ਜੋ ਰੇਤੇ 'ਚ ਰਚ ਗਏ ਨੇ
ਹੱਡਾਂ ਦੇ ਟੁੱਕੜੇ
ਜੋ ਬਣ ਗਏ ਵਰੋਲੇ
ਗੁਲਾਬੀ ਜਏ ਮੁੱਖੜੇ
ਉਹ ਨਵਿਆਂ ਆਕਾਰਾਂ 'ਚ
ਢਲਦੇ ਹੀ ਰਹਿਣੇ ।
ਇਹ ਚੱਕਰ ਅਨੋਖੇ ਨੇ
ਚੱਲਦੇ ਹੀ ਰਹਿਣੇ
ਸੀ ਲਾਈ ਜਵਾਨੀ
ਜਿਨ੍ਹਾਂ ਦੇ ਮੈਂ ਲੇਖੇ
ਉਹ ਚਾਦਰ ਦੇ ਤੋਤੇ
ਉਡਾ ਕੇ ਨੀਂ ਵੇਖੋ
ਸੰਦੂਕਾਂ 'ਚ ਪਏ ਐਂਵੇਂ
ਗਲਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ।
ਜਿਨ੍ਹਾਂ ਸਿਰ 'ਤੇ ਛੱਤ ਨੀਂ
ਨਾ ਪੈਰਾਂ 'ਚ ਜੋੜੇ
ਜੋ ਫਿਰ ਵੀ ਭਜਾਉਂਦੇ ਨੇ
ਉਮਰਾਂ ਦੇ ਘੋੜੇ
ਉਹ ਭੁੱਖਾਂ ਤੇ ਤੋਹਾਂ ਚ
ਪਲਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।
ਇਹ ਗੁੰਦੀਆਂ ਜੋ ਗੁੱਤਾਂ
ਇਹ ਲਮਕਣ ਪਰਾਂਦੇ
ਇਹ ਕਿੱਥੋਂ ਸੀ ਆਏ
ਤੇ ਕਿੱਧਰ ਨੂੰ ਜਾਂਦੇ ?
ਇਹ ਮੌਸਮ ਨੇ ਮੌਸਮ ਤਾਂ
ਟਲ਼ਦੇ ਹੀ ਰਹਿਣੇ ।
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।
ਰਾਣੀ ਤਤ
No comments:
Post a Comment