Thursday, May 14, 2020

ਮਿਸ਼ਰੀ ਦੀਆਂ ਡਲੀਆਂ

ਇੱਕ ਦਿਨ ਬਜ਼ਾਰ 'ਚ ਜਾ ਰਿਹਾ ਸੀ, 
ਫਲਾਂ ਵਾਲੇ ਦਾ ਹੋਕਾ ਕੰਨੀਂ ਪਿਆ ਸੀ। 
ਮਿਸ਼ਰੀ ਦੀਆਂ ਡਲੀਆਂ ਜ਼ਰੂਰ ਲਓ ਜੀ
ਅਾਜੋ ਮਿੱਠੇ-ਮਿੱਠੇ ਅੰਗੂਰ ਲਓ ਜੀ।
ਮੈਂ ਵੀ ਥੋੜੵਾ ਜਾ ਖਲੋਅ ਗਿਆ ਸੀ, 
ਰੇਹੜੀ ਦੇ ਕੋਲ ਨੂੰ ਹੋ ਗਿਆ ਸੀ। 
ਬਿਨੵਾਂ ਪੁੱਛੇ ਭਾਈ ਨੇ ਠਾਅ ਦੱਸਿਆ, 
ਸੌ ਰੁਪਏ ਕਿੱਲੋ ਅੰਗੂਰਾਂ ਦਾ ਭਾਅ ਦੱਸਿਆ।
ਨਾਲ ਹੀ ਅੰਗੂਰਾਂ ਦੀ ਇੱਕ ਹੋਰ ਢੇਰੀ ਸੀ, 
ਜਦ ਮੈਂ ਨਿਗਾਹ ਉੱਧਰ ਨੂੰ ਫੇਰੀ ਸੀ। 
ਕਹਿੰਦਾ ਇਹ ਤਾਂ ਸਸਤੇ ਹੀ ਲਾ ਦਿਆਂਗੇ, 
ਵੀਰੇ ਚਾਲੀਆਂ ਦੇ ਕਿੱਲੋ ਪਾ ਦਿਆਂਗੇ।
ਸੋਚਿਆ ਕਿ ਅੰਗੂਰ ਤਾਂ ਇਹ ਵੀ ਸੋਹਣੇ ਆ, 
ਫੇਰ ਯਾਰ ਇੰਨੇ ਸਸਤੇ ਕਿਵੇਂ ਹੋਣੇ ਆ। 
ਇਹ ਇੰਨੇ ਸਸਤੇ ਕਿਵੇਂ ਮੈਂ ਥੋੜੵਾ ਜਾ ਹੱਸਿਆ, 
ਭਾਈ ਨੇ ਸੀ ਫੇਰ ਉਹਦਾ ਕਾਰਨ ਦੱਸਿਆ।
"ਗੁੱਛੇ ਨਾਲੋਂ ਟੁੱਟੇ ਆ ਜੀ" ਇੰਨਾ ਕਹਿ ਗਿਆ, 
ਤਾਂਹੀਂ ਤਾਂ ਇਹਨਾਂ ਦਾ ਭਾਅ ਅੱਧਾ ਰਹਿ ਗਿਆ। 
ਸੁਣਕੇ ਮੈਂ ਗੱਲ ਉਹਦੀ ਸੁੰਨ ਜਿਹਾ ਹੋ ਗਿਆ, 
ਫ਼ਿਰ ਸੀ ਡੂੰਘੀਆਂ ਸੋਚਾਂ ਵਿੱਚ ਖੋ ਗਿਆ।
ਕਿੰਨੀ ਦਮਦਾਰ ਕੋਈ ਗੱਲ ਹੁੰਦੀ ਏ, 
ਸਿੱਧਾ ਇਸ਼ਾਰਾ ਸਾਡੇ ਵੱਲ ਹੁੰਦੀ ਏ। 
ਆਪਣਿਆਂ ਤੋਂ ਟੁੱਟਣ ਦੀ ਬੰਦਾ ਭੁੱਲ ਕਰਦਾ, 
ਆਪਣੇ ਆਪ ਹੀ ਅੱਧਾ ਮੁੱਲ ਕਰਦਾ।
ਹੋਰ ਭਾਵੇਂ ਬਹੁਤ ਕੁਝ ਖੱਟ ਜਾਂਦੀ ਆ, 
ਪਰ ਜੜੵਾਂ ਤੋਂ ਟੁੱਟਕੇ ਕੀਮਤ ਘੱਟ ਜਾਂਦੀ ਆ। 
ਕਿੰਨੇ ਤੋਲਾਂ ਬਾਈ ਉਹਨੇ ਕੀਤਾ ਮੋੜ ਜੀ, 
ਸੋਚਾਂ ਵਾਲੀ ਲੜੀ ਮੇਰੀ ਦਿੱਤੀ ਤੋੜ ਜੀ।
ਕਿੱਲੋ-ਕਿੱਲੋ ਦੋਵੇਂ ਹੀ ਪਾ ਦੇ ਵੀਰਿਆ, 
ਟੁੱਟਿਆਂ ਦੇ ਮੇਲ ਕਰਾ ਦੇ ਵੀਰਿਆ। 
ਦੋ ਹੰਝੂ ਡਿੱਗੇ ਮਨ ਹੌਲਾ ਜਿਵੇਂ ਫੁੱਲ ਸੀ। 
'ਚਾਹਲ' ਪੈ ਗਿਆ ਉਹ ਰਾਹ ਜਿਹੜਾ ਗਿਆ ਭੁੱਲ ਸੀ।
ਜਸਵਿੰਦਰ ਚਾਹਲ 9876915035

No comments:

Post a Comment

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...