ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਜਿੱਥੋਂ ਖੁਸ਼ੀ ਲੰਘ ਜਾਵੇ ਪਾਸਾ ਵੱਟ ਸੱਜਣਾ,ਜਿੱਥੇ ਛਾ ਜਾਂਦੀ ਉਦਾਸੀ ਝੱਟ ਸੱਜਣਾ।
ਜਿੱਥੇ ਰੀਝ ਲੰਮੀ ਉਡਾਰੀ ਦੀ,ਪਰ 'ਪਰ' ਨਹੀਂ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ, ਘਰ ਨਹੀਂ ਹੁੰਦੇ।
ਜਿੱਥੇ ਬੰਦ ਬੂਹੇ ਤੇ ਬਾਰੀਆਂ ਹੋਣ,
ਬੰਦਿਆਂ ਤੋਂ ਚੀਜ਼ਾਂ ਪਿਆਰੀਆਂ ਹੋਣ।
ਜਿੱਥੇ ਦਸਤਕ ਨੂੰ ਉਡੀਕਦੇ ਦਰ ਨਹੀਂ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਜਿੱਥੇ ਲਾਟੂ ਤਾਂ ਜਗਦੇ ਭਾਵੇਂ ਬਨੇਰੇ ਹੋਣ,
ਪਰ ਦਿਲਾਂ ਵਿੱਚ ਘੁੱਪ ਹਨੇਰੇ ਹੋਣ।
'ਤੂੰ' ਜਿੱਤਣ ਲਈ 'ਮੈਂ' ਹੁਰੀਂ ਜਿੱਥੇ ਹਰ ਨਹੀ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਜਿੱਥੇ ਦਿਲ ਤੋਂ ਨਾ ਕੋਈ ਅਮੀਰ ਹੋਵੇ,
ਦਰ ਤੋਂ ਖਾਲ਼ੀ ਮੁੜਦਾ ਫ਼ਕੀਰ ਹੋਵੇ।
ਖਾਲ਼ੀ ਕਾਸੇ ਜਿੱਥੇ ਕਿਸੇ ਦੇ ਭਰ ਨੀ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਜਿੱਥੇ ਮੋਹ ਪਿਆਰ ਨਾ ਸਬਰ ਹੋਵੇ,
ਜਿੱਥੇ ਰੂਹਾਂ ਦੀ ਨਾ ਕੋਈ ਖ਼ਬਰ ਹੋਵੇ।
ਤਪਦੇ ਹਿਰਦੇ ਮਮਤਾ ਦੇ ਨਾਲ ਠਰ ਨਹੀਂ ਹੁੰਦੇ,
ਉਹ ਮਕਾਨ ਹੁੰਦੇ ਨੇ ਸੋਹਣਿਆ ਘਰ ਨਹੀਂ ਹੁੰਦੇ।
ਛੱਡੋ ਖਹਿੜਾ ਇਹਨਾਂ ਮਕਾਨਾਂ ਦਾ ਅਾਓ ਘਰ ਬਣਾਈਏ ਜੀ ,
ਵਿਸ਼ਵਾਸ ਵਾਲੀਆਂ ਇੱਟਾਂ ਨੂੰ ਮੋਹ ਪਿਆਰ ਨਾਲ ਲਾਈਏ ਜੀ।
ਹੌਂਸਲੇ ਵਾਲੀਆਂ ਨੀਹਾਂ ਉੱਤੇ ਅਸੀਸ ਵਰਗੀ ਓਏ ਛੱਤ ਹੋਵੇ,
ਅਾਸ ਵਾਲੇ ਬਨੇਰੇ ਹੋਣ ਤੇ ਝਰੋਖਿਆਂ ਨੂੰ ਓਏ ਮੱਤ ਹੋਵੇ ।
ਸਰਦਲ "ਤੇ ਦਸਤਕ ਦੇਵੇ ਮੇਰਾ ਪ੍ਰੀਤਮ ਰੰਗਲਾ ਜੀ ,
'ਚਾਹਲ' ਨੇ ਕੀ ਕਰਨਾ ਫੇਰ, ਨਹਿਰੋਂ ਪਾਰ ਬੰਗਲਾ ਜੀ।
ਜਸਵਿੰਦਰ ਚਾਹਲ 9876915035