ਕੀ ਹੁੰਦੀ ਆ ਉਡੀਕ ਜੀ ?
ਕਹਿੰਦਾ ਡੈਡੀ! ਕੀ ਹੁੰਦੀ ਆ ਉਡੀਕ ਜੀ ?
ਉਡੀਕ.............. ਫਿਰ ਮੈਂ ਦੱਸਿਆ..........
ਬੀਜ ਨੀ ਉਹ ਤਾਂ ਸੁਪਨੇ ਹੈ ਬੀਜਦਾ,
ਬੱਲੀ ਵਿੱਚ ਦਾਣਾ ਹੁੰਦਾ ਕੱਲੀ ਕੱਲੀ ਰੀਝ ਦਾ।
ਜੋ ਰੰਗ ਹਰੇ ਤੋਂ ਸੁਨਹਿਰੀ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਚੁੱਲ੍ਹੇ ਵਾਲੀ ਅੱਗ ਉੱਤੇ ਗਰੀਬੀ ਵਾਲਾ ਕਹਿਰ ਹੋਵੇ,
ਦਿਹਾੜੀ ਲਾਉਣ ਲਈ ਬਾਪੂ ਗਿਆ ਸ਼ਹਿਰ ਹੋਵੇ।
ਕਦੋਂ ਚੁੱਲੵੇ ਮੱਚ ਪੇਟ ਵਾਲੀ ਸ਼ੀਤ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਮਜ਼ਬੂਰੀ ਕਰਕੇ ਦੇਸ਼ ਪੈਜੇ ਛੱਡਣਾ,
ਚੂੜੇ ਵਾਲੀ ਦਾ ਕੰਤ ਬਿਨਾਂ ਟੈਮ ਕੱਢਣਾ।
ਜਦੋਂ ਆਉਣ ਦੀ ਨਾ ਕੋਈ ਤਾਰੀਖ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਪੁੱਤ ਪਰਦੇਸੀਂ ਮਾਪੇ ਜਹਾਨੋਂ ਤੁਰ ਦੇ,
ਫੁੱਲ ਜਾਣਾ ਲੋਚਦੇ ਨੇ ਰਾਹ ਕੀਰਤਪੁਰ ਦੇ।
ਜੋ ਕਿੱਲੇ ਤੋਂ ਗੰਢ ਖੋਲਣ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਸਿਰੋਂ ਉੱਠ ਜਾਵੇ ਜਦੋਂ ਸਾਈਂ ਸਿਰ ਦਾ,
ਵਿਹੜੇ 'ਚ ਨਿੱਕਾ ਜਾ ਪੁੱਤ ਹੋਵੇ ਫਿਰਦਾ।
ਜੋ ਆਸ ਅੱਖਾਂ 'ਚ ਗੱਭਰੂ ਹੋਣ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਤੁਰ ਪਿਆ ਰਫ਼ੀਕ ਛੱਡ ਸੱਜਣ ਦੀ ਬਾਤ ਨੂੰ,
ਆਜ਼ਾਦੀ ਆ ਵੜੀ ਕਹਿੰਦੇ ਅੱਧੀ ਰਾਤ ਨੂੰ।
'ਚੰਗਾ ਫੇਰ' ਤੋਂ ਫੇਰ ਚੰਗਾ ਤੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਸਿਰ 'ਤੇ 'ਚਾਹਲ' ਦੇ ਆਸਾਂ ਵਾਲਾ ਟੋਕਰਾ,
ਕੱਲੵ ਇਹੀ ਸਵਾਲ ਤੈਨੂੰ ਪੁੱਛੇ ਮੇਰਾ ਪੋਤਰਾ।
ਜਿਹੜੀ ਅੱਜ ਘੜੀ ਔਖੀ ਕੱਲੵ ਠੀਕ ਹੁੰਦੀ ਏ,
ਉਹੀ ਤਾਂ ਪੁੱਤਰਾ ਉਡੀਕ ਹੁੰਦੀ ਏ।
ਜਸਵਿੰਦਰ ਚਾਹਲ 9876915035