ਅੱਧੀ ਰਾਤੀ ਨਿਕਲੇ ਸਾਂ ਚੋਰੀ ਲੁਧਿਆਣਿਓ
ਥੱਕਿਓ ਨਾ ਤੁਰੀ ਚੱਲੋ ਨਿੱਕਿਓ ਨਿਆਣਿਓ
ਸਾਡੇ ਘਰ ਜੰਮੇ ਥੋਡਾ ਐਨਾ ਹੀ ਕਸੂਰ ਏ
ਹਾਲੇ ਖੰਨੇ ਪਹੁੰਚੇ ਆਂ ਬਿਹਾਰ ਬੜੀ ਦੂਰ ਏ
ਰੋ-ਰੋ ਕੇ ਥੱਕ ਚੱਲੇ ਕਾਕੇ ਨੂੰ ਕੀ ਦੱਸੀਏ
ਉਹਦੇ ਵਾਂਗ ਅੱਗ ਸਾਡੇ ਢਿੱਡਾਂ 'ਚ ਵੀ ਮੱਚੀ ਏ
ਵੱਡੀ ਕੁੜੀ ਨਿੱਕੀਆਂ ਨੂੰ ਚੋਰੀ-ਚੋਰੀ ਆਖਦੀ ਏ
ਰਾਹ 'ਚ ਕੁੱਝ ਮੰਗਿਓ ਨਾ ਪਾਪਾ ਮਜਬੂਰ ਏ
ਤੰਗ ਜੁੱਤੀ ਪੈਰਾਂ ਦੀਆਂ ਅੱਡੀਆਂ ਨੂੰ ਲੱਗਦੀ
ਮਈ ਏ ਮਹੀਨਾ ਉਤੋ ਲੋਅ ਪਈ ਵਗਦੀ
ਢਾਕਾਂ ਤੇ ਜੁਆਕ,ਪੰਡਾਂ ਸਿਰਾਂ ਉਤੇ ਭਾਰੀਆਂ
ਸੜਕਾਂ ਦੀ ਲੁੱਕ ਜਿਵੇਂ ਤਪਿਆ ਤੰਦੂਰ ਏ
ਬੈਠ ਕੇ ਜਹਾਜਾਂ 'ਚ ਕਰੋਨਾ ਦੇਸ਼ ਵੜਿਆ
ਹਰਜਾਨਾ ਰੱਜਿਆਂ ਦਾ ਭੁੱਖਿਆਂ ਨੇ ਭਰਿਆ
ਮਹਿਲਾਂ ਦੀਆਂ ਕੀਤੀਆਂ ਨੂੰ ਢਾਰਿਆਂ ਨੇ ਭੋਗਿਆ
ਮੁੱਢ ਤੋਂ ਚੱਲਦਾ ਇਹ ਆਇਆ ਦਸਤੂਰ ਏ
ਹਰਵਿੰਦਰ
No comments:
Post a Comment