Monday, September 22, 2025

ਉਹਨਾਂ ਈ ਡਰਨਾ ਧੀ ਜੰਮਣ ਤੋਂ ,

ਕਿੰਨੇ ਹੁੰਦੇ,ਕੰਮ ਕੁੜੀਆਂ ਦੇ ,
ਦੱਸ ਨੀ ਸਕਦਾ,ਗਮ ਕੁੜੀਆਂ ਦੇ ।
ਉਹਨਾਂ ਈ ਡਰਨਾ ਧੀ ਜੰਮਣ ਤੋਂ ,
ਜਿੰਨਾਂ ਨੋਚੇ ਚੰਮ,ਕੁੜੀਆਂ ਦੇ ।
ਅੱਧੇ ਪੇਕੇ ਅੱਧੇ ਸਹੁਰੇ ,
ਨਿਕਲਦੇ ਨੇ ਦਮ ਕੁੜੀਆਂ ਦੇ ।
ਕਰਮਾਂ ਵਾਲੇ ਘਰ ਹੁੰਦੇ ਨੇ ,
ਜਿੱਥੇ ਹੋਣ ਜਨਮ ਕੁੜੀਆਂ ਦੇ ।
ਦਿਲ ਦੇ ਫੱਟ ਵੀ ਸੀਅ ਦਿੰਦੀਆਂ ਨੇ , 
ਹਾਸੇ ਹੋਣ ਮਲਮ ਕੁੜੀਆਂ ਦੇ ।
ਖੰਡਰ ਮਹਿਲ ਬਣਾ ਦਿੰਦੀਆਂ ਨੇ ,
ਬੜੇ ਸੁਲੱਖਣੇ ਕਦਮ ਕੁੜੀਆਂ ਦੇ ।
੦੬/੧੧/੨੦੨੪ ਬੁੱਧਵਾਰ ਰਾਤ ੦੯ਃ੦੨ ਮਿੰਟ ਰਾਤ ~ ਗਿੱਲ ਉਪਕਾਰ

Sunday, August 31, 2025

ਮੀਰਦਾਦ ਦੀ ਕਿਤਾਬ / ਓਸ਼ੋ ਦੀ ਜ਼ੁਬਾਨੀ


** ਮੀਰਦਾਦ ਦੀ ਕਿਤਾਬ / ਓਸ਼ੋ ਦੀ ਜ਼ੁਬਾਨੀ
ਦੁਨੀਆਂ ਵਿਚ ਲੱਖਾਂ ਕਿਤਾਬਾਂ ਹਨ ਪਰ 'ਮੀਰਦਾਦ ਦੀ ਕਿਤਾਬ' ਸਭਤੋਂ ਪਹਿਲੀ ਥਾਂਵੇ ਰੱਖਣ ਵਾਲੀ ਹੈ। ਇਹ ਬਦਨਸੀਬੀ ਹੈ ਕਿ ਬਹੁਤੇ ਲੋਕ ਇਹਨੂੰ ਜਾਣਦੇ-ਪਛਾਣਦੇ ਹੀ ਨਹੀਂ। ਜੀਹਦਾ ਇਕ ਸਾਦਾ ਜਿਹਾ ਕਾਰਨ ਹੈ ਕਿ ਇਹ ਕੋਈ ਧਾਰਮਿਕ ਗ੍ਰੰਥ ਨਹੀਂ ਹੈ। ਇਹ ਸਿਰਫ਼ ਇਕ ਕਿਤਾਬ ਹੈ, ਜੀਹਦੇ ਵਿਚ ਸਮੁੰਦਰੀ ਸੱਚ ਭਰਿਆ ਹੋਇਆ ਹੈ। ਛੋਟੀ ਜਿਹੀ ਕਿਤਾਬ ਹੈ, ਪਰ ਕਹਿ ਸਕਦਾ ਹਾਂ ਕਿ ਜਿਹੜੇ ਲਿਖਣ ਵਾਲੇ ਨੇ ਇਹਨੂੰ ਲਿਖਿਆ, "ਲਿਖਣ ਵਾਲਾ" ਕਹਿਣਾ ਠੀਕ ਨਹੀਂ, ਜਿਹਨੇ ਇਹਨੂੰ ਜਨਮ ਦਿੱਤਾ, ਉਹਨੂੰ ਕੋਈ ਨਹੀਂ ਜਾਣਦਾ। ਉਹਦਾ ਨਾਂਅ-ਮਿਖ਼ਾਈਲ ਨਈਮੀ ਸੀ।

ਇਹ ਕਿਤਾਬ ਇਸ ਗੱਲੋਂ ਵੀ ਅਲੋਕਾਰ ਹੈ ਕਿ ਤੁਸੀਂ ਇਹਨੂੰ ਪੜ੍ਹੋ ਤੇ ਉੱਕਾ ਹੀ ਪੜ੍ਹੇ ਬਿਨਾਂ ਰਹਿ ਜਾਓ, ਕਿਉਂਕਿ ਇਹਦੇ ਅਰਥ, ਇਹਦੇ ਲਫਜ਼ਾਂ ਵਿਚ ਨਹੀਂ। ਇਹ ਲਫਜ਼ਾਂ ਦੇ ਸੰਗ-ਸੰਗ ਵਹਿੰਦੇ ਹਨ। ਚੁੱਪ-ਚਾਪ ਲਫ਼ਜ਼ਾਂ ਦੀਆਂ ਵਿਰਲਾਂ ਵਿਚੋਂ, ਸਤਰਾਂ ਵਿਚਲੀ ਵਿੱਥ ਵਿਚੋਂ।

ਜੇ ਤੁਸੀਂ ਧਿਆਨ ਵਿਚ ਬੈਠਣਾ ਜਾਣਦੇ ਹੋ, ਜੇ ਤੁਸੀਂ ਇਹਨੂੰ ਸਿਰਫ਼ ਪੜ੍ਹ ਨਹੀਂ ਰਹੇ, ਤਾਂ ਵੇਖ ਸਕੋਗੇ ਕਿ ਇਹਦੇ ਵਿਚ ਇਨਸਾਨ ਦਾ ਸਾਰਾ ਰੂਹਾਨੀ ਪਹਿਲੂ ਸਮਾਇਆ ਹੋਇਆ ਹੈ। ਇਹ ਪਹਿਲੂ ਅਕਲ-ਇਲਮ ਨਾਲ ਵੇਖਿਆ-ਜਾਣਿਆ ਹੋਇਆ ਨਹੀਂ, ਇਹ ਘੁੱਟ-ਘੁੱਟ ਪੀਤਾ ਹੋਇਆ ਹੈ। ਲਫ਼ਜ਼ ਹਨ, ਪਰ ਉਹ ਦੂਜੀ ਥਾਵੇਂ ਹਨ। ਕੋਈ ਹੋਰ ਚੀਜ਼ ਹੈ, ਜੋ ਪਹਿਲੀ ਥਾਂ 'ਤੇ ਹੈ। ਇਕ ਖ਼ਾਮੋਸ਼ੀ ਜੋ ਲਫ਼ਜ਼ਾਂ ਵਿਚੋਂ ਉੱਠਦੀ ਹੈ, ਮਹਿਕ ਦੀ ਤਰ੍ਹਾਂ, ਇਕ ਧੁਨੀ ਜੋ ਲਫ਼ਜ਼ਾਂ ਵਿਚੋਂ ਨਿਕਲਦੀ ਹੈ। ਇਹਦੇ ਲਫ਼ਜ਼ ਮਸਤਕ ਵਿਚ ਕਿਤੇ ਤਾਰੀ ਹੁੰਦੇ ਹਨ ਤੇ ਧਨੀ ਸਿੱਧਾ ਮਨ ਵਿਚ ਉਤਰਦੀ ਹੈ।

ਇਹ ਦਿਲ ਨਾਲ ਪੜ੍ਹਨ ਵਾਲੀ ਕਿਤਾਬ ਹੈ, ਇਹ ਕਿਤਾਬ ਸਮਝਣੀ ਨਹੀਂ, ਅਨੁਭਵ ਵਿਚ ਉਤਾਰਨੀ ਹੈ... ਲੱਖਾਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿਤਾਬ ਲਿਖਣ ਦੀ, ਅਕੱਥ ਨੂੰ ਕਹਿਣ ਦੀ, ਪਰ ਕੋਈ ਨਹੀਂ ਆਖ ਸਕਿਆ। ਮੈਂ ਸਿਰਫ਼ ਇਹੋ ਕਿਤਾਬ ਜਾਣਦਾ ਹੈ, ਜਿਹੜੀ ਕਿਤੋਂ ਉੱਕਦੀ ਨਹੀਂ-ਇਹ ਮੀਰਦਾਦ ਦੀ ਕਿਤਾਬ। ਇਹ ਜੇ ਤੁਹਾਨੂੰ ਛੋਹਦੀ ਨਹੀਂ, ਤਾਂ ਉਕਾਈ ਇਹਦੇ ਵਿਚ ਨਹੀਂ, ਤੁਹਾਡੇ ਵਿਚ ਹੋਵੇਗੀ...

ਮੈਂ ਉਦੋਂ ਪੜ੍ਹਦਾ ਸਾਂ, ਯੂਨੀਵਰਸਿਟੀ ਵਿਚ... ਤੇ ਹਰ ਐਤਵਾਰ ਮੈਂ ਸ਼ਹਿਰ ਦੇ ਉਸ ਬਾਜ਼ਾਰ ਵਿਚ ਜਾਂਦਾ ਸਾਂ, ਜਿੱਥੇ ਚੋਰੀ ਕੀਤੀਆਂ ਚੀਜ਼ਾਂ ਵਿਕਦੀਆਂ ਸਨ। ਮੇਰਾ ਧਿਆਨ ਕਿਸੇ ਹੋਰ ਚੀਜ਼ ਵੱਲ ਨਹੀਂ ਸੀ ਹੁੰਦਾ, ਸਿਰਫ਼ ਕਿਤਾਬਾਂ ਵੱਲ। ਉੱਥੋਂ ਮੈਂ ਇਹ ਕਿਤਾਬ ਲੱਭੀ ਸੀ, ਮੀਰਦਾਦ ਦੀ ਕਿਤਾਬ। ਇਕ ਦੁਕਾਨ ਵਾਲਾ ਖੌਰੇ ਕੀਹਦੀ ਲਾਇਬ੍ਰੇਰੀ ਚੁਰਾ ਲਿਆਇਆ ਸੀ, ਸਾਰੀਆਂ ਹੀ ਕਿਤਾਬਾਂ ਚੰਗੀਆਂ ਸਨ। ਉਹ ਕੋਈ ਤਿੰਨ ਸੌ ਕਿਤਾਬਾਂ ਹੋਣਗੀਆਂ ਤੇ ਵੇਚਣ ਵਾਲਾ ਉਹਨਾਂ ਸਾਰੀਆਂ ਤਿੰਨ ਸੌ ਕਿਤਾਬਾਂ ਬਦਲੇ ਇਕ ਸੌ ਰੁਪਿਆ ਮੰਗ ਰਿਹਾ ਸੀ। ਮੈਂ ਉਹਨੂੰ ਸੌ ਰੁਪਿਆ ਦੇ ਦਿੱਤਾ।

ਉਹ ਵੇਚਣ ਵਾਲਾ ਕਹਿਣ ਲੱਗਾ- "ਇਹ ਸਾਰੀਆਂ ਹੀ ਚੋਰੀ ਦੀਆਂ ਨੇ, ਤੇ ਜੇ ਹੁਣੇ ਪੁਲਿਸ ਆ ਗਈ ਤਾਂ ਮੈਂ ਤੇਰਾ ਨਾਂਅ ਲੈ ਦਿਆਂਗਾ, ਕਿਉਂਕਿ ਇਹ ਤਾਂ ਹਰ ਕੋਈ ਪਛਾਣ ਸਕਦਾ ਏ ਕਿ ਇਹ ਕਿਤਾਬਾਂ ਕੀਹਦੀਆਂ ਨੇ। ਇਹ ਇਕ ਰਿਟਾਇਰਡ ਪ੍ਰੋਫੈਸਰ ਦੀਆਂ ਨੇ।" ਮੈਂ ਕਿਹਾ- "ਫ਼ਿਕਰ ਨਾ ਕਰ।"

ਤੇ ਪੁਲਿਸ ਸੱਚੀਮੁੱਚੀ ਆ ਗਈ। ਪੁੱਛਣ ਲੱਗੀ ਮੈਨੂੰ "ਤੈਨੂੰ ਜ਼ਰੂਰ ਵੇਚਣ ਵਾਲੇ ਨੇ ਦੱਸਿਆ ਹੋਵੇਗਾ ਕਿ ਇਹ ਕਿਤਾਬਾਂ ਚੋਰੀ ਦੀਆਂ ਨੇ, ਤੂੰ ਫੇਰ ਵੀ ਖ਼ਰੀਦ ਲਈਆਂ!"

ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਤੁਸੀਂ ਮੈਨੂੰ ਉਹਦੇ ਕੋਲ ਲੈ ਚੱਲੋ, ਜਿਹਦੀਆਂ ਇਹ ਕਿਤਾਬਾਂ ਨੇ।" ਪੁਲਿਸ ਪੁੱਛਣ ਲੱਗੀ, "ਉਹ ਕਾਹਦੇ ਲਈ?" ਮੈਂ ਕਿਹਾ- "ਉਹਦੇ ਨਾਲ ਮੈਂ ਸੌਖੀ ਤਰ੍ਹਾਂ ਗੱਲ ਨਿਬੇੜ ਲਵਾਂਗਾ, ਉਹ ਇਕ ਬਜ਼ੁਰਗ ਪ੍ਰੋਫੈਸਰ ਏ।"

ਪੁਲਿਸ ਵਾਲੇ ਮੈਨੂੰ ਉਹਦੇ ਘਰ ਲੈ ਗਏ। ਮੈਂ ਬੂਹਾ ਭੀੜ ਲਿਆ ਤੇ ਪ੍ਰੋਫੈਸਰ ਨੂੰ ਕਿਹਾ- "ਤੁਸੀਂ ਸਾਰੀਆਂ ਪੜ੍ਹ ਚੁੱਕੇ ਹੋ, ਮੁੜ ਕੇ ਤੁਹਾਡੇ ਕੋਲੋਂ ਪੜ੍ਹੀਆਂ ਨਹੀਂ ਜਾਣੀਆਂ। ਮੈਂ ਉਹ ਠੀਕ ਬੰਦਾ ਹਾਂ, ਜੋ ਤੁਹਾਨੂੰ ਲੱਭ ਪਿਆ ਏ, ਤੁਹਾਡੀਆਂ ਕਿਤਾਬਾਂ ਪੜ੍ਹਨ ਵਾਲਾ।" ਉਸਨੇ ਮੇਰੇ ਵੱਲ ਤੱਕਿਆ ਤੇ ਕਹਿਣ ਲੱਗਾ - "ਤੂੰ ਅਜੀਬ ਏਂ! ਤੂੰ ਚੋਰੀ ਦੀਆਂ ਕਿਤਾਬਾਂ ਖ਼ਰੀਦੀਆਂ ਨੇ ਤੇ ਤੂੰ ਮੈਨੂੰ ਤੂੰ ਮੈਨੂੰ ਹੀ ਇਹ ਕਹਿਣ ਆ ਗਿਆ ਏ ਕਿ ਤੂੰ ਹੀ ਸਹੀ ਬੰਦਾ ਏਂ, ਇਹਨਾਂ ਨੂੰ ਇਹਨਾਂ ਨੂੰ ਪੜ੍ਹਨ ਵਾਲਾ..."

ਮੈਂ ਕਿਹਾ - "ਹਾਂ ਮੈਂ ਹੱਕੀ ਗੱਲ ਕੀਤੀ ਏ। ਤੁਸੀਂ ਇਹਨਾਂ ਨੂੰ ਹੰਢਾ ਚੁੱਕੇ ਹੋ, ਤੁਹਾਡੀਆਂ ਅੱਖਾਂ ਹੁਣ ਏਨੀਆਂ ਕਮਜ਼ੋਰ ਪੈ ਗਈਆਂ ਨੇ ਕਿ ਤੁਸੀਂ ਮੁੜ ਕੇ ਨਹੀਂ ਇਹਨਾਂ ਨੂੰ ਪੜ੍ਹ ਸਕਦੇ। ਐਵੇਂ ਅਲਮਾਰੀ ਵਿਚ ਸਜਾਈਆਂ ਨੇ। ਮੈਂ ਤੁਹਾਨੂੰ ਪੰਜ ਸੌ ਕਿਤਾਬਾਂ ਲਿਆ ਦੇਨਾਂ ਵਾਂ, ਛੇ ਸੌ ਲਿਆ ਦੇਨਾਂ ਵਾਂ, ਅਲਮਾਰੀ ਵਿਚ ਸਜਾਣ ਲਈ ਪਰ ਉਹਨਾਂ ਦੇ ਬਦਲੇ ਇਹ ਤਿੰਨ ਸੌ ਮੈਨੂੰ ਦੇ ਦਿਓ। ਤਿੰਨ ਸੌ ਨਹੀਂ ਦੇਣੀਆਂ ਤਾਂ ਇਕ ਦੇ ਦਿਓ - ਮੀਰਦਾਦ ਦੀ ਕਿਤਾਬ। ਮੈਨੂੰ ਇਹ ਪਰਵਾਹ ਨਹੀਂ ਕਿ ਇਹ ਚੋਰੀ ਦੀ ਏ ਜਾਂ ਨਹੀਂ..."

ਉਹ ਬਜ਼ੁਰਗ ਮੇਰੇ ਵੱਲ ਤੱਕਣ ਲੱਗ ਪਿਆ, ਫੇਰ ਪੁੱਛਣ ਲੱਗਾ-"ਤੈਨੂੰ ਇਹ ਕਿਤਾਬ ਪਸੰਦ ਏ?" ਮੈਂ ਕਿਹਾ - "ਸਿਰਫ਼ ਪਸੰਦ ਨਹੀਂ, ਮੈਂ ਹਜ਼ਾਰਾਂ ਕਿਤਾਬਾਂ ਪੜ੍ਹ ਚੁੱਕਾ ਹਾਂ, ਪਰ ਇਹਦੇ ਨਾਲ ਦੀ ਕੋਈ ਨਹੀਂ।"

ਉਹਨੇ ਮੈਨੂੰ ਪੰਜਾਹ ਰੁਪਏ ਦਿੱਤੇ, ਆਖਿਆ- "ਤੂੰ ਅਜੇ ਪੜ੍ਹਦਾ ਏਂ, ਤੇਰੇ ਕੋਲ ਬਹੁਤੇ ਪੈਸੇ ਨਹੀਂ ਹੋਣੇ, ਤੂੰ ਸਾਰੀਆਂ ਕਿਤਾਬਾਂ ਰੱਖ ਲੈ। ਮੈਂ ਤੇਰੇ ਨਾਲ ਸਹਿਮਤ ਹਾਂ ਕਿ ਇਹ ਕਿਤਾਬਾਂ ਸਹੀ ਬੰਦੇ ਤਕ ਪਹੁੰਚ ਗਈਆਂ ਨੇ। ਜੀਹਨੇ ਚੋਰੀ ਕੀਤੀਆਂ, ਉਹਨੂੰ ਵੀ ਕੁਝ ਦੇਣਾ ਬਣਦਾ ਏ ਕਿ ਉਹਨੇ ਠੀਕ ਬੰਦੇ ਤਕ ਅਪੜਾ ਦਿੱਤੀਆਂ, ਨਹੀਂ ਤਾਂ ਮੇਰੇ ਬਾਅਦ ਇਹ ਖੌਰੇ ਕੀਹਦੇ ਹੱਥ ਪੈਣੀਆਂ ਸਨ..."

"ਮੈਂ ਸਾਰੀ ਜ਼ਿੰਦਗੀ ਚੰਗੀਆਂ ਕਿਤਾਬਾਂ ਇਕੱਠੀਆਂ ਕਰਦਾ ਰਿਹਾ ਹਾਂ, ਤੂੰ ਜਿਸ ਵੇਲੇ ਮੀਰਦਾਦ ਦੀ ਕਿਤਾਬ ਦਾ ਨਾਂਅ ਲਿਆ, ਸਾਰਾ ਸੌਦਾ ਪੱਕਾ ਹੋ ਗਿਆ। ਇਹ ਪੰਜਾਹ ਰੁਪਏ ਲੈ ਜਾ, ਫੇਰ ਵੀ ਜੇ ਕਦੇ ਤੈਨੂੰ ਲੋੜ ਪਵੇ ਤਾਂ ਹੋਰ ਲੈ ਜਾਈਂ। ਮੈਂ ਇਕੱਲਾ ਹਾਂ, ਕੋਈ ਬੀਵੀ-ਬੱਚਾ ਨਹੀਂ ਤੇ ਮੇਰੇ ਗੁਜ਼ਾਰੇ ਲਈ ਪੈਨਸ਼ਨ ਬਥੇਰੀ ਏ। ਹੋਰ ਮੇਰੇ ਕੋਈ ਖ਼ਰਚੇ ਨਹੀਂ। ਤੂੰ ਫੇਰ ਵੀ ਜਦੋਂ ਕਦੇ ਕਿਤਾਬਾਂ ਖ਼ਰੀਦਣੀਆਂ ਹੋਣ, ਤਾਂ ਮੇਰੇ ਕੋਲੋਂ ਪੈਸੇ ਲੈ ਜਾਈਂ।"

ਉਹ ਫੇਰ ਕੁਝ ਸਾਹ ਲੈ ਕੇ ਬੋਲਿਆ- "ਤੈਨੂੰ ਇਹ ਕਿਤਾਬ, ਮੀਰਦਾਦ ਪਸੰਦ ਏ, ਏਸ ਲਈ ਤੂੰ ਮੇਰੇ ਟੱਬਰ ਦਾ ਜੀਅ ਹੋ ਗਿਆ। ਮੈਂ ਬੜਿਆਂ ਦੋਸਤਾਂ ਨੂੰ ਅਜਮਾਇਆ ਸੀ ਪਰ ਮੀਰਦਾਦ ਉਹਨਾਂ ਦੇ ਪੱਲੇ ਨਹੀਂ ਪਿਆ। ਮੈਂ ਖੌਰੇ । ਮੈਂ ਖੋਰੇ ਤੈਨੂੰ ਹੀ ਲੱਭਦਾ ਪਿਆ ਸਾਂ... ਤੇ ਕਿੱਡੀ ਅਜੀਬ ਗੱਲ ਏ ਕਿ ਮੀਰਦਾਦ ਨੇ ਆਪੇ ਹੀ ਤੈਨੂੰ ਲੱਭ ਲਿਆ..."

ਇੰਜ ਮੈਂ ਮੀਰਦਾਦ ਦੀ ਕਿਤਾਬ ਲੱਭੀ ਸੀ। ਤੁਹਾਨੂੰ ਲੱਭ ਜਾਏ ਤਾਂ ਭਗਵਤ ਗੀਤਾ ਵਾਂਗ ਨਾ ਪੜ੍ਹਨਾ, ਬਾਈਬਲ ਵਾਂਗ ਨਾ ਪੜ੍ਹਨਾ, ਇਹਨੂੰ ਵਧੀਆ ਸ਼ਾਇਦੀ ਵਾਂਗ ਪੜ੍ਹਨਾ! ਇਹ ਧਿਆਨ ਸਮਾਧੀ ਵਿਚੋਂ ਉੱਠਿਆ ਇਕ ਪੈਗਾਮ ਏ। ਇਹ ਹਰਫ਼ਾਂ ਦੇ ਕੋਡ-ਹਰਫ਼ ਨੇ। ਇਹਨਾਂ ਦਾ ਅਰਥ ਤੁਹਾਡੇ ਅੰਦਰੋਂ ਗੂੰਜੇਗਾ...

Sunday, August 24, 2025

JOHN KEATS ਪੜ੍ਹਨ ਵਾਲੀਏ ਕਦੇ ਉਦਾਸੀ ਨੂੰ ਪੜ੍ਹਿਆ

ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ……
ਜਿੱਥੇ ਰੂਹ ਬਣਗੀ ਇੱਕ ਹਾਵਾ ਹੈ
ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ
ਜਿੱਥੇ ਕੈਦ ਅਣਖ ਦਾ ਲਾਵਾ ਹੈ
ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ
ਤੂੰ ਮਘਦਾ ਰਈਂ ਵੇ ਸੂਰਜਾ……
ਜਿੱਥੇ ਲੋਕ ਬੜੇ ਮਜਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਤੇ ਭੁੱਖਾਂ ਵਿਚ ਮਸ਼ਹੂਰ ਜਿਹੇ
ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ
ਤੂੰ ਮਘਦਾ ਰਈਂ ਵੇ ਸੂਰਜਾ……
ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ
ਤੂੰ ਮਘਦਾ ਰਈਂ ਵੇ ਸੂਰਜਾ……
ਜੇ ਸੋਕਾ ਇਹ ਹੀ ਸੜਦੇ ਨੇ
ਜੇ ਡੋਬਾ ਇਹ ਹੀ ਮਰਦੇ ਨੇ
ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇ
ਜਿੱਥੇ ਫ਼ਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……
ਜਿੱਥੇ ਹਾਰ ਮੰਨ ਲਈ ਚਾਵਾਂ ਨੇ
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ
ਤੂੰ ਮੱਘਦਾ ਰਈਂ ਵੇ ਸੂਰਜਾ……
ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ
ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……
ਤੂੰ ਆਪਣਾ ਆਪ ਮਚਾਂਦਾ ਹੈਂ
ਪਰ ਆਪਾ ਹੀ ਰੁਸ਼ਨਾਂਦਾ ਹੈਂ
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……

Friday, August 22, 2025

ਦੁਨੀਆਂਦਾਰੀ ਪੈਸੇ ਪਿੱਛੇ ,ਅੱਜ ਦੀ ਯਾਰੀ ਪੈਸੇ ਪਿੱਛੇ ॥


ਦੁਨੀਆਂਦਾਰੀ ਪੈਸੇ ਪਿੱਛੇ ,
ਅੱਜ ਦੀ ਯਾਰੀ ਪੈਸੇ ਪਿੱਛੇ ॥
ਪੈਸਾ ਸਭ ਦਾ ਹੈ ਭਣਵਈਆਂ,
ਵਿਆਹੀ,ਕਵਾਰੀ ਪੈਸੇ ਪਿੱਛੇ ॥
ਰੇਪ ਹੁੰਦੇ ਨੇ,ਸੁਲਝ ਜਾਂਦੇ ਨੇ ,
ਚਾਰ-ਦਿਵਾਰੀ ਪੈਸੇ ਪਿੱਛੇ ॥
ਵੰਡੀਆਂ ਨਾਲੇ,ਕਤਲ ਹੁੰਦੇ ਨੇ,
ਮਾਰੋ-ਮਾਰੀ ਪੈਸੇ ਪਿੱਛੇ ॥
ਪੈਸੇ ਕਰਕੇ ਰਿਸ਼ਤੇ ਨੇ ਹੁਣ ,
ਪਿੱਠ ਤੇ ਆਰੀ ਪੈਸੇ ਪਿੱਛੇ ॥
ਹਰ ਕੋਈ ਪੈਸਾ-ਪੈਸਾ ਕਰਦਾ ,
ਸਭ ਮਦਾਰੀ ਪੈਸੇ ਪਿੱਛੇ ॥
ਰੱਬਾ ਤੂੰ ਐ ਨਾਂ ਦਾ ਰੱਬ ਹੁਣ ,
ਫਿਰਨ ਪੁਜਾਰੀ ਪੈਸੇ ਪਿੱਛੇ ॥
~ ਗਿੱਲ ਉਪਕਾਰ ✨

Saturday, June 28, 2025

ਇੱਕ ਪਿਓ ਦੇ ਹੰਝੂ



ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ ਬੈਠੀ ਤਾਂ ਪਿਆਰ ਨਾਲ ਕਹਿੰਦੀ –"ਡੈਡੀ ਤੁਸੀਂ ਜਾਓ, ਟਰੇਨ ਤਾਂ ਹਜੇ 10 ਮਿੰਟ ਖੜੀ ਰਹੇਗੀ..."ਪਿਓ ਨੇ ਹੌਲੀ ਅਵਾਜ਼ ਵਿੱਚ ਕਿਹਾ –"ਕੋਈ ਨਾ ਬੇਟਾ, 10 ਮਿੰਟ ਹੋਰ ਤੇਰੇ ਨਾਲ ਲੰਘਾ ਲਵਾਂ, ਹੁਣ ਤਾਂ ਕਲਾਸਾਂ ਸ਼ੁਰੂ ਹੋਣੀਆਂ ਨੇ, ਕਿੰਨੇ ਦਿਨਾਂ ਬਾਅਦ ਆਏਂਗੀ ਤੂੰ..."ਲੱਗ ਰਿਹਾ ਸੀ ਕੁੜੀ ਕਿਸੇ ਯੂਨੀਵਰਸਿਟੀ ਜਾਂ ਹੋਰ ਵੱਡੀ ਪੜਾਈ ਲਈ ਜਾ ਰਹੀ ਸੀ।ਜਦ ਟਰੇਨ ਚਲਣੀ ਲੱਗੀ, ਉਹ ਖਿੜਕੀ ਤੋਂ ਹੱਥ ਹਿਲਾ ਕੇ ਕਹਿੰਦੀ –"ਬਾਈ ਡੈਡੀ.....ਅਰੇ ਓਹ ਮੈਗੋਡ, ਤੁਸੀਂ ਰੋ ਰਹੇ ਹੋ...? ਨਾ ਕਰੋ ਪਲੀਜ਼!"ਪਿਓ ਦੀਆਂ ਅੱਖਾਂ ਭਰੀ ਹੋਈਆਂ ਸਨ।ਉਹ ਰੁਮਾਲ ਨਾਲ ਅੱਖਾਂ ਪੂੰਝਦੇ ਹੋਏ ਹੌਲੇ-ਹੌਲੇ ਪਲੇਟਫਾਰਮ ਤੋਂ ਬਾਹਰ ਨਿਕਲ ਗਏ।ਕੁੜੀ ਨੇ ਝੱਟ ਫੋਨ ਲਾਇਆ –"ਮੰਮੀ... ਇਹ ਕੀ ਸੀ ਯਾਰ...ਜਿਵੇਂ ਹੀ ਟਰੇਨ ਚੱਲੀ ਡੈਡੀ ਰੋਣ ਲੱਗ ਪਏ...ਨੇਕਸਟ ਟਾਈਮ ਮੈਂ ਕਦੇ ਵੀ ਉਨ੍ਹਾਂ ਨੂੰ ਛੱਡਣ ਆਉਣ ਨਾ ਕਹਾਂਗੀ...ਭਾਵੇਂ ਅਕੀਲੀ ਆ ਜਾਵਾਂ ਆਟੋ ਤੇ.ਅੱਛਾ ਚਲੋ, ਪਹੁੰਚਦੀ ਹੀ ਕਾਲ ਕਰਾਂਗੀ, ਡੈਡੀ ਦਾ ਧਿਆਨ ਰੱਖੀਓ।"ਮੈਂ ਸੋਚ ਰਿਹਾ ਸੀ ਕਿ ਸ਼ਾਇਦ ਕੁੜੀ ਦੀਆਂ ਅੱਖਾਂ 'ਚ ਵੀ ਕੁਝ ਨਮੀ ਹੋਵੇਗੀ, ਪਰਨਹੀਂ...ਉਹ ਤਾਂ ਕੁਝ ਸਮੇਂ ਬਾਅਦ ਮੁੜ ਹੱਸ ਰਹੀ ਸੀ...ਦੂਜਾ ਕਾਲ ਲਾਇਆ –"ਹੈਲੋ ਜਾਨੂ... ਮੈਂ ਟਰੇਨ ਵਿੱਚ ਬੈਠ ਗਈ ਹਾਂ,ਹੁਣੇ-ਹੁਣੇ ਚਲੀ ਆ...ਕੱਲ ਸਵੇਰੇ ਪਹੁੰਚਾਂਗੀ, ਆ ਜਾਣਾ ਲੈਣ ਮੈਨੂੰ...ਲਵ ਯੂ ਯਾਰ, ਮੈਂ ਵੀ ਬਹੁਤ ਮਿਸ ਕੀਤਾ ਤੈਨੂੰ..."ਬੇਸ਼ਕ ਅੱਜ ਦੇ ਸਮੇਂ 'ਚ ਬੱਚਿਆਂ ਨੂੰ ਵਧੀਆ ਪੜਾਈ ਲਈ ਘਰੋਂ ਦੂਰ ਭੇਜਣਾ ਪੈਂਦਾ ਹੈ,ਪਰ ਇਹ ਵੀ ਸੱਚ ਹੈ ਕਿ ਕੁਝ ਬੱਚੇ ਉਸ ਹਵਾ ਵਿੱਚ ਆਪਣੀ ਮਰਜੀ ਦੀ ਜ਼ਿੰਦਗੀ ਚੁਣ ਲੈਂਦੇ ਨੇ...ਉਹ ਪਿਓ-ਮਾਂ ਦਾ ਪਿਆਰ, ਘਰ ਦੀਆਂ ਯਾਦਾਂ... ਸਭ ਭੁੱਲ ਜਾਂਦੇ ਨੇ।ਉਹਨੂੰ ਸਿਰਫ ਇਕ "ਪਿਆਰ" ਯਾਦ ਰਹਿੰਦਾ ਹੈ।ਇਹ ਪੋਸਟ ਕਿਸੇ ਨਿੰਦਾ ਲਈ ਨਹੀਂ, ਸਿਰਫ ਇੱਕ ਸੱਚਾਈ ਹੈ।ਮੇਰੀ ਬੇਨਤੀ ਹੈ, ਜਿੰਦਗੀ 'ਚ ਕਦੇ ਵੀ ਉਹਨਾਂ ਲੋਕਾਂ ਦੇ ਨਾਲ ਖਿਡੌਣਾ ਨਾ ਬਣਾਓਜਿਨ੍ਹਾਂ ਨੇ ਆਪਣੇ ਸੁਪਨੇ ਤਿਆਗ ਕੇ ਤੁਹਾਡੀ ਜ਼ਿੰਦਗੀ ਨੂੰ ਬਹਿਤਰੀਨ ਬਣਾਉਣ ਦੀ ਕੋਸ਼ਿਸ਼ ਕੀਤੀ।ਮਾਪਿਆਂ ਦੀਆਂ ਅੱਖਾਂ ਦੇ ਅੰਸੂ ਕਦੇ ਵੀ ਹੱਕਦਾਰ ਨਹੀਂ ਕੋਈ?????????

Sunday, August 27, 2023

ਸੇਵਾ ਮੁਕਤੀ (ਰਿਟਾਇਰਮੈਂਟ)

Copied
ਇੱਕ ਆਈਏਐਸ ਅਧਿਕਾਰੀ ਜੋ ਕਿ ਹਾਲ ਹੀ ਵਿੱਚ ਸੇਵਾਮੁਕਤ ਹੋਇਆ ਸੀ, ਕਿਸੇ ਸੁਸਾਇਟੀ ਵਿਚ ਰਹਿਣ ਲਈ ਆਇਆ ਸੀ।ਇਹ ਬਜ਼ੁਰਗ, ਸੇਵਾਮੁਕਤ ਆਈਏਐਸ ਅਧਿਕਾਰੀ ਹਰ ਸ਼ਾਮ ਨੇੜੇ ਦੇ ਪਾਰਕ ਵਿੱਚ ਟਹਿਲਦੇ ਹੋਏ, ਦੂਜੇ ਲੋਕਾਂ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਸਨ। ਇੱਕ ਦਿਨ ਉਹ ਸ਼ਾਮ ਨੂੰ ਇੱਕ ਬਜ਼ੁਰਗ ਵਿਅਕਤੀ ਨਾਲ ਗੱਲਬਾਤ ਕਰਨ ਲਈ ਬੈਠੇ ਅਤੇ ਫਿਰ ਲਗਾਤਾਰ ਉਸਦੇ ਕੋਲ ਬੈਠਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਦੀ ਗੱਲਬਾਤ ਦਾ ਵਿਸ਼ਾ ਇੱਕ ਹੀ ਸੀ - ਮੈਂ ਭੋਪਾਲ ਵਿੱਚ ਇੰਨਾ ਵੱਡਾ ਆਈਏਐਸ ਅਫਸਰ ਸੀ ... ਬਸ ਪੁੱਛੋ ਹੀ ਨਾ, ਇੱਥੇ ਤਾਂ ਮੈਂ ਮਜਬੂਰੀ ਵਸ ਆ ਗਿਆ ਹਾਂ.... ਮੈਨੂੰ ਦਿੱਲੀ ਵਿੱਚ ਵਸਣਾ ਚਾਹੀਦਾ ਸੀ - ਅਤੇ ਉਹ ਬਜ਼ੁਰਗ ਹਰ ਰੋਜ਼ ਸ਼ਾਂਤੀ ਨਾਲ ਉਨ੍ਹਾਂ ਦੀ ਗੱਲ ਸੁਣਦੇ ਸਨ। ਇੱਕ ਦਿਨ ਪਰੇਸ਼ਾਨ ਹੋਏ ਬਜ਼ੁਰਗ ਨੇ ਉਸਨੂੰ ਸਮਝਾਇਆ - ਕੀ ਤੁਸੀਂ ਕਦੇ *ਫਿਊਜ਼ ਬਲਬ* ਦੇਖਿਆ ਹੈ? * ਬੱਲਬ ਦੇ ਫਿਊਜ਼ ਹੋਣ ਤੋਂ ਬਾਅਦ, ਕੀ ਕੋਈ ਇਹ ਦੇਖਦਾ ਹੈ ਕਿ ਬਲਬ ਕਿਸ ਕੰਪਨੀ ਦਾ ਬਣਾਇਆ ਗਿਆ ਸੀ ਜਾਂ ਕਿੰਨੀ ਵਾਟ ਦਾ ਸੀ ਜਾਂ ਕਿੰਨੀ ਰੌਸ਼ਨੀ ਜਾਂ ਚਮਕਦਾ ਸੀ?* ਬੱਲਬ ਦੇ ਫਿਊਜ਼ ਹੋਣ ਤੋਂ ਬਾਅਦ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ। ਲੋਕ ਅਜਿਹੇ ਬਲਬ ਕਬਾੜ ਵਿੱਚ ਸੁੱਟਦੇ ਹਨ ਜਾਂ ਨਹੀਂ! ਫਿਰ ਜਦੋਂ ਉਨ੍ਹਾਂ ਸੇਵਾਮੁਕਤ ਆਈਏਐਸ ਅਫਸਰਾਂ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਤਾਂ ਬਜ਼ੁਰਗ ਨੇ ਫਿਰ ਕਿਹਾ- ਸੇਵਾਮੁਕਤੀ ਤੋਂ ਬਾਅਦ ਸਾਡੀ ਸਾਰਿਆਂ ਦੀ ਹਾਲਤ ਵੀ ਫਿਊਜ਼ ਬਲਬ ਵਰਗੀ ਹੋ ਜਾਂਦੀ ਹੈ। ਅਸੀਂ ਕਿੱਥੇ ਕੰਮ ਕਰਦੇ ਸੀ, ਅਸੀਂ ਕਿੰਨੇ ਵੱਡੇ/ਛੋਟੇ ਅਹੁਦਿਆਂ 'ਤੇ ਸੀ, ਸਾਡਾ ਰੁਤਬਾ ਕੀ ਸੀ, ਇਸ ਸਭ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਕਈ ਸਾਲਾਂ ਤੋਂ ਇਸ ਸੋਸਾਇਟੀ ਵਿੱਚ ਰਹਿ ਰਿਹਾ ਹਾਂ ਅਤੇ ਅੱਜ ਤੱਕ ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਮੈਂ ਦੋ ਵਾਰ ਸੰਸਦ ਦਾ ਮੈਂਬਰ ਰਿਹਾ ਹਾਂ। ਜੋ ਪਾਟਿਲ ਜੀ ਸਾਹਮਣੇ ਬੈਠੇ ਹਨ, ਉਹ ਰੇਲਵੇ ਦੇ ਜਨਰਲ ਮੈਨੇਜਰ ਸਨ। ਉਹ ਸਾਹਮਣੇ ਤੋਂ ਆਉਂਦੀ ਕਮਲ ਸਾਹਬ ਫੌਜ ਵਿੱਚ ਬ੍ਰਿਗੇਡੀਅਰ ਸੀ। ਆ ਸਾਹਮਣੇ ਜੋ ਬੈਠੇ ਹਨ ਵਰਮਾ ਜੀ.. ਇਹ ਇਸਰੋ ਦੇ ਮੁਖੀ ਸਨ। ਉਸਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ, ਮੈਨੂੰ ਵੀ ਨਹੀਂ, ਪਰ ਮੈਂ ਜਾਣਦਾ ਹਾਂ ਕਿ ਸਾਰੇ ਫਿਊਜ਼ ਬਲਬ ਲਗਭਗ ਇੱਕੋ ਜਿਹੇ ਹਨ, ਭਾਵੇਂ ਉਹ ਜ਼ੀਰੋ ਵਾਟ ਦੇ ਹੋਣ ਜਾਂ 50 ਜਾਂ 100 ਵਾਟ ਦੇ। ਕੋਈ ਰੋਸ਼ਨੀ ਨਹੀਂ, ਕੋਈ ਉਪਯੋਗਤਾ ਨਹੀਂ। * ਹਰ ਕੋਈ ਚੜ੍ਹਦੇ ਸੂਰਜ ਨੂੰ ਜਲ ਚੜ੍ਹਾ ਕੇ ਪੂਜਾ ਕਰਦਾ ਹੈ। ਪਰ ਡੁੱਬਦੇ ਸੂਰਜ ਨੂੰ ਕੋਈ ਨਹੀਂ ਪੂਜਦਾ।* ਕੁਝ ਲੋਕ ਆਪਣੇ ਅਹੁਦੇ ਦੇ ਇੰਨੇ ਮੋਹਿਤ ਹੁੰਦੇ ਹਨ ਕਿ ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਤੋਂ ਆਪਣੇ ਚੰਗੇ ਦਿਨ ਨਹੀਂ ਭੁੱਲਦੇ। ਉਹ ਆਪਣੇ ਘਰ ਦੇ ਅੱਗੇ ਨੇਮ ਪਲੇਟਾਂ ਲਾਉਂਦੇ ਹਨ - ਰਿਟਾਇਰਡ ਆਈਏਐਸ / ਰਿਟਾਇਰਡ ਆਈਪੀਐਸ / ਰਿਟਾਇਰਡ ਪੀਸੀਐਸ / ਰਿਟਾਇਰਡ ਜੱਜ ਆਦਿ - ਆਦਿ। ਹੁਣ ਇਹ ਰਿਟਾਇਰਡ IAS/IPS/PCS/ਤਹਿਸੀਲਦਾਰ/ਪਟਵਾਰੀ/ਬਾਬੂ/ਪ੍ਰੋਫੈਸਰ/ਪ੍ਰਿੰਸੀਪਲ/ਅਧਿਆਪਕ.. ਕਿਹੜੀ- ਕਿਹੜੀ ਪੋਸਟ ਹੁੰਦੀ ਹੈ ਭਾਈ? ਮੰਨਿਆ ਕਿ ਤੁਸੀ ਬਹੁਤ ਵੱਡੇ ਅਫਸਰ ਸੀ.. ਬਹੁਤ ਕਾਬਿਲ ਵੀ ਸੀ.. ਪੂਰੇ ਮਹਿਕਮੇ ਵਿਚ ਤੁਹਾਡੀ ਤੂਤੀ ਬੋਲਦੀ ਸੀ, ਪਰ ਹੁਣ ਕੀ...? 
  ਹੁਣ ਇਹ ਗੱਲ ਮਾਇਨੇ ਨਹੀਂ ਰੱਖਦੀ ਪਰ ਇਹ ਗੱਲ ਮਾਇਨੇ ਰੱਖਦੀ ਹੈ ਕਿ ਤੁਸੀਂ ਅਹੁਦੇ 'ਤੇ ਰਹਿੰਦਿਆਂ ਤੁਸੀ ਕਿਸ ਤਰਾਂ ਦੇ ਇਨਸਾਨ ਸੀ... ਤੁਸੀ ਕਿੰਨੇ ਲੋਕਾ ਦਾ ਦਿਲ ਜਿੱਤਿਆ ... ਜਿੰਦਗੀ ਨੂੰ ਕਿੰਨਾ ਛੂਹਿਆ... ਆਮ ਲੋਕਾਂ ਨੂੰ ਕਿੰਨੀ ਤਵੱਜੋ ਦਿੱਤੀ ...* ਲੋਕਾਂ ਦੀ ਕਿੰਨੀ ਮਦਦ ਕੀਤੀ... ਜਾਂ ਸਿਰਫ਼ ਹੰਕਾਰ 'ਚ ਹੀ ਸੁੱਜੇ ਰਹੇ। ਜੇਕਰ ਤੁਹਾਨੂੰ ਆਪਣੇ ਅਹੁਦੇ ਤੇ ਰਹਿੰਦਿਆਂ ਕਦੇ ਘਮੰਡ ਆਵੇ ਤਾਂ ਬਸ ਆ ਗੱਲ ਯਾਦ ਰੱਖਿਓ ਕਿ *ਅਖੀਰ ਵਿਚ ਇਕ ਦਿਨ ਸਭ ਨੇ ਫਿਉਜ ਹੋਣਾ ਹੈ*.. 
 ਇਹ ਪੋਸਟ ਉਨ੍ਹਾਂ ਲੋਕਾਂ ਲਈ ਸ਼ੀਸ਼ਾ ਹੈ, ਜੋ ਅਹੁਦੇ ਅਤੇ ਸੱਤਾ ਤੇ ਹੋਣ ਦੇ ਬਾਵਜੂਦ ਆਪਣੀ ਕਲਮ ਨਾਲ ਸਮਾਜ ਦੇ ਹਿੱਤਾਂ ਲਈ ਕੰਮ ਨਹੀਂ ਕਰ ਸਕਦੇ ਅਤੇ *ਰਿਟਾਇਰਮੈਂਟ ਤੋਂ ਬਾਅਦ ਸਮਾਜ ਲਈ ਵੱਡੀ ਚਿੰਤਾ ਹੋਣ ਲਗਦੀ ਹੈ।* ਅਜੇ ਵੀ ਸਮਾਂ ਹੈ ਇਸ ਪੋਸਟ ਨੂੰ ਪੜ੍ਹੋ ਅਤੇ ਚਿੰਤਨ ਕਰੋ ਅਤੇ ਸਮਾਜ ਦੇ ਭਲੇ ਲਈ ਜੋ ਵੀ ਜਰੂਰੀ ਹੋਵੇ ਹਰ ਸੰਭਵ ਕੋਸ਼ਿਸ਼ ਕਰੋ... ਅਤੇ ਆਪਣੇ ਅਹੁਦੇ / ਪਦ ਰੂਪੀ ਬੱਲਬ ਨਾਲ ਸਮਾਜ / ਦੇਸ਼ ਦਾ ਨਾਮ ਰੌਸ਼ਨ ਕਰੋ ...ਹੰਕਾਰ ਦੀ ਚਾਦਰ ਓੜਕੇ ਨਾਂ ਤੁਰੇ ਫਿਰੋ ਜੇ ਸੂਰਜ ਚੜ੍ਹਿਆ ਤਾਂ ਛਿਪਣਾ ਵੀ ਜ਼ਰੂਰ ਆ

Saturday, March 11, 2023

ਇਮਾਨਦਾਰ ਕੌਂਮੀ ਮਾਨਸਿਕਤਾ ਓਹਨਾ ਨੂੰ ਅੰਬਰ ਚੜ੍ਹ ਦੀ ਹਰਪ੍ਰੀਤ ਸਿੰਘ ਜਵੰਦਾ

ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ
ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ
ਬਿਠਾ ਜੰਗਲ ਵਿਚੋਂ ਰੇਕੀ ਕਰਨ ਲੰਘ ਰਹੇ ਸਨ ਕੇ ਜਪਾਨੀਆਂ ਘਾਤ ਲਾ
ਦਿੱਤੀ..ਗ੍ਰਨੇਡ ਦੀਆਂ ਕੰਕਰਾਂ ਸਿਰ ਵਿੱਚ ਜਾ ਧਸੀਆਂ..ਦੋਵੇਂ ਡਿੱਗ ਪਏ..
ਜਪਾਨੀਆਂ ਠੁੱਡ ਮਾਰ ਵੇਖਿਆ..ਫੇਰ ਮਰਿਆ ਸਮਝ ਛੱਡ ਗਏ..!

ਕਿਸੇ ਹਸਪਤਾਲ ਪਹੁੰਚਾਇਆ..ਫੇਰ ਸਿੰਗਾਪੁਰ ਤਿੰਨ ਦਿਨਾਂ ਮਗਰੋਂ ਹੋਸ਼
ਆਈ..ਸਿਰ ਤੇ ਪੱਟੀਆਂ ਸਨ..ਕੋਲ ਇੱਕ ਗੋਰੀ ਵੋਲੇਂਟਿਰ ਕੁੜੀ ਬੈਠੀ ਸੀ..
ਦੱਸਣ ਲੱਗੀ ਕੇ ਤੇਰੇ ਸਿਰ ਦੇ ਓਪਰੇਸ਼ਨ ਵੇਲੇ ਮੈਂ ਡਾਕਟਰ ਨੂੰ ਵਾਲ ਨਹੀਂ
ਸਨ ਕੱਟਣ ਦਿੱਤੇ..ਮੇਰਾ ਕਰਨਲ ਬਾਪ ਅਕਸਰ ਦੱਸਦਾ ਰਹਿੰਦਾ ਕੇ ਇੱਕ
ਸਿੱਖ ਲਈ ਕੇਸ ਕਿੰਨਾ ਮਹੱਤਵ ਰੱਖਦੇ ਨੇ..ਹਰਬਖਸ਼ ਸਿੰਘ ਜੀ ਨੇ ਉਸ
ਕੁੜੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ..!

ਸੰਤਾਲੀ ਦੀ ਵੰਡ ਮਗਰੋਂ ਸੰਨ ਪੈਂਠ ਦੇ ਲੜਾਈ ਵੇਲੇ ਪੱਛਮੀਂ ਕਮਾਂਡ ਦੇ ਮੁਖੀ
ਸਨ..ਫੌਜ ਦੇ ਮੁਖੀ ਜਰਨਲ ਚੋਧਰੀ ਨੇ ਆਖਿਆ ਬਿਆਸ ਤੀਕਰ ਪਿੱਛੇ ਆ
ਜਾਵੋ..ਪਾਕਿਸਤਾਨੀ ਟੈਕ ਸੁਨਾਮੀ ਵਾਂਙ ਜੂ ਚੜੇ ਆਉਂਦੇ ਸਨ..ਹੁਕਮ ਮੰਨਣ
ਤੋਂ ਨਾਂਹ ਕਰ ਦਿੱਤੀ..ਅਖ਼ੇ ਨਨਕਾਣਾ ਤੇ ਪਹਿਲੋਂ ਗਵਾ ਚੁਕੇ ਹਾਂ ਹੁਣ ਦਰਬਾਰ
ਸਾਬ ਗਵਾਉਣ ਦੀ ਗੁੰਜਾਇਸ਼ ਨਹੀਂ..ਫੇਰ ਡੇਰਾ ਬਾਬਾ ਨਾਨਕ ਸੈਕਟਰ
ਥਾਣੀਂ ਲਾਹੌਰ ਤੀਕਰ ਜਾ ਅੱਪੜਿਆ..ਜੰਗ ਜਿੱਤੀ..ਮਗਰੋਂ ਪੂਰੀ ਦੀ ਪੂਰੀ
ਫੌਜੀ ਲੌਬੀ ਵਿਰੋਧ ਵਿੱਚ ਖੜ ਗਈ..ਅਖ਼ੇ ਇਸਦਾ ਕੋਰਟ ਮਾਰਸ਼ਲ ਕਰੋ..
ਸੀਨੀਅਰ ਦਾ ਹੁਕਮ ਨਹੀਂ ਮੰਨਿਆ..!
ਪਰ ਉਸ ਵੇਲੇ ਦਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਹਿਮਾਇਤ ਵਿੱਚ
ਖਲੋ ਗਿਆ..ਅਗਲਾ ਫੌਜ ਦਾ ਮੁਖੀ ਬਣਨਾ ਤਹਿ ਸੀ ਪਰ ਅਚਾਨਕ ਲਾਲ
ਬਹਾਦੁਰ ਮੁੱਕ ਗਿਆ..!
ਮੁੜਕੇ ਬਣੀ ਇੰਦਰਾ ਗਾਂਧੀ ਧੁਰ ਅੰਦਰ ਕੋਈ ਡੂੰਘਾ ਵੈਰ ਪਾਲੀ ਬੈਠੀ ਸੀ..
ਇਸਨੂੰ ਪਰਾ ਕਰ ਮਾਣਕ ਸ਼ਾਹ ਨੂੰ ਮੁਖੀ ਬਣਾ ਦਿੱਤਾ..!

ਪਰ ਅੰਦਰੋਂ ਸਿੱਖੀ ਪ੍ਰਤੀ ਪਿਆਰ ਬਿਲਕੁਲ ਵੀ ਨਹੀਂ ਘਟਿਆ..ਜੂਨ ਚੁਰਾਸੀ
ਮਗਰੋਂ ਜਰਨਲ ਰਣਜੀਤ ਸਿੰਘ ਦਿਆਲ ਨੂੰ ਉਲ੍ਹਾਮਾ ਦਿੱਤਾ ਕੇ ਤੈਨੂੰ
ਦਰਬਾਰ ਸਾਬ ਤੇ ਹਮਲੇ ਵਾਲੇ ਹੁਕਮ ਦੀ ਹੁਕਮ ਅਦੂਲੀ ਕਰ ਦੇਣੀ
ਚਾਹੀਦੀ ਸੀ..ਮਗਰੋਂ ਜਦੋਂ ਸਿੱਖ ਫੌਜੀ ਭਗੌੜੇ ਹੋਏ ਤਾਂ ਓਹਨਾ ਦੇ ਕੋਰਟ
ਮਾਰਸ਼ਲਾਂ ਵੇਲੇ ਖੁਦ ਦੀ ਸਮੂਲੀਅਤ ਨੂੰ ਇਸ ਦਲੀਲ ਤੇ ਸਹੀ ਸਿੱਧ ਕੀਤਾ
ਕੇ ਮੈਂ ਸਿੱਖ ਮਾਨਸਿਕਤਾ ਨੂੰ ਸਹੀ ਤਰੀਕੇ ਨਾਲ ਜਾਣਦਾ ਹਾਂ..ਨਵੰਬਰ
ਚੁਰਾਸੀ ਵੇਲੇ ਦਿੱਲੀ ਘਰ ਤੇ ਭੀੜ ਚੜ ਆਈ..ਖੁਦ ਕਾਰਬਾਈਨ ਲੈ ਕੇ ਕੋਠੇ
ਤੇ ਚੜ ਗਿਆ ਤੇ ਨਾਲ ਦੋ ਰਾਈਫਲਾਂ ਫੜਾ ਧੀਆਂ ਵੀ ਚੜਾ ਲਈਆਂ..ਇੱਕ
ਦੋ ਫਾਇਰ ਕੀਤੇ..ਭੀੜ ਦਾ ਹੀਆ ਨਾ ਪਿਆ..!

ਅਕਸਰ ਆਖਿਆ ਕਰਦੇ ਮੇਰੀ ਜਿੰਦਗੀ ਤੇ ਮਲਾਯਾ ਦੇ ਜੰਗਲਾਂ ਤੋਂ ਹੀ
ਉਧਾਰ ਤੇ ਟਿਕੀ ਹੋਈ ਏ..ਵਾਹਿਗੁਰੂ ਨੇ ਕੋਈ ਕਾਰਜ ਕਰਵਾਉਣਾ ਸੀ..ਤਾਂ
ਹੀ ਹੱਥ ਦੇ ਕੇ ਰੱਖਿਆ..!

ਸੋ ਦੋਸਤੋ ਇਤਿਹਾਸ ਦੇ ਪੰਨੇ ਆਪਣੇ ਅੰਦਰ ਕੁਝ ਐਸੇ ਹੀਰੇ ਸਾਂਭੀ ਬੈਠੇ ਨੇ
ਕੇ ਜਿਹਨਾਂ ਆਪਣੀਆਂ ਸ਼ਰਤਾਂ ਤੇ ਹੀ ਨੌਕਰੀ ਕੀਤੀ..ਕਿਸੇ ਦੀ ਈਨ ਨਹੀਂ
ਮੰਨੀ..ਨਾ ਹੀ ਕਿਸੇ ਅਹੁਦੇ ਇਨਾਮ ਦੀ ਲਾਲਸਾ ਜ਼ਿਹਨ ਅੰਦਰ ਵੱਡੀ ਹੀ
ਹੋਣ ਦਿੱਤੀ..ਵੱਡੇ ਤੋਂ ਵੱਡਾ ਹੁਕਮ ਵੀ ਸਿਰਫ ਇਸ ਬਿਨਾ ਤੇ ਹੀ ਮੰਨਣ ਤੋਂ
ਇਨਕਾਰ ਕਰ ਦਿੱਤਾ ਕੇ ਇਹ ਮੇਰੇ ਗੁਰੂ ਨੂੰ ਨੀਵਾਂ ਅਤੇ ਮੇਰੀ ਆਸਥਾ ਨੂੰ
ਚੀਰ ਕੇ ਲੰਘਦਾ ਏ..!

ਦੋਸਤੋ ਚਾਪਲੂਸ ਗੱਦਾਰ ਅਤੇ ਮੀਣਾ ਦਿਨ ਵਿੱਚ ਹੀ ਕਈ ਵੇਰ ਮਰਦੇ ਪਰ
ਗੁਰੂ ਦਾ ਸਿੰਘ ਸਾਰੀ ਹਯਾਤੀ ਵਿੱਚ ਸਿਰਫ ਇੱਕ ਵੇਰ..ਓਦੋਂ ਵੀ ਇੱਕ
ਇਮਾਨਦਾਰ ਕੌਂਮੀ ਮਾਨਸਿਕਤਾ ਓਹਨਾ ਨੂੰ ਅੰਬਰੀ ਚਾੜ ਹਮੇਸ਼ਾਂ ਲਈ
ਜਿਉਂਦਾ ਕਰ ਦਿੰਦੀ ਏ!
ਹਰਪ੍ਰੀਤ ਸਿੰਘ ਜਵੰਦਾ

Saturday, December 3, 2022

ਪਲੇਠੀ ਦੀ ਧੀ ਦਾ ਵਿਆਹ

ਪਲੇਠੀ ਦੀ ਧੀ ਦਾ ਵਿਆਹ ਉਚੇਚਾ ਆਪਣੇ ਪਿੰਡ ਵਿਚ ਹੀ ਕਰਨਾ ਏ..ਇਹ ਫੈਸਲਾ ਜਦੋਂ ਬਾਹਰ ਬੈਠੀ ਰਿਸ਼ਤੇਦਾਰੀ ਸਾਕ ਬਰਾਦਰੀ ਨਾਲ ਸਾਂਝਾ ਕੀਤਾ ਤਾਂ ਬੜਾ ਜਿਆਦਾ ਮੌਜੂ ਬਣਿਆ..
ਅਖ਼ੇ ਕਿਓਂ ਪੁੱਠੇ ਪਾਣੀ ਤਾਰੀ ਲਾਉਣ ਚਲਿਆਂ..ਇੰਝ ਅੱਜ ਕਲ ਭਲਾ ਕੌਣ ਕਰਦਾ ਏ..ਸ਼ਹਿਰ ਕਿੰਨੇ ਸਾਰੇ ਸੋਹਣੇ ਸੋਹਣੇ ਮੈਰਿਜ ਪੈਲੇਸ..ਕਿੰਨੀਆਂ ਸਾਰੀਆਂ ਸੁਖ ਸਹੂਲਤਾਂ ਅਤੇ ਢੁਕਵੇਂ ਮਾਹੌਲ!
ਦੂਰ ਦੁਰਾਡੇ ਪਿੰਡੀ ਥਾਈ ਸੌ ਮੀਂਹ ਕਣੀ..ਝੱਖੜ ਤੂਫ਼ਾਨ ਅਤੇ ਕਿੰਨੇ ਸਾਰੇ ਹੋਰ ਵੀ ਯੱਬ..ਜੇ ਐਨ ਮੌਕੇ ਤੇ ਕੋਈ ਅਬੀ-ਨਬੀ ਹੋ ਗਈ ਤਾਂ ਬਾਹਰੋਂ ਆਈ ਜੰਝ ਦਾ ਪੈ ਗਿਆ ਖਲਾਰਾ ਤੈਥੋਂ ਸਾਂਭਣਾ ਬਾਹਲਾ ਔਖਾ ਹੋ ਜਾਣਾ ਏ..!
ਪਰ ਮੇਰਾ ਫੈਸਲਾ ਅੱਟਲ ਸੀ..ਮੈਂ ਸ਼ੁਰੂ ਤੋਂ ਹੀ ਇਹ ਸੋਚ ਰਖਿਆ ਸੀ ਕੇ ਭਾਵੇਂ ਜੋ ਮਰਜੀ ਹੋ ਜਾਵੇ ਇਹ ਪਹਿਲਾ ਵਿਆਹ ਓਸੇ ਵਿਹੜੇ ਵਿਚ ਹੀ ਨੇਪਰੇ ਚੜੂ ਜਿਥੇ ਕਦੀ ਗਹਿਣਿਆਂ ਨਾਲ ਸੱਜੀ ਇਸਦੀ ਸਵਰਗਵਾਸੀ ਮਾਂ ਨੇ ਪੈਰ ਪਾਇਆ ਸੀ!
ਬਹੁਤੇ ਕੰਮ ਫੋਨ ਤੇ ਹੀ ਮੁਕਾ ਅਸੀਂ ਸਾਰੇ ਹਫਤਾ ਕੂ ਪਹਿਲਾਂ ਪਿੰਡ ਅੱਪੜ ਗਏ..ਚਿਰਾਂ ਤੋਂ ਸੁੰਞੇ ਪਏ ਵੇਹੜੇ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ..ਸਾਫ ਸਫਾਈ..ਕਲੀਆਂ ਪੇਂਟ..ਚਾਨਣੀਆਂ ਕਨਾਤਾਂ..ਦੇਗਾਂ..ਭਾਂਡੇ..ਬਿਸਤਰੇ..ਸਪੀਕਰ ਅਤੇ ਹੋਰ ਵੀ ਕਿੰਨੇ ਕੁਝ ਇੱਕ ਵੇਰ ਫੇਰ ਤੋਂ ਜਿਉਂਦਾ ਹੋ ਗਿਆ..ਸਾਰੇ ਬੰਦੋਬਸਤ ਦਾ ਜੁੰਮਾ ਪਿੰਡ ਅੰਦਰ ਦੀ ਹੀ ਫੇਰ ਤੋਂ ਜਿਉਂਦੀ ਹੋ ਗਈ ਕਿੰਨੇ ਸਾਰੀ ਸਾਕ ਬਰਾਦਰੀ ਨੇ ਆਪਣੇ ਸਿਰ ਲੈ ਲਿਆ ਸੀ..ਸਾਰੇ ਪਿੰਡ ਵਿਚ ਇੱਕ ਅਜੀਬ ਜਿਹਾ ਚਾਅ ਸੀ ਕੇ ਇਸੇ ਪਿੰਡ ਦਾ ਜੰਮਿਆਂ ਅੱਜ ਇੱਕ ਨਵੀਂ ਪਿਰਤ ਪਾਉਣ ਵਾਪਿਸ ਪਰਤ ਰਿਹਾ ਏ!
ਕਈਆਂ ਆਪਣਿਆਂ ਦੇ ਅਖੀਰ ਤੀਕਰ ਵੀ ਫੋਨ ਸੁਨੇਹੇਂ ਆਉਂਦੇ ਰਹੇ ਕੇ ਏਨੇ ਦਿਨ ਪਹਿਲਾਂ ਤੇ ਸਾਥੋਂ ਨਹੀਂ ਆਇਆ ਜਾਣਾ..ਅਸੀਂ ਤੇ ਬੱਸ ਵਿਆਹ ਵਾਲੇ ਦਿਨ ਹੀ ਆਵਾਂਗੇ!
ਫੇਰ ਉਸ ਦਿਨ ਅਖੰਡ ਪਾਠ ਦਾ ਸ਼ੁਭ ਆਰੰਭ ਸੀ..ਗਿਆਨੀ ਜੀ ਕੋਲ ਆਏ ਤੇ ਪੁੱਛਣ ਲੱਗੇ..ਸਰਦਾਰ ਸਾਬ ਕੀ ਪ੍ਰੋਗਰਾਮ ਏ..ਨੇੜੇ ਦੀ ਕਿਸੇ ਖਾਸ ਰਿਸ਼ਤੇਦਾਰੀ ਦੀ ਉਡੀਕ ਕਰਨੀ ਏ ਕੇ ਸੋਧੀਏ ਅਰਦਾਸਾ..?
ਮੈਂ ਚਾਰੇ ਪਾਸੇ ਨਜਰ ਘੁੰਮਾ ਕੇ ਵੇਖਿਆ..ਨੁੱਕਰ ਵਿਚ ਹਲਵਾਈ ਬਲਦੀ ਅੱਗ ਤੇ ਪਤੀਲਾ ਰੱਖ ਮਠਿਆਈਆਂ ਬਣਾਉਣ ਦੀ ਤਿਆਰੀ ਕਰ ਰਿਹਾ ਸੀ..!
ਨੌਕਰ ਚਾਕਰ ਅਤੇ ਹੋਰ ਕਿੰਨੇ ਸਾਰੇ ਅਣਜਾਣ ਜਿਹੇ ਚੇਹਰੇ ਨਿੱਕ ਸੁੱਕ ਦਾ ਬੰਦੋਬਸਤ ਕਰਦੇ ਹੋਏ ਏਧਰ ਓਧਰ ਨੱਠ ਭੱਜ ਕਰ ਰਹੇ ਸਨ..!
ਕੁਝ ਬੈਠੇ ਚਾਹ ਪੀ ਰਹੇ ਸਨ..ਕੁਝ ਨੇ ਬੂੰਦੀ ਸ਼ੱਕਰ ਪਾਰਿਆਂ ਵਾਲਾ ਫਰੰਟ ਮੱਲਿਆ ਹੋਇਆ ਸੀ..!
ਕੁਝ ਵੈਸੇ ਹੀ ਬੈਠੇ ਗੱਲਾਂ ਮਾਰ ਰਹੇ ਸਨ..ਬਰਾਦਰੀ ਵਿਚੋਂ ਹੀ ਕੁਝ ਲੋਕ ਕਨਾਤਾਂ ਵਾਸਤੇ ਟੋਏ ਪੁੱਟ ਰਹੇ ਸਨ..!
ਸਪੀਕਰ ਵਾਲਾ ਆਪਣੇ ਕੰਮ ਵਿਚ ਰੁੱਝਾ ਹੋਇਆ ਸੀ..ਉਸਨੂੰ ਉਚੇਚਾ ਆਖ ਰਖਿਆ ਸੀ ਕੇ ਇਹ ਦੋ ਮੰਜਿਆਂ ਨੂੰ ਜੋੜ ਕੇ ਹੀ ਲੋਣਾ ਹੋਵੇਗਾ..!
ਕੁਝ ਸਾਰੇ ਪਿੰਡ ਵਿਚੋਂ ਇੱਕਠਾ ਕੀਤਾ ਦੁੱਧ ਹਲਵਾਈ ਕੋਲ ਪਏ ਭਾਂਡੇ ਵਿਚ ਪਾ ਰਹੇ ਸਨ..ਸ਼ਰੀਕੇ ਵਿਚੋਂ ਹੀ ਕੁਝ ਔਰਤਾਂ ਖੁੱਲੀਆਂ ਥਾਲੀਆਂ ਵਿਚ ਦਾਲਾਂ ਚੁਗਣ ਅਤੇ ਲੋਹ ਤੇ ਫੁਲਕੇ ਲਹੁਣ ਦੀ ਤਿਆਰੀ ਵਿਚ ਸਨ..!
ਇੱਕ ਨਜਰ ਭਰ ਓਹਨਾ ਸਾਰਿਆਂ ਵੱਲ ਵੇਖਿਆ..ਫੇਰ ਗਿਆਨੀ ਜੀ ਨੂੰ ਕੋਲ ਸੱਦ ਲਿਆ ਆਖਣਾ ਸ਼ੁਰੂ ਕੀਤਾ ਕੇ "ਬਾਬਿਓ ਆਹ ਵੇਖੋ ਮੇਰੇ ਨੇੜੇ ਦੇ ਕਿੰਨੇ ਸਾਰੇ ਸਗੇ ਸਬੰਦੀ ਤਕਰੀਬਨ ਸਾਰੇ ਹੀ ਅੱਪੜ ਗਏ ਨੇ..ਤੁਸੀਂ ਅਰਦਾਸ ਕਰੋ"!
ਫੇਰ ਅਖੰਡ ਪਾਠ ਦੀ ਅਰੰਭਤਾ ਹੋਈ..ਮਿੱਥੇ ਦਿਨ ਭੋਗ ਪਿਆ..ਕੀਰਤਨ ਸੁਣਿਆ..ਲਗਾਤਾਰ ਹਾਜਰੀ ਭਰੀ..ਬਰਾਤ ਆਈ ਤੇ ਚਲੀ ਵੀ ਗਈ..ਸਭ ਕੁਝ ਸੁੱਖੀ ਸਾਂਦੀ ਨੇਪਰੇ ਚੜ ਗਿਆ..ਨਾ ਮੀਂਹ ਪਿਆ ਤੇ ਨਾ ਹਨੇਰੀ ਹੀ ਆਈ..ਇੰਝ ਲੱਗਾ ਕੁਲ ਕਾਇਨਾਤ ਨੇ ਅੱਗੇ ਹੋ ਕੇ ਇਸ ਸਭ ਕੁਝ ਵਿਚ ਸਾਡਾ ਪੂਰਾ ਸਾਥ ਦਿੱਤਾ ਹੋਵੇ!
ਇੱਕ ਵੇਰ ਫੇਰ ਤੋਂ ਜਿਉਂਦੀ ਹੋ ਗਈ ਪਿੰਡ ਦੀ ਕਿੰਨੀ ਸਾਰੀ ਰਿਸ਼ਤੇਦਾਰੀ ਅਤੇ ਸਾਕ ਬਰਾਦਰੀ ਵਿਆਹ ਤੋਂ ਕਿੰਨੇ ਦਿਨ ਮਗਰੋਂ ਤੀਕਰ ਵੀ ਪੱਬਾਂ ਭਾਰ ਹੋ ਕੇ ਸਾਰੇ ਕਾਰਜ ਨੇਪੜੇ ਚਾੜਦੀ ਰਹੀ ਤੇ ਨੇੜੇ ਤੋਂ ਇੱਕਦਮ ਦੂਰ ਜਿਹੇ ਹੋ ਗਏ ਕੁਝ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਘੱਟੇ ਮਿੱਟੀ ਦੇ ਡਰੋਂ ਬਸ ਕੁਝ ਚਿਰ ਲਈ ਆਏ ਤੇ ਸ਼ਗਨ ਪਾ ਕੇ ਤੁਰਦੇ ਬਣੇ..!
(ਇੱਕ ਕਲਪਨਾ ਏ ਜਿਹੜੀ ਸ਼ਾਇਦ ਕਦੀ ਹਕੀਕਤ ਬਣ ਜਾਵੇ)
ਹਰਪ੍ਰੀਤ ਸਿੰਘ ਜਵੰਦਾ

Tuesday, November 15, 2022

ਕੁੜੀ ਭੱਜ ਗਈ

ਕੁੜੀ ਭੱਜ ਗਈ !

ਮੁੰਬਈ, ਮਹਾਂਰਾਸ਼ਟਰ 'ਚ ਸ਼ਰਧਾ ਨਾਮ ਦੀ ਕੁੜੀ, ਕਿਸੇ ਮਲਟੀਨੈਸ਼ਨਲ ਕੰਪਨੀ 'ਚ ਨੌਕਰੀ ਕਰਦੀ ਸੀ, ਇਸੇ ਦੌਰਾਨ ਨਾਲ ਦੇ ਸਹਿਕਰਮੀ , 'ਆਫਤਾਬ' ਨਾਲ ਨਜਦੀਕੀਆਂ ਵਧੀਆਂ, ਮੁਲਾਕਾਤਾਂ ਦਾ ਲੰਮਾ ਦੌਰ ਤੇ ਅਖੀਰ ਕੁੜੀ ਦੇ ਘਰਦਿਆਂ ਨੂੰ, ਇਸ ਨਜਾਇਜ਼ ਰਿਸ਼ਤੇ ਬਾਰੇ ਪਤਾ ਲੱਗ ਗਿਆ, ਇਤਰਾਜ਼ ਜਤਾਇਆ ਤਾਂ ਕੁੜੀ ਭੱਜ ਗਈ, ਮਾਪਿਆਂ ਨੂੰ ਮਿੱਟੀ 'ਚ ਰੋਲ਼ ਕੇ, ਦਿੱਲੀ ਲਾਗੇ ਮਹਿਰੌਲੀ 'ਚ, ਆਫਤਾਬ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗ ਪਈ, ਥੋੜੇ ਸਮੇਂ ਬਾਅਦ ਜਦੋਂ ਕੁੜੀ ਨੇ, ਵਿਆਹ ਲਈ ਦਬਾਅ ਬਣਾਇਆ, ਤਾਂ ਇਸ ਦਰਿੰਦੇ ਨੇ, ਕੁੜੀ ਦਾ ਮਈ 2022 'ਚ ਕਤਲ ਕਰ ਦਿੱਤਾ, ਫੇਰ ਲਾਸ਼ ਦੇ 35 ਟੁਕੜੇ ਕਰਕੇ, ਫਰਿੱਜ 'ਚ ਰੱਖੇ ਤੇ ਰੋਜ ਰਾਤੀਂ ਦੋ ਵਜੇ, ਇਕ-ਇੱਕ ਟੁੱਕੜਾ ਸ਼ਹਿਰ 'ਚ ਟਿਕਾਣੇ ਲਾ ਦਿੰਦਾ। ਅਖੀਰ ਪਿਓ ਤਾਂ ਪਿਓ ਹੁੰਦੈ, ਲਗਾਤਾਰ ਪੰਜ ਮਹੀਨੇ ਫੋਨ ਕਰਦਾ ਰਿਹਾ, ਗੱਲਬਾਤ ਨਾ ਹੋਣ ਤੇ ਸ਼ੱਕ ਗਹਿਰਾਇਆ ਤੇ ਅਖੀਰ ਦੋਸ਼ੀ ਟੁੱਟ ਗਿਆ, ਅਖੇ ਵਿਆਹ ਲਈ ਪ੍ਰੇਸ਼ਾਨ ਕਰਦੀ ਸੀ ਤਾਂ ਖਤਮ ਕਰ ਦਿੱਤਾ। ਮੇਰੀਓ ਭੈਣੋ, ਜਿੰਨਾਂ ਤੁਹਾਨੂੰ 20 ਸਾਲ ਪਾਲਿਆ ਏ, ਉਹ ਤੁਹਾਨੂੰ ਤੁਹਾਡੇ ਤੋਂ ਬੇਹਤਰ ਜਾਣਦੇ ਨੇਂ, ਸੋ ਸਿਆਣੇ ਨਹੀਂ, ਸਮਝਦਾਰ ਬਣੋ, ਸਾਵਧਾਨ ਰਹੋ, ਸੁਰੱਖਿਅਤ ਰਹੋ

Wednesday, November 9, 2022

कुछ व्यवहार करते समय #नफा नुकसान नहीं देखना चाहिए।

बहुत दिनो से स्कूटी का उपयोग नही होने से, विचार आया #Olx पे बेच दे..
कीमत Rs 30000/- डाल दी
बहुत आफर आये 15 से 28 हजार तक। 
एक का 29 का प्रस्ताव आया। 
उसे भी waiting में रखा।
कल सुबह काल आया, उसने कहा-
"साहब नमस्कार 🙏 , 
आपकी गाडी का add देखा। पसंद भी आयी है। परंतु 30 जमाने का बहुत प्रयत्न किया, 24 ही इकठ्ठा कर पाया हूँ। बेटा #इंजिनियरिंग के अंतिम वर्ष में है। बहुत मेहनत किया है उसने। कभी पैदल, कभी सायकल, कभी बस, कभी किसी के साथ। सोचा अंतिम वर्ष तो वह अपनी गाडी से ही जाये। आप कृपया स्कूटी मुझे ही दिजीएगा। नयी गाडी मेरी हैसियत से बहुत ज्यादा है। थोडा समय दिजीए। मै पैसो का इंतजाम करता हूँ। मोबाइल बेच कर कुछ रुपये मिलेंगें। परंतु हाथ जोड़कर कर निवेदन है साहब,मुझे ही दिजीएगा।"
मैने औपचारिकता में मात्र #Ok बोलकर फोन रख दिया। Uttam Gupta Ayodhya 
कुछ विचार मन में आये। 
वापस काल बैक किया और कहा
"आप अपना #मोबाइल मत बेचिए, कल सुबह केवल 24 हजार लेकर आईए, गाडी आप ही ले जाईए वह भी मात्र 24 में ही"
मेरे पास 29 हजार का प्रस्ताव होने पर भी 24 में किसी अपरिचित व्यक्ति को मै स्कूटी देने जा रहा था। 
सोचा उस परिवार में आज कितने आनंद का निर्माण हुआ होगा। 
कल उनके घर स्कूटीआएगी। 
और मुझे ज्यादा नुकसान भी नहीं हो रहा था।
ईश्वर ने बहुत दिया है और सबसे बडा धन #समाधान है जो कूट-कूटकर दिया है। 
अगली सुबह उसने कम से कम 6-7 बार फोन किया
"#साहब कितने बजे आऊ, आपका समय तो नही खराब होगा। पक्का लेने आऊं, बेटे को लेकर या अकेले आऊ। पर साहब गाडी किसी को और नही दिजीएगा।"
वह 2000, 500, 200, 100, 50 के #नोटों का संग्रह लेकर आया, साथ में बेटा भी था। ऐसा लगा, पता नही कहा कहा से निकाल कर या मांग कर या इकठ्ठा कर यह पैसे लाया है। 
 बेटा एकदम आतुरता और कृतज्ञता से 🛵 को देख रहा था। मैने उसे दोनो चाबियां दी, कागज दिये। बेटा गाडी पर विनम्रतापूर्वक हाथ फेर रहा था। रुमाल निकाल कर पोछ रहा था। 
उसनें पैसे गिनने कहा, मैने कहा आप गिनकर ही लाये है, कोई दिक्कत नहीं।
जब जाने लगे, तो मैने उन्हे 500 का एक नोट वापस करते कहाँ, घर जाते #मिठाई लेते जाएगा। सोच यह थी कि कही तेल के पैसे है या नही। और यदि है तो मिठाई और तेल दोनो इसमें आ जायेंगे।
आँखों में कृतज्ञता के आंसु लिये उसने हमसे विदा ली और अपनी 🛵 ले गया। जाते समय बहुत ही आतुरता और विनम्रता से झुककर अभिवादन किया। बार बार आभार व्यक्त किया।
दोस्तो जीवन में कुछ व्यवहार करते समय #नफा नुकसान नहीं देखना चाहिए। 
अपने माध्यम से किसी को क्या सच में कुछ आनंद प्राप्त हुआ यह देखना भी होता है

Friday, October 28, 2022

ਡਾ. ਅਜਮੇਰ ਸਿੰਘ ਜੀ ਦੀ ਜਾਗਰੂਕ ਕਰਦੀ ਆਪਬੀਤੀ


ਮੇਰਾ ਵਿਸ਼ਵਾਸ ਹੈ ਕਿ ਜੇ ਕਿਸੇ ਬਿਮਾਰੀ ਬਾਰੇ ਡਾਕਟਰ ਅਪਰੇਸ਼ਨ ਕਰਵਾਉਣ ਦੀ ਸਲਾਹ ਦੇਵੇ ਤਾਂ ਉਸੇ ਵੇਲੇ "ਹਾਂ" ਨਹੀਂ ਕਰਨੀ ਚਾਹੀਦੀ। ਕਿਸੇ ਦੂਜੇ ਡਾਕਟਰ ਦੀ ਵੀ ਸਲਾਹ ਲੈਣੀ ਚਾਹੀਦੀ ਹੈ। ਇਸ ਦਾ ਮੈਨੂੰ ਫਾਇਦਾ ਵੀ ਹੋਇਆ ਹੈ।
ਸਨ 2006 ਵਿਚ ਮੇਰੇ ਬ੍ਰੇਨ ਟਿਊਮਰ ਹੋਣ ਦਾ ਪਤਾ ਲੱਗਿਆ ਸੀ। ਪੀਜੀਆਈ ਦੇ ਡਾਕਟਰ ਨੇ ਤੁਰੰਤ ਅਪਰੇਸ਼ਨ ਕਰਵਾਉਣ ਲਈ ਕਿਹਾ। ਪਰ ਮੈਂ ਆਪਣੀ ਆਦਤ ਅਨੁਸਾਰ ਕਹਿ ਬੈਠਾ ਕਿ "ਅਜੇ ਨਹੀਂ।" ਮੇਰਾ ਏਨਾ ਕਹਿਣ ਦੀ ਦੇਰ ਸੀ ਕਿ ਡਾਕਟਰ ਗੁੱਸੇ ਵਿਚ ਬੋਲਿਆ," ਰੋਡ ਪਰ ਗਿਰ ਜਾਓਗੇ, ਟਾਂਗ ਚਲੀ ਜਾਏਗੀ, ਆਂਖ ਚਲੀ ਜਾਏਗੀ।" ਇਹ ਸੁਣ ਕੇ ਮੈਂ ਫੇਰ ਕਿਹਾ,"ਜੀ, ਮੈਂ ਸੋਚ ਕੇ ਦੱਸਾਂਗਾ।"
ਉਸ ਮਗਰੋਂ ਮੈਂ ਪੰਜਾਬ ਯੂਨੀਵਰਸਿਟੀ ਆ ਕੇ ਅੱਪਣੇ ਹੈਲਥ ਸੈਂਟਰ ਦੇ ਡਾਕਟਰ ਨਾਲ ਗੱਲ ਕੀਤੀ। ਉਹਨਾਂ ਕਿਹਾ," ਜੇ ਅਪਰੇਸ਼ਨ ਕਰਵਾਉਣਾ ਹੀ ਹੋਇਆ ਤਾਂ ਡਾ. ਕਾਕ(ਪੀਜੀਆਈ ਤੋਂ ਰਿਟਾਇਰ ਹੋਇਆ ਨਿਊਰੋਸਰਜਨ) ਤੋਂ ਕਰਵਾਵਾਂਗੇ। ਪਤਾ ਕਰੋ ਕਿੱਥੇ ਹੈ? ਮੈਂ ਨਾਲ ਚੱਲਾਂਗਾ।"
ਅਗਲੇ ਹੀ ਦਿਨ ਅਸੀਂ MRI ਫ਼ਿਲਮਾਂ ਤੇ ਰਿਪੋਰਟ ਲੈ ਕੇ ਡਾ. ਕਾਕ ਨੂੰ ਮਿਲੇ। ਉਹਨਾਂ MRI ਦੇਖਣ ਸਾਰ ਕਿਹਾ," There's nothing to worry." ਚਿੰਤਾ ਦੀ ਕੋਈ ਲੋੜ ਨਹੀਂ। ਮੈਂ ਸਰਜਰੀ ਦੇ ਹੱਕ ਵਿਚ ਨਹੀਂ। 
ਮੇਰੇ ਨਾਲ ਗਏ ਡਾ. ਧਵਨ ਨੇ ਪੁੱਛਿਆ," Sir, ਸਰਜਰੀ ਕਿਉਂ ਨਹੀਂ?" ਡਾ. ਕਾਕ ਨੇ ਸਮਝਾਇਆ ਕਿ ਬ੍ਰੇਨ ਸਰਜਰੀ ਕਰਨ ਵੇਲੇ ਬਹੁਤ ਧਿਆਨ ਰੱਖਣਾ ਪੈਂਦਾ ਹੈ। ਇਹ ਮਾਈਕਰੋ ਸਰਜਰੀ ਹੈ। ਫੇਰ ਵੀ ਕਾਫੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜੇ ਇਲਾਜ ਕਰਵਾਉਣਾ ਹੈ ਤਾਂ ਦਿੱਲੀ AIIMS ਵਿਚ "Gama knife treatment" ਕਰਵਾ ਲਓ। ਨਾਲ ਹੀ ਉਹਨਾਂ ਨੇ ਨਿਊਰੋਸਰਜਰੀ ਦੇ ਮੁਖੀ ਦੇ ਨਾਂ ਇਕ ਚਿੱਠੀ ਦੇ ਦਿੱਤੀ।
ਕੁਝ ਦਿਨਾਂ ਬਾਅਦ ਮੈਂ ਦਿੱਲੀ ਏਮਜ਼ ਗਿਆ। ਨਿਊਰੋਸਰਜਰੀ ਦੇ ਹੈੱਡ ਨੂੰ ਮਿਲਿਆ। ਉਹਨਾਂ ਨੇ MRI ਦੇਖਣ ਸਾਰ ਡਾ.ਕਾਕ ਵਾਲੀ ਗੱਲ ਹੀ ਆਖੀ ਤੇ ਨਾਲ ਹੀ ਦੱਸਿਆ ਕਿ ਇਸ ਟਿਊਮਰ ਨੇ ਹੁਣ ਹੋਰ ਨਹੀਂ ਵਧਣਾ।ਉਸ ਵੇਲੇ ਟਿਊਮਰ 23mm ਸੀ। ਉਹਨਾਂ ਕਿਹਾ ਕਿ ਜੋ ਨੁਕਸਾਨ ਸਰਜਰੀ ਨਾਲ ਹੁੰਦਾ ਹੈ, ਉਹ gama knife ਨਾਲ ਵੀ ਹੋਵੇਗਾ। ਜੇ ਹੋਰ ਕੋਈ ਤਕਲੀਫ ਨਹੀਂ ਤਾਂ ਕੁਝ ਵੀ ਨਾ ਕਰਵਾਓ, ਨਾ ਸਰਜਰੀ ਤੇ ਨਾ ਹੀ gama knife treatment. ਇਸ ਟਿਊਮਰ ਨੇ ਵਧਣਾ ਨਹੀਂ। ਜੇ ਵਧੇਗਾ ਵੀ ਤਾਂ ਸਾਲ ਵਿਚ ਇਕ ਮਿਲੀਮੀਟਰ ਤੋਂ ਵੀ ਘੱਟ। ਤਿੰਨ ਸੈਂਟੀਮੀਟਰ ਤਕ ਦਾ ਇਲਾਜ ਹੋ ਸਕਦੈ, ਆ ਜਾਣਾ।
ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਵਾਪਸ ਆ ਕੇ ਡਾ. ਧਵਨ ਦੇ ਕਹਿਣ 'ਤੇ ਮੈਂ ਹਰ ਸਾਲ MRI ਕਰਵਾਉਂਦਾ ਰਿਹਾ। ਪੀਜੀਆਈ ਦੇ 2018 ਦੇ ਟੈਸਟ ਅਨੁਸਾਰ, ਇਹ ਟਿਊਮਰ ਘਟ ਕੇ 12mm ਰਹਿ
ਗਿਆ, ਸੁੰਗੜ ਗਿਆ ਹੈ।
ਮੈਂ ਅਪਰੇਸ਼ਨ ਤੋਂ ਬਚ ਗਿਆ। ਦੂਜੇ ਡਾਕਟਰ ਦੀ ਸਲਾਹ ਲੈਣ ਦਾ ਫਾਇਦਾ ਹੀ ਹੋਇਆ ਹੈ।
----ਡਾ. ਅਜਮੇਰ ਸਿੰਘ
Ajmer Singh ਜੀ ਦੀ ਜਾਗਰੂਕ ਕਰਦੀ ਆਪਬੀਤੀ

ਉਹਨਾਂ ਈ ਡਰਨਾ ਧੀ ਜੰਮਣ ਤੋਂ ,

ਕਿੰਨੇ ਹੁੰਦੇ,ਕੰਮ ਕੁੜੀਆਂ ਦੇ , ਦੱਸ ਨੀ ਸਕਦਾ,ਗਮ ਕੁੜੀਆਂ ਦੇ । ਉਹਨਾਂ ਈ ਡਰਨਾ ਧੀ ਜੰਮਣ ਤੋਂ , ਜਿੰਨਾਂ ਨੋਚੇ ਚੰਮ,ਕੁੜੀਆਂ ਦੇ । ਅੱਧੇ ਪੇਕੇ ਅੱਧੇ ਸਹੁ...