Saturday, August 15, 2020

ਅਜ਼ਾਦੀ ਕਿ ਉਜਾੜਾ

ਅਜ਼ਾਦੀ ਕਿ ਉਜਾੜਾ 
ਢੋਲ ਵਜਦਾ ਸੁਣ ਬਾਬੇ ਨੇ ,
ਪੋਤੇ ਨੂੰ ਕੀਤਾ ਇੱਕ ਸਵਾਲ |
ਇਹ ਕੌਣ ਹੈ ਢੋਲੇ ਗਾਂਵਦਾ ,
ਇਹ ਕਿੱਥੇ ਪੈ ਰਹੀ ਧਮਾਲ |
ਪੋਤਾ ਕਹਿੰਦਾ ਮੇਰੇ ਬਾਬਾ ਜੀ ,
ਕਰੋ ਕੁਝ ਤੁਸੀਂ ਅੱਜ ਯਾਦ |
ਪੰਦਰਾਂ ਅਗਸਤ ਮਨਾ ਰਹੇ,
ਅਸੀਂ ਹੋਏ ਸੀ ਅੱਜ ਅਜ਼ਾਦ |
ਇੰਨੀ ਗੱਲ ਸੁਣਕੇ ਬਾਬਾ ,
ਹੰਝੂਆਂ ਦੇ ਵਿੱਚ ਹੜ੍ਹ ਗਿਆ |
ਸੰਨ ਸੰਨਤਾਲੀ ਆ ਕੇ ਫੇਰ,
ਉਹਦੀ ਹਿੱਕ ਉੱਤੇ ਚੜ੍ਹ ਗਿਆ |
ਰੋਂਦਾ ਰੋਂਦਾ ਬੋਲਿਆ ਫੇਰ ,
ਉਹ ਬਾਬਾ ਕਰਤਾਰਾ ਓਏ |
ਅਜ਼ਾਦੀ ਕਾਹਦੀ ਸੀ ਸ਼ੇਰਾ,
ਉਹ ਤਾਂ ਇੱਕ ਉਜਾੜਾ ਸੀ |
ਅਾਰ ਨੂੰ ਮਾਰ ਗਈ,ਪਾਰ ਨੂੰ ਮਾਰ ਗਈ,
ਰਾਮ ਰਹੀਮ ਨਾਲ ਤੂੰ ਸਰਦਾਰ ਨੂੰ ਮਾਰ ਗਈ |
ਦੱਸ ਤੈਨੂੰ ਕਿਵੇਂ ਵਡਿਆਵਾਂ ਨੀ ਅਜ਼ਾਦੀਏ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਖਿੱਚੀ ਸੀ ਲਕੀਰ ਤੂੰ ਵੰਡੇ ਸੀ ਦੇਸ਼ ਨੀਂ ,
ਆਪਣੇ ਸੀ ਜਿਹੜੇ ਹੁਣ ਹੋਏ ਪਰਦੇਸ ਨੀਂ |
ਕਿੰਝ ਬਦਲਿਆ ਸੀ ਸਿਰਨਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਆਜ਼ਾਦੀਏ |
ਮਾਵਾਂ ਦੇ ਪੁੱਤ ਮਰੇ ਭੈਣਾਂ ਦੇ ਵੀਰ ਨੀ ,
ਸੁਹਾਗਣਾਂ ਦੇ ਮਿਟ ਗਏ ਸੰਧੂਰ ਵਾਲੇ ਚੀਰ ਨੀ|
ਬਾਲ਼ਾਂ ਸਿਰੋਂ ਉਠੀਆਂ ਸੀ ਛਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਫ਼ਾਸੀਆਂ ਦੇ ਰੱਸੇ ਚੁੰਮੇ ਮਾਵਾਂ ਦੇ ਲਾਲਾਂ ਨੇ ,
ਫ਼ਰੰਗੀਆਂ ਨੇ ਖੇਡੀਆਂ ਪਰ ਕੋਝੀਆਂ ਚਾਲਾਂ ਨੇ |
ਕਿਹੜੀ ਕਿਹੜੀ ਚਾਲ ਸਮਝਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਸੱਤਾ ਦੇ ਸੀ ਲਾਲਚੀ ਤੇ ਕੁਰਸੀ ਦੀ ਖਿੱਚ ਸੀ ,
ਦੇਸ਼ ਤੋਂ ਪਿਆਰੇ ਹੋ ਗਏ ਆਪਣੇ ਹੀ ਹਿੱਤ ਸੀ |
ਬਦਲੀਆਂ ਸੀ ਫੇਰ ਫ਼ਿਜਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਜ਼ਖ਼ਮ ਜੋ ਮਿਲੇ ਉਦੋਂ ਅੱਜ ਵੀ ਨੇ ਅੱਲ੍ਹੇ ਲੱਗਦੇ ,
ਝੱਲਦੇ ਆ ਸੇਕ ਹੁਣ ਤਾਈਂ ਉਸ ਅੱਗ ਦੇ |
ਝੋਲੀ ਵਿੱਚ ਪਏ ਹੌਂਕੇ ਹਾਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਚਾਅ ਸੀ ਅਜ਼ਾਦੀ ਵਾਲੇ ਮਨਾਂ 'ਚ ਹੀ ਰਹਿ ਗਏ , 
"ਚਾਹਲ' ਕੁਰਸੀ ਦੇ ਚਾਰ ਪਾਵੇ ਲੱਖਾਂ ਜਾਨਾਂ ਲੈ ਗਏ |
ਵਿਛੜਿਆਂ ਨੂੰ ਕਿੱਥੋਂ ਲੱਭ ਲਿਆਵਾਂ ਨੀ ਅਜ਼ਾਦੀਏ ,
ਕਿਹੜੇ ਹੌਂਸਲੇ ਜਸ਼ਨ ਮਨਾਵਾਂ ਨੀ ਅਜ਼ਾਦੀਏ |
ਜਸਵਿੰਦਰ ਚਾਹਲ 
9876915035

Saturday, August 1, 2020

ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ

ਜੋ ਰੇਤੇ 'ਚ ਰਚ ਗਏ ਨੇ
ਹੱਡਾਂ ਦੇ ਟੁੱਕੜੇ
ਜੋ ਬਣ ਗਏ ਵਰੋਲੇ
ਗੁਲਾਬੀ ਜਏ ਮੁੱਖੜੇ
ਉਹ ਨਵਿਆਂ ਆਕਾਰਾਂ 'ਚ
ਢਲਦੇ ਹੀ ਰਹਿਣੇ ।

ਇਹ ਚੱਕਰ ਅਨੋਖੇ ਨੇ
 ਚੱਲਦੇ ਹੀ ਰਹਿਣੇ

ਸੀ ਲਾਈ ਜਵਾਨੀ
ਜਿਨ੍ਹਾਂ ਦੇ ਮੈਂ ਲੇਖੇ
ਉਹ ਚਾਦਰ ਦੇ ਤੋਤੇ
ਉਡਾ ਕੇ ਨੀਂ ਵੇਖੋ
ਸੰਦੂਕਾਂ 'ਚ ਪਏ ਐਂਵੇਂ
ਗਲਦੇ ਹੀ ਰਹਿਣੇ

ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ।

ਜਿਨ੍ਹਾਂ ਸਿਰ 'ਤੇ ਛੱਤ ਨੀਂ
ਨਾ ਪੈਰਾਂ 'ਚ ਜੋੜੇ
ਜੋ ਫਿਰ ਵੀ ਭਜਾਉਂਦੇ ਨੇ
ਉਮਰਾਂ ਦੇ ਘੋੜੇ
ਉਹ ਭੁੱਖਾਂ ਤੇ ਤੋਹਾਂ ਚ
ਪਲਦੇ ਹੀ ਰਹਿਣੇ

ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।

ਇਹ ਗੁੰਦੀਆਂ ਜੋ ਗੁੱਤਾਂ
ਇਹ ਲਮਕਣ ਪਰਾਂਦੇ
ਇਹ ਕਿੱਥੋਂ ਸੀ ਆਏ
ਤੇ ਕਿੱਧਰ ਨੂੰ ਜਾਂਦੇ ?
ਇਹ ਮੌਸਮ ਨੇ ਮੌਸਮ ਤਾਂ
ਟਲ਼ਦੇ ਹੀ ਰਹਿਣੇ ।

ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।

ਰਾਣੀ ਤਤ

ਮੈਂ ਊਧਮ ਸਿੰਘ ਹਾਂ ਬੋਲ ਰਿਹਾ,

ਮੈਂ ਊਧਮ ਸਿੰਘ ਹਾਂ ਬੋਲ ਰਿਹਾ

ਮੈਂ ਊਧਮ ਸਿੰਘ ਹਾਂ ਬੋਲ ਰਿਹਾ,
ਮੇਰੀ ਸੁਣਿਓ ਤੁਸੀਂ ਫਰਿਆਦ |
ਤੁਸੀਂ ਯਾਦ ਅੱਜ ਮੈਨੂੰ ਕਰ ਰਹੇ,
ਮੈਂ ਵੀ ਕਰਾ ਦਿਆਂ ਤਹਾਨੂੰ ਯਾਦ |
ਜ਼ਿਲਿਆਂ ਵਾਲੇ ਬਾਗ ਤੋਂ ਲੈ ਕੇ
ਮੈਂ ਲੰਡਨ ਵਾਲੇ ਗਿਆ ਹਾਲ |
ਇੱਕ ਅੱਗ ਰਹੀ ਸੀ ਸੁਲਗਦੀ,
ਮੇਰੇ ਕਾਲਜੇ ਵਿੱਚ ਇੱਕੀ ਸਾਲ |
ਕਿੱਥੋਂ ਊਧਮ ਸਿੰਘ ਬਣਨਾ ਸੀ,
ਜੇ ਮੈਂ ,18ਵੇਂ 'ਚ ਹੁੰਦਾ ਬਦਨਾਮ |
ਜਾਂ ਪਟਾਕੇ ਪਾਉਂਦਾ ਮੈਂ ਬੁਲਟ ਦੇ ,
ਜੇ ਮੋਟਰ 'ਤੇ ਖੜ੍ਹਕਾਉਂਦਾ ਜਾਮ |
ਬਾਤ ਪਾਈ ਸੀ ਅਸੀਂ ਵਿਚਾਰਾਂ ਦੀ,
ਪਰ ਹੁੰਗਾਰਾ ਸੀ ਮੁੱਛਾਂ ਕੁੰਡੀਆਂ ਦਾ |
ਗੰਡਾਸੇ ਤਾਂ ਤਿੱਖੇ ਤੁਸੀਂ ਕਰੀ ਜਾਂਦੇ ,
ਪਰ ਕੀ ਕਰੋਗੇ ਸੋਚਾਂ ਖੁੰਡੀਆਂ ਦਾ |
ਫੁੱਲ ਹੋਣਗੇ ਇਹੀ ਸੱਚੀ ਸ਼ਰਧਾ ਦੇ ,
'ਚਾਹਲ' ਐਸੀ ਇਬਾਰਤ ਲਿਖੀਏ ਜੀ |
'ਉਹ' ਤਾਂ ਆਪਣੇ ਲਈ ਮਰ-ਮਿੱਟ ਗਏ,
ਆਓ ਆਪਾਂ ਜਿਉਂਣਾ ਤਾਂ ਸਿੱਖੀਏ ਜੀ |
ਜਸਵਿੰਦਰ ਚਾਹਲ 
9876915035

ਉਹਨਾਂ ਈ ਡਰਨਾ ਧੀ ਜੰਮਣ ਤੋਂ ,

ਕਿੰਨੇ ਹੁੰਦੇ,ਕੰਮ ਕੁੜੀਆਂ ਦੇ , ਦੱਸ ਨੀ ਸਕਦਾ,ਗਮ ਕੁੜੀਆਂ ਦੇ । ਉਹਨਾਂ ਈ ਡਰਨਾ ਧੀ ਜੰਮਣ ਤੋਂ , ਜਿੰਨਾਂ ਨੋਚੇ ਚੰਮ,ਕੁੜੀਆਂ ਦੇ । ਅੱਧੇ ਪੇਕੇ ਅੱਧੇ ਸਹੁ...