Saturday, August 15, 2020

ਅਜ਼ਾਦੀ ਕਿ ਉਜਾੜਾ

ਅਜ਼ਾਦੀ ਕਿ ਉਜਾੜਾ 
ਢੋਲ ਵਜਦਾ ਸੁਣ ਬਾਬੇ ਨੇ ,
ਪੋਤੇ ਨੂੰ ਕੀਤਾ ਇੱਕ ਸਵਾਲ |
ਇਹ ਕੌਣ ਹੈ ਢੋਲੇ ਗਾਂਵਦਾ ,
ਇਹ ਕਿੱਥੇ ਪੈ ਰਹੀ ਧਮਾਲ |
ਪੋਤਾ ਕਹਿੰਦਾ ਮੇਰੇ ਬਾਬਾ ਜੀ ,
ਕਰੋ ਕੁਝ ਤੁਸੀਂ ਅੱਜ ਯਾਦ |
ਪੰਦਰਾਂ ਅਗਸਤ ਮਨਾ ਰਹੇ,
ਅਸੀਂ ਹੋਏ ਸੀ ਅੱਜ ਅਜ਼ਾਦ |
ਇੰਨੀ ਗੱਲ ਸੁਣਕੇ ਬਾਬਾ ,
ਹੰਝੂਆਂ ਦੇ ਵਿੱਚ ਹੜ੍ਹ ਗਿਆ |
ਸੰਨ ਸੰਨਤਾਲੀ ਆ ਕੇ ਫੇਰ,
ਉਹਦੀ ਹਿੱਕ ਉੱਤੇ ਚੜ੍ਹ ਗਿਆ |
ਰੋਂਦਾ ਰੋਂਦਾ ਬੋਲਿਆ ਫੇਰ ,
ਉਹ ਬਾਬਾ ਕਰਤਾਰਾ ਓਏ |
ਅਜ਼ਾਦੀ ਕਾਹਦੀ ਸੀ ਸ਼ੇਰਾ,
ਉਹ ਤਾਂ ਇੱਕ ਉਜਾੜਾ ਸੀ |
ਅਾਰ ਨੂੰ ਮਾਰ ਗਈ,ਪਾਰ ਨੂੰ ਮਾਰ ਗਈ,
ਰਾਮ ਰਹੀਮ ਨਾਲ ਤੂੰ ਸਰਦਾਰ ਨੂੰ ਮਾਰ ਗਈ |
ਦੱਸ ਤੈਨੂੰ ਕਿਵੇਂ ਵਡਿਆਵਾਂ ਨੀ ਅਜ਼ਾਦੀਏ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਖਿੱਚੀ ਸੀ ਲਕੀਰ ਤੂੰ ਵੰਡੇ ਸੀ ਦੇਸ਼ ਨੀਂ ,
ਆਪਣੇ ਸੀ ਜਿਹੜੇ ਹੁਣ ਹੋਏ ਪਰਦੇਸ ਨੀਂ |
ਕਿੰਝ ਬਦਲਿਆ ਸੀ ਸਿਰਨਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਆਜ਼ਾਦੀਏ |
ਮਾਵਾਂ ਦੇ ਪੁੱਤ ਮਰੇ ਭੈਣਾਂ ਦੇ ਵੀਰ ਨੀ ,
ਸੁਹਾਗਣਾਂ ਦੇ ਮਿਟ ਗਏ ਸੰਧੂਰ ਵਾਲੇ ਚੀਰ ਨੀ|
ਬਾਲ਼ਾਂ ਸਿਰੋਂ ਉਠੀਆਂ ਸੀ ਛਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਫ਼ਾਸੀਆਂ ਦੇ ਰੱਸੇ ਚੁੰਮੇ ਮਾਵਾਂ ਦੇ ਲਾਲਾਂ ਨੇ ,
ਫ਼ਰੰਗੀਆਂ ਨੇ ਖੇਡੀਆਂ ਪਰ ਕੋਝੀਆਂ ਚਾਲਾਂ ਨੇ |
ਕਿਹੜੀ ਕਿਹੜੀ ਚਾਲ ਸਮਝਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਸੱਤਾ ਦੇ ਸੀ ਲਾਲਚੀ ਤੇ ਕੁਰਸੀ ਦੀ ਖਿੱਚ ਸੀ ,
ਦੇਸ਼ ਤੋਂ ਪਿਆਰੇ ਹੋ ਗਏ ਆਪਣੇ ਹੀ ਹਿੱਤ ਸੀ |
ਬਦਲੀਆਂ ਸੀ ਫੇਰ ਫ਼ਿਜਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਜ਼ਖ਼ਮ ਜੋ ਮਿਲੇ ਉਦੋਂ ਅੱਜ ਵੀ ਨੇ ਅੱਲ੍ਹੇ ਲੱਗਦੇ ,
ਝੱਲਦੇ ਆ ਸੇਕ ਹੁਣ ਤਾਈਂ ਉਸ ਅੱਗ ਦੇ |
ਝੋਲੀ ਵਿੱਚ ਪਏ ਹੌਂਕੇ ਹਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਚਾਅ ਸੀ ਅਜ਼ਾਦੀ ਵਾਲੇ ਮਨਾਂ 'ਚ ਹੀ ਰਹਿ ਗਏ , 
"ਚਾਹਲ' ਕੁਰਸੀ ਦੇ ਚਾਰ ਪਾਵੇ ਲੱਖਾਂ ਜਾਨਾਂ ਲੈ ਗਏ |
ਵਿਛੜਿਆਂ ਨੂੰ ਕਿੱਥੋਂ ਲੱਭ ਲਿਆਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਜਸਵਿੰਦਰ ਚਾਹਲ 
9876915035

No comments:

Post a Comment

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...