੇ ਕਾਬੂ ਨਹੀ। ਉਹ ਤੇ ਵਿਚਾਰਾ ਕੋਰਾ ਅਨਪੜ੍ਹ ਮਾਣਸ ਸੀ।
…ਮੈਂ ਸਭ ਧਰਮਾਂ ਵਿਚੋਂ ਕਰੀਮ ਇਕੱਠੀ ਕਰ ਲਈ ਤੇ ਮੈਂ ਰਾਹ ਲੱਭ ਲਿਆ। ਮੈਂ ਸਿਰਫ ਇਹ ਸੋਚਿਆ ਉਨ੍ਹਾਂ ਦੇ ਸ਼ਬਦ ਵਰਤੋ, ਉਨ੍ਹਾਂ ਦੀ ਭਾਸ਼ਾ ਵਰਤੋ ਤੇ ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਵਰਤੋ!
ਉਹ ਕਹਿ ਰਿਹਾ ਹੈ ਮੈਂ ਧਰਮਾਂ ਵਿਚੋਂ ਕਰੀਮ ਇਕੱਠੀ ਕਰ ਲਈ ਪਰ ਚੇਲੇ ਆਖੀ ਜਾਂਦੇ ਗਿਆਨ ਉਸ ਦਾ ਅਪਣਾ ਸੀ। ਪਰ ਖੁਦ ਓਸ਼ੋ ਮਸਕੀਨ ਵਾਲੀ ਵੀਡੀਓ ਵਿਚ ਕਹਿ ਰਿਹਾ ਹੈ ਮੇਰਾ ਤੇ ਨਾਨਕ ਦਾ ਕਾਹਦਾ ਮੇਲ ਉਹ ੫੦੦ ਸਾਲ ਪਹਿਲਾਂ ਦੀਆਂ ਗੱਲਾਂ ਸਨ। ਅੱਜ ਸਮਾ ਬਦਲ ਗਿਆ, ਲੋਕ ਬਦਲ ਗਏ! ਉਸ ਦਾ ਅਸਿੱਧਾ ਮੱਤਲਬ ਕੀ ਉਹ ਵੇਲਾ ਵਿਹਾ ਚੁੱਕੀਆਂ ਗੱਲਾਂ ਸਨ?
ਉਹ ਅਪਣੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਫੇਰੀ ਬਾਰੇ ਬੋਲ ਰਿਹਾ ਹੈ। ਕਿ ਮੈਂ ਉਥੇ ਗਿਆ ਉਹੀ ਦਰਬਾਰ ਸਾਹਿਬ ਜੋ ਅੱਜ-ਕੱਲ ਭਾਰਤ ਲਈ ਮੁਸੀਬਤ ਬਣਿਆ ਹੋਇਆ ਹੈ ਜਿਸ ਕਰਕੇ ਇੰਦਰਾ ਗਾਂਧੀ ਦਾ ਕਤਲ ਹੋਇਆ। ਉਹ ਸਿੱਖਾਂ ਨੂੰ 'ਬਨਾਨਾਜ਼' ਯਾਨੀ ਕੇਲੇ ਦੱਸਦਾ ਹੈ ਤੇ ਇਹ ਵੀ ਕਿ ਸਿੱਖ ਹੋਣ ਲਈ ਪੰਜ ਚੀਜਾਂ (ਕਕਾਰ) ਚਾਹੀਦੀਆਂ ਉਹ ਕਿਤੋਂ ਵੀ ਲੈ ਕੇ ਸਿੱਖ ਬਣਿਆ ਜਾ ਸਕਦਾ। ਕਛਹਿਰੇ ਦਾ ਉਹ ਮਖੌਲ ਉਡਾਉਂਦਾ ਹੈ ਅਤੇ ਪੰਜ ਕਕਾਰਾਂ ਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਬਜਾਇ ਗੁਰੂ ਨਾਨਕ ਸਾਹਿਬ ਨਾਲ ਜੋੜ ਰਿਹਾ ਹੈ। ਉਹ ਕਹਿੰਦਾ ਹੈ ਕਿ ਹਿੰਦੂ, ਸਿੱਖ, ਜੈਨ ਆਦਿ ਮੱਤਾਂ ਉਪਰ ਮੇਰਾ ਬੋਲਣਾ ਬੇਲੋੜਾ ਸੀ ਪਰ ਫਿਰ ਵੀ ੧੦ ਸਾਲ ਮੈਂ ਬੋਲਦਾ ਰਿਹਾ! ਪਰ ਜੇ ਇਸ ਪੱਖੋਂ ਸੋਚਿਆ ਜਾਵੇ ਤਾਂ ਉਸ ਦਾ ਬੋਲਿਆ ਹੋਇਆ ੴ ਸਤਿਨਾਮ ਕਿਵੇਂ ਲੋੜਵੰਦ ਸੀ? ਜਦ ਕਿ ਉਸ ਦੇ ਹੀ ਮੁਤਾਬਕ ਉਨ੍ਹਾਂ ਗੱਲਾਂ ਦਾ ਸਮਾ ਲੰਘ ਚੁੱਕਾ?
ਉਸ ਦੀ ਨੀਚਤਾ ਇਹ ਹੈ ਕਿ ਪੰਜਾਬ ਦੇ ਜਿੰਨਾ ਲੋਕਾਂ ਉਸ ਨੂੰ ਸਿਰ ਉਪਰ ਚੁੱਕਿਆ, ਅਪਣੇ ਪ੍ਰਹਾਣਚਾਰੀ ਸੁਭਾaੇ ਕਾਰਨ ਫਰਾਖ ਦਿਲੀ ਨਾਲ ਉਸ ਨੂੰ ਗਲ ਨਾਲ ਲਾਇਆ ਉਹ ਉਸੇ ਉਸੇ ਪੰਜਾਬ ਅਤੇ ਪੰਜਾਬੀਆਂ ਦਾ ਗੱਧੇ ਕਹਿਕੇ ਮਜਾਕ ਉਡਾਉਂਦਾ ਹੈ। 'ਰਜਨੀਸ਼ ਬਾਈਬਲ' ਦੇ ਪੰਨਾ ੬੭੦ ਉਪਰ ਕਹਿੰਦਾ ਹੈ, 'ਪੰਜਾਬੀ ਗਧੇ ਫਿਰ ਵੀ ਉਸ ਨੂੰ ਸਿਰ ਤੇ ਚੁੱਕੀ ਫਿਰਦੇ ਹਨ। ਇਹ ਉਨ੍ਹਾਂ ਦੀ ਗੁਲਾਮ ਜ਼ਹਿਨੀਅਤ ਦਾ ਹਿੱਸਾ ਗਿਣਿਆ ਜਾਵੇਗਾ। ਪੰਜਾਬ ਨੂੰ ਹਿੰਦੋਸਤਾਨ ਦਾ ਓਰੇਗਨ ਹੋਣਾ ਚਾਹੀਦਾ ਹੈ। ਪਰ ਦੇਸ਼ ਦੇ ਸਾਰੇ ਗਧੇ ਪੰਜਾਬ ਵਿਚ ਰਹਿਣ ਦਾ ਪ੍ਰਬੰਧ ਕਰੀ ਬੈਠੇ ਹਨ'!
ਸਿੱਖ ਬਹੁਤ ਖੁਸ਼ ਸਨ ਕਿ ਰਜਨੀਸ਼ ਨੇ ਜਪੁਜੀ ਸਾਹਿਬ ਦੀ ਵਿਆਖਿਆ ਬੜੀ ਆਹਲਾ ਕੀਤੀ ਹੈ ਬਿਲਕੁਲ ਉਵੇਂ ਜਿਵੇਂ ਲਾਲਾ ਦੌਲਤ ਰਾਇ ਦੀ 'ਸਾਹਿਬੇ ਕਾਮਲ ਗੁਰੂ ਗੋਬਿੰਦ ਸਿੰਘ ਜੀ'। ਪਰ ਚਿਰ ਬਾਅਦ ਸਮਝ ਆਈ ਕਿ ਦੌਲਤ ਰਾਇ ਕਿੰਨੀ ਬਰੀਕੀ ਨਾਲ ਗੁਰੂ ਸਾਹਿਬ ਦੀ ਵਿਸ਼ਾਲ ਸ਼ਖਸ਼ੀਅਤ ਨੂੰ ਇਕ ਧਰਤੀ ਦੇ ਓਸ ਟੁਕੜੇ ਨਾਲ ਬੰਨ ਗਿਆ ਹੈ ਜਿਸ ਦੀ ਉਦੋਂ ਹਾਲੇ ਹੋਂਦ ਹੀ ਕੋਈ ਨਾ ਸੀ। ਯਾਨੀ ਦੇਸ਼ ਭਗਤ? ਰਜਨੀਸ਼ ਜਪੁਜੀ ਸਾਹਿਬ ਦੀ ਵਿਆਖਿਆ ਵਿਚ ਬੜੇ ਸੰਕੋਚਵੇ ਅਤੇ ਬਰੀਕ ਤਰੀਕੇ ਨਾਲ ਆਰੀਆ ਸਮਾਜੀ ਦਯਾ ਨੰਦ ਵਾਲੀ ਟੋਨ ਤੇ ਗੁਰੂ ਨਾਨਕ ਸਾਹਿਬ ਨੂੰ ਅਨਪੜ ਅਤੇ ਸਿਧੇ ਸਾਦੇ ਪੇਡੂੰ ਕਹਿੰਦਾ ਹੈ ਅਤੇ ਕਹਿੰਦਾ ਹੈ ਕਿ ਗੁਰੂ ਨਾਨਕ ਨੇ ਮੱਝੀਆਂ ਚਾਰਨੀਆਂ ਤਾਂ ਸਵੀਕਾਰ ਕੀਤੀਆਂ ਕਿਉਂਕਿ ਉਹ ਬੰਦਿਆ ਨਾਲੋਂ ਪਸ਼ੂਆਂ ਨਾਲ ਰਹਿ ਕੇ ਵਧੇਰੇ ਸ਼ਾਂਤੀ ਮਹਿਸੂਸ ਕਰਦੇ ਸਨ'। ਅਜਿਹੀ ਹੀ ਬਕੜਵਾਹ ਉਸ ਭਗਤ ਕਬੀਰ ਜੀ ਬਾਰੇ ਮਾਰੀ ਹੈ ਕਿ 'ਈਸਾ ਜਾਂ ਕਬੀਰ ਵਰਗੇ ਅਨਪੜ੍ਹਾਂ ਬਾਰੇ ਦਾਅਵਾ ਕਰਨਾ ਜਾਂ ਪੂਰੇ ਜੋਰ ਕਿਸੇ ਗੱਲ ਦਾ ਇਜ਼ਹਾਰ ਕਰਨਾ ਬੜਾ ਅਸਾਨ ਕੰਮ ਹੈ। ਅਪਣੇ ਦੁਆਲੇ ਮੂਰਖਾਂ ਦਾ ਟੋਲਾ ਇਕੱਠਾ ਕਰੋ, ਜੋ ਦੁਨੀਆਂ ਦਾ ਸਭ ਤੋਂ ਅਸਾਨ ਕੰਮ ਹੈ। ਗਲੀ ਵਿਚ ਸਿਰ ਭਾਰ ਖੜੇ ਹੋਵੇ ਮੂਰਖ ਦੌੜੇ ਆਉਂਣਗੇ'।
'ਖਿੰਥਾ ਕਾਲ ਕੁਆਰੀ ਕਾਇਆਂ' ਦੇ ਰਜਨੀਸ਼ ਅਪਣੀ ਕਾਮ ਬਿਰਤੀ ਵਾਲੇ ਅਰਥ ਦਿੰਦਾ ਹੈ ਜਦ ਉਹ ਕਹਿੰਦਾ ਹੈ ਕਿ 'ਨਾਥ ਸੰਪਰਦਾਇ ਅਤੇ ਤਾਂਤ੍ਰਿਕਾਂ ਦੇ ਬਹੁਤ ਸਾਰੇ ਸੰਪਰਦਾਇ ਹਨ ਜੋ ਸਾਧਨਾ ਲਈ ਕਿਸੇ ਕੁਆਰੀ ਇਸਤਰੀ ਨੰੂੰ ਲੱਭਦੇ ਹਨ ਕਿਉਂਕਿ ਕੁਆਰੀ ਇਸਤਰੀ ਨਾਲ ਵਿਸ਼ੇਸ਼ ਤਾਂਤ੍ਰਿਕ ਸੰਭੋਗ ਦੇ ਮਾਧਿਅਮ ਨਾਲ ਧਿਆਨ ਦੀ ਉਪਲਬਧਤਾ ਹੋ ਸਕਦੀ ਹੈ। ਇਹ ਗਲ ਸਹੀ ਹੈ। ਇਹ ਹੋ ਸਕਦਾ ਹੈ। ਤੰਤਰ ਨੇ ਉਸ ਦਾ ਮਾਰਗ ਖੋਜਿਆ ਹੈ'।
ਓਸ਼ੋ ਬੇਸ਼ਕ ਨਾਸਤਿਕ ਹੈ, ਉਹ ਕਿਸੇ ਧਰਮ ਨੂੰ ਨਹੀ ਮੰਨਦਾ, ਇਹ ਉਸ ਦਾ ਅਪਣਾ ਵਿਸ਼ਾ ਹੈ ਹਰੇਕ ਨੂੰ ਖੁਲ੍ਹ ਹੈ ਮੰਨੇ ਨਾ ਮੰਨੇ ਪਰ ਉਹ ਪੁਨਰ ਜਨਮ ਨੂੰ ਮੰਨਦਾ ਹੈ ਅਤੇ ਅਪਣੇ ਕਈ ਪਿੱਛਲੇ ਜਨਮਾ ਦੇ ਗਪੌੜ ਵੀ ਸੁਣਾਉਂਦਾ ਹੈ ਅਤੇ ਪਿੱਛਲੇ ਜਨਮਾਂ ਵਿਚ ਭਉਂਦਾ-ਭਉਂਦਾ ਉਹ ਸੁਕਰਾਤ ਨਾਲ ਅਪਣੀ ਪੂਛ ਜੋੜ ਦਿੰਦਾ ਹੈ?
ਓਸ਼ੋ ਦਾ ਕ੍ਰੋਧ ਨੂੰ ਮਾਰਨ ਦਾ ਦੱਸਿਆ ਤਰੀਕਾ ਇਨ੍ਹਾਂ ਬਚਕਾਨਾ ਹੈ ਕਿ ਜਿਵੇਂ ਕੋਈ ਬੱਚਿਆਂ ਜਿਹਿਆ ਵਾਲੀ ਖੇਡ ਹੋਵੇ । ਕਿ ਤੁਸੀਂ ਚੀਕਾਂ ਮਾਰੋ, ਇੱਕ ਦੂਏ ਨੂੰ ਕੁੱਟੋ, ਮਾਰੋ, ਗੁੱਸਾ ਕਰੋ, ਰੋਵੋ, ਲੜੋ ਤੇ ਇਉਂ ਗੁੱਸਾ ਸ਼ਾਂਤ ਹੋ ਕੇ ਸਮਾਧੀ ਲੱਗ ਜਾਏਗੀ? ਗੁੱਸਾ ਕੱਢ ਲੈਣ ਨਾਲ ਜੇ ਗੁੱਸਾ ਮਰਦਾ ਹੋਵੇ ਤਾਂ ਅਮੀਰ ਘਰਾਂ ਵਿਚ ਨੌਕਰਾਂ ਤੇ ਹਰੇਕ ਗੱਲੇ ਗੁੱਸਾ ਕੀਤਾ ਤੇ ਕੱਢਿਆ ਜਾਂਦਾ ਹੈ ਪਰ ਉਹ ਹੋਰ ਕ੍ਰੋਧੀ ਹੁੰਦੇ ਜਾਂਦੇ ਹਨ ਤੇ ਗਰੀਬ ਨੌਕਰਾਂ ਤੇ ਜਿਆਦਾ ਜੁਲਮ ਕਰਦੇ ਹਨ। ਇਹ ਗੁੱਸਾ ਕੱਢ ਕੇ ਸ਼ਾਂਤ ਹੋ ਜਾਣ ਵਾਲੀ ਕਹਾਣੀ ਤੁਸੀਂ ਅਗਲੀ ਕਿਸ਼ਤ ਵਾਲੀ ਮੂਵੀ ਵਿਚ ਵੀ ਦੇਖ ਸਕਦੇ ਹੋਂ।
ਓਸ਼ੋ ਕਹਿੰਦਾ ਕਾਮ ਭੋਗਣ ਨਾਲ ਕਾਮ ਸ਼ਾਂਤ ਹੋ ਜਾਂਦਾ ਹੈ ਤੇ ਸਮਾਧੀ ਲੱਗ ਜਾਂਦੀ ਯਾਣੀ ਕਾਮ ਦੇ ਇਸ ਭੂਤਰੇ ਸਾਨ੍ਹ ਨੂੰ ਨੱਥ ਪਾਉਂਣ ਦੀ ਬਜਾਇ ਖੁਲ੍ਹਾ ਛੱਡ ਦਿਓ ਇਹ ਸ਼ਾਂਤ ਹੋ ਕੇ ਸਮਾਧੀ ਵੰਨੀ ਤੁਰ ਪਏਗਾ। ਓਸ਼ੋ ਦੀ ਚੇਲੀ ਅਨੰਦ ਸ਼ੀਲਾ ਮੁਤਾਬਕ ਓਸ਼ੋ ਮਹੀਨੇ ਵਿਚ ਕੋਈ ਅਲੱਗ ਅੱਲਗ ੯੦ ਔਰਤਾਂ ਭੋਗਦਾ ਸੀ ਪਰ ਕੀ ਉਸ ਦੀ ਸਮਾਧੀ ਲੱਗ ਕੇ ਕਾਮ ਸ਼ਾਂਤ ਹੋ ਗਿਆ? ਜਦ ਕਿ ਉਹ ਬੁੱਢੇ ਵਾਰੇ ਤੱਕ ਕਾਮ ਦੀਆਂ ਗੱਲਾਂ ਕਰ ਕਰ ਠਰਕ ਭੋਰਦਾ ਰਿਹਾ ਅਤੇ ਦੂਜਿਆਂ ਦੀਆਂ ਔਰਤਾਂ ਮਰਦਾਂ ਨੂੰ ਭੋਗਦੇ ਦੇਖ ਅਪਣੀ ਹਿਰਸ ਪੂਰੀ ਕਰਦਾ ਰਿਹਾ।
ਓਸ਼ੋ ਕੀ ਸੀ ਕੀ ਨਹੀ ਉਸ ਕੀ ਕੀਤਾ, ਕੀ ਕਿਹਾ ਅਸੀਂ ਕੁਝ ਲੈਣਾ ਦੇਣਾ ਨਹੀ ਪਰ ਅਸੀਂ ਉਸ ਵੇਲੇ ਬੋਲਾਂਗੇ ਜਦ ਕੋਈ ਸਿੱਖਾਂ ਦੇ ਪੱਗਾਂ ਵਾਲੇ ਅਪਣੀ ਮੂਰਖਤਾ ਦਾ ਸਬੂਤ ਦਿੰਦੇ ਹੋਏ ਗੁਰੂ ਨਾਨਕ ਅਤੇ ਓਸ਼ੋ ਨੂੰ ਰੱਲਗਡ ਕਰਨ ਦੀ ਕੋਸ਼ਿਸ਼ ਕਰਨਗੇ। ਓਸ਼ੋ ਨਾਲ ਨਾਨਕ ਨੂੰ ਰੱਲਗਡ ਕਰਨ ਵਾਲੇ ਅਗਲੀ ਕਿਸ਼ਤ ਵਿਚ ਓਸ਼ੋ ਦੀਆਂ ਪ੍ਰਤੱਖ ਖੇਡਾਂ ਵੀ ਦੇਖ ਲੈਣ ਪਰ ਜਿੰਨਾ ਮਹਾਂਪੁਰਖਾਂ ਨਾਲ ਉਸ ਨੂੰ ਰਲਗੱਡ ਕਰ ਰਹੇ ਹਨ ਉਨਹਾਂ ਦੇ ਆਹਾ ਬਚਨ ਵੀ ਯਾਦ ਰੱਖ ਲੈਣ।
ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੂਮਰ॥ ਜੈਸੇ ਸੰਗਿ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ॥
ਚਲਦਾ…
ਗੁਰਦੇਵ ਸਿੰਘ ਸੱਧੇਵਾਲੀਆ