Saturday, December 3, 2022

ਪਲੇਠੀ ਦੀ ਧੀ ਦਾ ਵਿਆਹ

ਪਲੇਠੀ ਦੀ ਧੀ ਦਾ ਵਿਆਹ ਉਚੇਚਾ ਆਪਣੇ ਪਿੰਡ ਵਿਚ ਹੀ ਕਰਨਾ ਏ..ਇਹ ਫੈਸਲਾ ਜਦੋਂ ਬਾਹਰ ਬੈਠੀ ਰਿਸ਼ਤੇਦਾਰੀ ਸਾਕ ਬਰਾਦਰੀ ਨਾਲ ਸਾਂਝਾ ਕੀਤਾ ਤਾਂ ਬੜਾ ਜਿਆਦਾ ਮੌਜੂ ਬਣਿਆ..
ਅਖ਼ੇ ਕਿਓਂ ਪੁੱਠੇ ਪਾਣੀ ਤਾਰੀ ਲਾਉਣ ਚਲਿਆਂ..ਇੰਝ ਅੱਜ ਕਲ ਭਲਾ ਕੌਣ ਕਰਦਾ ਏ..ਸ਼ਹਿਰ ਕਿੰਨੇ ਸਾਰੇ ਸੋਹਣੇ ਸੋਹਣੇ ਮੈਰਿਜ ਪੈਲੇਸ..ਕਿੰਨੀਆਂ ਸਾਰੀਆਂ ਸੁਖ ਸਹੂਲਤਾਂ ਅਤੇ ਢੁਕਵੇਂ ਮਾਹੌਲ!
ਦੂਰ ਦੁਰਾਡੇ ਪਿੰਡੀ ਥਾਈ ਸੌ ਮੀਂਹ ਕਣੀ..ਝੱਖੜ ਤੂਫ਼ਾਨ ਅਤੇ ਕਿੰਨੇ ਸਾਰੇ ਹੋਰ ਵੀ ਯੱਬ..ਜੇ ਐਨ ਮੌਕੇ ਤੇ ਕੋਈ ਅਬੀ-ਨਬੀ ਹੋ ਗਈ ਤਾਂ ਬਾਹਰੋਂ ਆਈ ਜੰਝ ਦਾ ਪੈ ਗਿਆ ਖਲਾਰਾ ਤੈਥੋਂ ਸਾਂਭਣਾ ਬਾਹਲਾ ਔਖਾ ਹੋ ਜਾਣਾ ਏ..!
ਪਰ ਮੇਰਾ ਫੈਸਲਾ ਅੱਟਲ ਸੀ..ਮੈਂ ਸ਼ੁਰੂ ਤੋਂ ਹੀ ਇਹ ਸੋਚ ਰਖਿਆ ਸੀ ਕੇ ਭਾਵੇਂ ਜੋ ਮਰਜੀ ਹੋ ਜਾਵੇ ਇਹ ਪਹਿਲਾ ਵਿਆਹ ਓਸੇ ਵਿਹੜੇ ਵਿਚ ਹੀ ਨੇਪਰੇ ਚੜੂ ਜਿਥੇ ਕਦੀ ਗਹਿਣਿਆਂ ਨਾਲ ਸੱਜੀ ਇਸਦੀ ਸਵਰਗਵਾਸੀ ਮਾਂ ਨੇ ਪੈਰ ਪਾਇਆ ਸੀ!
ਬਹੁਤੇ ਕੰਮ ਫੋਨ ਤੇ ਹੀ ਮੁਕਾ ਅਸੀਂ ਸਾਰੇ ਹਫਤਾ ਕੂ ਪਹਿਲਾਂ ਪਿੰਡ ਅੱਪੜ ਗਏ..ਚਿਰਾਂ ਤੋਂ ਸੁੰਞੇ ਪਏ ਵੇਹੜੇ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ..ਸਾਫ ਸਫਾਈ..ਕਲੀਆਂ ਪੇਂਟ..ਚਾਨਣੀਆਂ ਕਨਾਤਾਂ..ਦੇਗਾਂ..ਭਾਂਡੇ..ਬਿਸਤਰੇ..ਸਪੀਕਰ ਅਤੇ ਹੋਰ ਵੀ ਕਿੰਨੇ ਕੁਝ ਇੱਕ ਵੇਰ ਫੇਰ ਤੋਂ ਜਿਉਂਦਾ ਹੋ ਗਿਆ..ਸਾਰੇ ਬੰਦੋਬਸਤ ਦਾ ਜੁੰਮਾ ਪਿੰਡ ਅੰਦਰ ਦੀ ਹੀ ਫੇਰ ਤੋਂ ਜਿਉਂਦੀ ਹੋ ਗਈ ਕਿੰਨੇ ਸਾਰੀ ਸਾਕ ਬਰਾਦਰੀ ਨੇ ਆਪਣੇ ਸਿਰ ਲੈ ਲਿਆ ਸੀ..ਸਾਰੇ ਪਿੰਡ ਵਿਚ ਇੱਕ ਅਜੀਬ ਜਿਹਾ ਚਾਅ ਸੀ ਕੇ ਇਸੇ ਪਿੰਡ ਦਾ ਜੰਮਿਆਂ ਅੱਜ ਇੱਕ ਨਵੀਂ ਪਿਰਤ ਪਾਉਣ ਵਾਪਿਸ ਪਰਤ ਰਿਹਾ ਏ!
ਕਈਆਂ ਆਪਣਿਆਂ ਦੇ ਅਖੀਰ ਤੀਕਰ ਵੀ ਫੋਨ ਸੁਨੇਹੇਂ ਆਉਂਦੇ ਰਹੇ ਕੇ ਏਨੇ ਦਿਨ ਪਹਿਲਾਂ ਤੇ ਸਾਥੋਂ ਨਹੀਂ ਆਇਆ ਜਾਣਾ..ਅਸੀਂ ਤੇ ਬੱਸ ਵਿਆਹ ਵਾਲੇ ਦਿਨ ਹੀ ਆਵਾਂਗੇ!
ਫੇਰ ਉਸ ਦਿਨ ਅਖੰਡ ਪਾਠ ਦਾ ਸ਼ੁਭ ਆਰੰਭ ਸੀ..ਗਿਆਨੀ ਜੀ ਕੋਲ ਆਏ ਤੇ ਪੁੱਛਣ ਲੱਗੇ..ਸਰਦਾਰ ਸਾਬ ਕੀ ਪ੍ਰੋਗਰਾਮ ਏ..ਨੇੜੇ ਦੀ ਕਿਸੇ ਖਾਸ ਰਿਸ਼ਤੇਦਾਰੀ ਦੀ ਉਡੀਕ ਕਰਨੀ ਏ ਕੇ ਸੋਧੀਏ ਅਰਦਾਸਾ..?
ਮੈਂ ਚਾਰੇ ਪਾਸੇ ਨਜਰ ਘੁੰਮਾ ਕੇ ਵੇਖਿਆ..ਨੁੱਕਰ ਵਿਚ ਹਲਵਾਈ ਬਲਦੀ ਅੱਗ ਤੇ ਪਤੀਲਾ ਰੱਖ ਮਠਿਆਈਆਂ ਬਣਾਉਣ ਦੀ ਤਿਆਰੀ ਕਰ ਰਿਹਾ ਸੀ..!
ਨੌਕਰ ਚਾਕਰ ਅਤੇ ਹੋਰ ਕਿੰਨੇ ਸਾਰੇ ਅਣਜਾਣ ਜਿਹੇ ਚੇਹਰੇ ਨਿੱਕ ਸੁੱਕ ਦਾ ਬੰਦੋਬਸਤ ਕਰਦੇ ਹੋਏ ਏਧਰ ਓਧਰ ਨੱਠ ਭੱਜ ਕਰ ਰਹੇ ਸਨ..!
ਕੁਝ ਬੈਠੇ ਚਾਹ ਪੀ ਰਹੇ ਸਨ..ਕੁਝ ਨੇ ਬੂੰਦੀ ਸ਼ੱਕਰ ਪਾਰਿਆਂ ਵਾਲਾ ਫਰੰਟ ਮੱਲਿਆ ਹੋਇਆ ਸੀ..!
ਕੁਝ ਵੈਸੇ ਹੀ ਬੈਠੇ ਗੱਲਾਂ ਮਾਰ ਰਹੇ ਸਨ..ਬਰਾਦਰੀ ਵਿਚੋਂ ਹੀ ਕੁਝ ਲੋਕ ਕਨਾਤਾਂ ਵਾਸਤੇ ਟੋਏ ਪੁੱਟ ਰਹੇ ਸਨ..!
ਸਪੀਕਰ ਵਾਲਾ ਆਪਣੇ ਕੰਮ ਵਿਚ ਰੁੱਝਾ ਹੋਇਆ ਸੀ..ਉਸਨੂੰ ਉਚੇਚਾ ਆਖ ਰਖਿਆ ਸੀ ਕੇ ਇਹ ਦੋ ਮੰਜਿਆਂ ਨੂੰ ਜੋੜ ਕੇ ਹੀ ਲੋਣਾ ਹੋਵੇਗਾ..!
ਕੁਝ ਸਾਰੇ ਪਿੰਡ ਵਿਚੋਂ ਇੱਕਠਾ ਕੀਤਾ ਦੁੱਧ ਹਲਵਾਈ ਕੋਲ ਪਏ ਭਾਂਡੇ ਵਿਚ ਪਾ ਰਹੇ ਸਨ..ਸ਼ਰੀਕੇ ਵਿਚੋਂ ਹੀ ਕੁਝ ਔਰਤਾਂ ਖੁੱਲੀਆਂ ਥਾਲੀਆਂ ਵਿਚ ਦਾਲਾਂ ਚੁਗਣ ਅਤੇ ਲੋਹ ਤੇ ਫੁਲਕੇ ਲਹੁਣ ਦੀ ਤਿਆਰੀ ਵਿਚ ਸਨ..!
ਇੱਕ ਨਜਰ ਭਰ ਓਹਨਾ ਸਾਰਿਆਂ ਵੱਲ ਵੇਖਿਆ..ਫੇਰ ਗਿਆਨੀ ਜੀ ਨੂੰ ਕੋਲ ਸੱਦ ਲਿਆ ਆਖਣਾ ਸ਼ੁਰੂ ਕੀਤਾ ਕੇ "ਬਾਬਿਓ ਆਹ ਵੇਖੋ ਮੇਰੇ ਨੇੜੇ ਦੇ ਕਿੰਨੇ ਸਾਰੇ ਸਗੇ ਸਬੰਦੀ ਤਕਰੀਬਨ ਸਾਰੇ ਹੀ ਅੱਪੜ ਗਏ ਨੇ..ਤੁਸੀਂ ਅਰਦਾਸ ਕਰੋ"!
ਫੇਰ ਅਖੰਡ ਪਾਠ ਦੀ ਅਰੰਭਤਾ ਹੋਈ..ਮਿੱਥੇ ਦਿਨ ਭੋਗ ਪਿਆ..ਕੀਰਤਨ ਸੁਣਿਆ..ਲਗਾਤਾਰ ਹਾਜਰੀ ਭਰੀ..ਬਰਾਤ ਆਈ ਤੇ ਚਲੀ ਵੀ ਗਈ..ਸਭ ਕੁਝ ਸੁੱਖੀ ਸਾਂਦੀ ਨੇਪਰੇ ਚੜ ਗਿਆ..ਨਾ ਮੀਂਹ ਪਿਆ ਤੇ ਨਾ ਹਨੇਰੀ ਹੀ ਆਈ..ਇੰਝ ਲੱਗਾ ਕੁਲ ਕਾਇਨਾਤ ਨੇ ਅੱਗੇ ਹੋ ਕੇ ਇਸ ਸਭ ਕੁਝ ਵਿਚ ਸਾਡਾ ਪੂਰਾ ਸਾਥ ਦਿੱਤਾ ਹੋਵੇ!
ਇੱਕ ਵੇਰ ਫੇਰ ਤੋਂ ਜਿਉਂਦੀ ਹੋ ਗਈ ਪਿੰਡ ਦੀ ਕਿੰਨੀ ਸਾਰੀ ਰਿਸ਼ਤੇਦਾਰੀ ਅਤੇ ਸਾਕ ਬਰਾਦਰੀ ਵਿਆਹ ਤੋਂ ਕਿੰਨੇ ਦਿਨ ਮਗਰੋਂ ਤੀਕਰ ਵੀ ਪੱਬਾਂ ਭਾਰ ਹੋ ਕੇ ਸਾਰੇ ਕਾਰਜ ਨੇਪੜੇ ਚਾੜਦੀ ਰਹੀ ਤੇ ਨੇੜੇ ਤੋਂ ਇੱਕਦਮ ਦੂਰ ਜਿਹੇ ਹੋ ਗਏ ਕੁਝ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਘੱਟੇ ਮਿੱਟੀ ਦੇ ਡਰੋਂ ਬਸ ਕੁਝ ਚਿਰ ਲਈ ਆਏ ਤੇ ਸ਼ਗਨ ਪਾ ਕੇ ਤੁਰਦੇ ਬਣੇ..!
(ਇੱਕ ਕਲਪਨਾ ਏ ਜਿਹੜੀ ਸ਼ਾਇਦ ਕਦੀ ਹਕੀਕਤ ਬਣ ਜਾਵੇ)
ਹਰਪ੍ਰੀਤ ਸਿੰਘ ਜਵੰਦਾ

No comments:

Post a Comment

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...