Showing posts with label #teacher #mom #dad #love. Show all posts
Showing posts with label #teacher #mom #dad #love. Show all posts

Tuesday, May 19, 2026

ਅਧਿਆਪਕ ਲੱਗ ਕੇ ਸਕੂਟਰ ਖਰੀਦਣ ਵਾਲੀ ਧੀ ਤੇ ਉਸਦੇ ਮਾਪਿਆਂ ਨੂੰ ਸਲਾਮ

ਅਧਿਆਪਕ ਲੱਗ ਕੇ ਸਕੂਟਰ ਖਰੀਦਣ ਵਾਲੀ ਧੀ ਤੇ ਉਸਦੇ ਮਾਪਿਆਂ ਨੂੰ ਸਲਾਮ !
ਮਾਨਸਾ ਜਿਲ਼੍ਹੇ ਦੇ ਪਿੰਡ ਆਲੀਕੇ ਦੇ ਨਿਮਨ ਕਿਸਾਨੀ ਪਰਿਵਾਰ ਵਿਚੋਂ ਲਾਲ ਸਿੰਘ ਅਤੇ  ਮਨਜੀਤ ਕੌਰ ਦੀ ਧੀ ਸੁਖਜੀਤ ਕੌਰ ਨੇ ਜਦ ਆਪਣੀ ਈ ਟੀ ਟੀ [ETT] ਪੜਾਈ ਦਾ ਸਫਰ ਸ਼ੁਰੂ ਕੀਤਾ ਤਾਂ ਉਸਦਾ ਪਿਤਾ ਹਰ ਦਿਨ ਸਾਇਕਲ ਤੇ 12 ਕਿਲੋਮੀਟਰ ਉਸ ਨੂੰ ਫੱਤਾ ਮਾਲੋਕਾ ਬੱਸ ਸਟੈਂਡ ਛੱਡਣ ਆਉਦਾ ਤੇ ਲੈਣ ਆਉਂਦਾ। ਸਵੇਰੇ 6 ਵਜੇ ਘਰੋਂ ਚੱਲ ਕੇ ਉਹ 7 ਵਜੇ ਫੱਤਾ ਮਾਲੋਕਾ ਤੋਂ ਬੱਸ ਰਾਹੀਂ ਮਾਨਸਾ ਪਹੁੰਚਕੇ ਮੁਸ਼ਕਲ ਨਾਲ ਸਮੇਂ ਸਿਰ ਡਾਇਟ ਆਹਿਮਦਪੁਰ ਪਹੁੰਚਦੀ ਸੀ। 4 ਵਜੇ ਤੋਂ ਪਹਿਲਾਂ ਡਾਇਟ ਵਿਚੋਂ ਛੁੱਟੀ ਨਾ ਦਿੱਤੇ ਜਾਣ ਕਰਕੇ 5 ਵਜੇ ਉਹ ਮਾਨਸਾ ਪਹੁੰਚਦੀ ਤੇ ਟੈੱਟ ਦੀ ਤਿਆਰੀ ਲਈ ਮੇਰੇ ਕੋਲ ਕੋਚਿੰਗ ਲੈ ਰਹੀ ਸੀ। ਫਿਰ ਸ਼ਾਮ ਨੂੰ ਸਹੀ 7 ਵਜੇ ਉਹ ਫੱਤਾ ਮਾਲੋਕਾ ਬੱਸ ਸਟੈਂਡ ਤੇ ਉਤਰਦੀ ਅਤੇ ਉਸਦੇ ਪਿਤਾ ਜੀ ਉਸ ਨੂੰ ਬਿਨ੍ਹਾਂ ਕਿਸੇ ਫੋਨ ਦੇ ਹੁੰਦਿਆ ਪਹਿਲਾ ਹੀ ਬੱਸ ਸਟੈਂਡ ਪਹੁੰਚਕੇ ਘਰ ਲੈ ਕੇ ਜਾਣ ਲਈ ਉਡੀਕ ਕਰ ਰਹੇ ਹੁੰਦੇ। ਸ਼ਾਮ ਨੂੰ ਉਹ ਫਿਰ ਪਿਤਾ ਦੇ ਸਾਇਕਲ ਤੇ ਬਹਿ ਕੇ 12 ਕਿਲੋਮੀਟਰ ਦਾ ਸਫਰ ਤਹਿ ਕਰਕੇ ਘਰ ਪਹੁੰਚਦੀ। ਕਈ ਸਾਲ ਈ ਟੀ ਟੀ ਦੇ ਪੇਪਰ ਲੇਟ ਫੇਟ ਹੋਣ ਕਾਰਨ ਲਾਡਲੀ ਧੀ ਨੂੰ ਪਿਤਾ ਨੇ ਸਾਇਕਲ ਤੇ ਸਵੇਰੇ ਛੱਡਣ ਆਉਣ ਤੇ ਸ਼ਾਮ ਨੂੰ ਵਾਪਸ ਘਰ ਲੈ ਕੇ ਜਾਣ ਦਾ ਰੁਟੀਨ ਜਾਰੀ ਰੱਖਿਆ। ਮੇਰੇ ਕੋਲ ਕੋਚਿੰਗ ਕਰਦਿਆਂ ਹੀ ਉਸਨੇ ਮਿਹਨਤ ਨਾਲ ਤਿਆਰੀ ਕੀਤੀ ਤੇ ਈ ਟੀ ਟੀ ਪਾਸ ਕਰਨ ਤੋਂ ਪਹਿਲਾਂ ਹੀ ਪੰਜਾਬ ਦਾ ਅਧਿਆਪਕ ਯੋਗਤਾ ਟੈਸਟ ਬੜੇ ਵਧੀਆ ਨੰਬਰਾਂ ਨਾਲ ਪਾਸ ਕਰ ਲਿਆ। ਸਰਕਾਰੀ ਨੌਕਰੀ ਲਈ ਦੇਰ ਦੇ ਚਲਦਿਆਂ ਉਸਨੂੰ ਮੇਰੇ ਇੰਸਟੀਚਿਊਟ ਦੇ ਸਾਹਮਣੇ ਮਾਤਾ ਗੁਜ਼ਰੀ ਕਾਲਜ ਮਾਨਸਾ ਵਿਚ ਸਕਾਰਲਸ਼ਿਪ ਨਾਲ ਬੀ ਏ ਵਿਚ ਦਾਖਲਾ ਮਿਲ ਗਿਆ ਤੇ ਉਸਨੇ 1500 ਰੁਪਏ ਮਹੀਨਾ ਵਿਚ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕੀਤਾ। ਨਾਲ ਉਹ ਮੇਰੇ ਕੋਲ ਹੀ ਈ ਟੀਟੀ ਸਕਰੀਨਿੰਗ ਦੇ ਪੇਪਰ ਦੀ ਤਿਆਰੀ ਵੀ ਕਰਨੀ ਸ਼ੁਰੂ ਕੀਤੀ।  ਬੀ ਏ ਕਰਦਿਆਂ ਹੀ ਉਸਨੇ ਪੰਜਾਬ ਸਰਕਾਰ ਵਲੋਂ 5994 ਪੋਸਟਾਂ ਵਿਚ ਅਪਲਾਈ ਕੀਤਾ ਅਤੇ ਪੇਪਰ ਵਿਚੋਂ 134 ਨੰਬਰ ਲੈ ਕੇ ਆਪਣੀ ਪੋਸਟ ਪ੍ਰਾਪਤ ਕਰ ਲਈ। ਪਰੰਤੂ ਇਹ ਭਰਤੀ ਦੋ ਤਿੰਨ ਸਾਲ ਕੋਰਟ ਕੇਸਾਂ ਕਰਕੇ ਲਟਕਦੀ ਰਹੀ ਤੇ ਮੇਰੀ ਇਹ ਮਿਹਨਤੀ ਵਿਦਿਆਰਥਣ ਨੇ ਫਿਰ ਮਾਨਸਾ ਦੇ ਸਰਕਾਰੀ ਨਹਿਰੂ ਕਾਲਜ ਵਿਚੋਂ ਐਮ ਏ ਪੰਜਾਬੀ ਏ ਗਰੇਡ ਨਾਲ ਪਾਸ ਕਰ ਲਈ। ਹਾਲ ਦੇ ਦਿਨਾਂ ਵਿਚ ਇਸ ਵਿਦਿਆਰਥਣ ਨੇ  ਈ ਟੀ ਟੀ ਅਧਿਆਪਕ ਵਜੋਂ ਗੌਰਮਿੰਟ ਪ੍ਰਾਇਮਰੀ ਸਕੂਲ ਜੇਠਪੁਰ ਜਿਲ੍ਹਾ ਜਲੰਧਰ ਵਿਖੇ ਜੁਆਇਨ ਕੀਤਾ ਹੈ। ਪੜਣ ਨੂੰ ਇਹ ਇਕ ਆਮ ਪਰਿਵਾਰ ਦੀ ਮਿਹਨਤੀ ਬੱਚੀ ਦੇ ਅਧਿਆਪਕ ਲੱਗਣ ਦੀ ਕਹਾਣੀ ਲੱਗੇਗੀ ਪਰੰਤੂ ਜੇ ਇਸ ਨੂੰ ਆਪਣੀ ਸੋਚ ਵਿਚ ਉਭਾਰਿਆ ਜਾਵੇ ਤਾਂ ਪਤਾ ਚੱਲੇਗਾ ਕਿ ਜਿੱਥੇ ਧੀਆਂ ਨੂੰ ਕੁੱਖਾਂ ਵਿਚ ਮਾਰਨ ਵਾਲੇ ਮਾਪੇ ਹਨ ਉਥੇ ਅਜਿਹੇ ਮਾਪੇ ਵੀ ਹਨ ਜਿੰਨਾ ਨੂੰ ਪੰਜਾਬ ਵਿਚ ਵੀ ਧੀਆਂ ਦੀ ਪੜਾਈ ਲਈ ਸਖਤ ਸਰੀਰਕ ਮਿਹਨਤ ਕਰਨੀ ਪੈਂਦੀ ਹੈ। ਹੁਣ ਜਦ ਮੇਰੇ ਵਰਗੇ ਮਾਪੇ ਇਕ ਕਿਲੋਮੀਟਰ ਦੂਰ ਸਕੂਲ ਵਿਚ ਵੀ ਬੱਚਿਆਂ ਨੂੰ ਆਪ ਛੱਡਣ ਦੀ ਥਾਂ ਤੇ ਵੈਨ ਦੀ ਸਹੂਲਤ ਵਰਤਦੇ ਹਨ ਤਾਂ ਇਹ ਸੱਚੀ ਕਹਾਣੀ ਹੋਰ ਵੀ ਵੈਰਾਗਮਈ ਬਣ ਜਾਂਦੀ ਹੈ। ਮੈਂ ਸੋਚ ਕੇ ਹੀ ਵੈਰਾਗ ਵਿਚ ਹਾਂ ਕਿ ਕਿੰਨੀ ਵੱਡਭਾਗੀ ਇਹ ਧੀ ਹੋਵੇਗੀ ਜਿਸ ਨੂੰ ਅਜਿਹੇ ਸੰਘਰਸ਼ੀ ਮਾਪੇ ਮਿਲੇ। ਮੈਂ ਇਸ ਧੀ ਦੇ ਪਿਤਾ ਲਾਲ ਸਿੰਘ ਅਤੇ ਮਾਤਾ ਮਨਜੀਤ ਕੌਰ ਨੂੰ ਝੁੱਕ ਕੇ ਸਲਾਮ ਕਰਦਾ ਹਾਂ ਅਤੇ ਬੱਚਿਆਂ ਦੇ ਲਈ ਕੀਤੇ ਗਏ ਸੰਘਰਸ਼ ਤੇ ਬੱਚੀ ਵਲੋਂ ਸੰਘਰਸ਼ ਬਦਲੇ ਪ੍ਰਾਪਤ ਕੀਤੀ ਸਫਲਤਾ ਲਈ ਬੱਚੀ ਨੂੰ ਵੀ ਪ੍ਰਣਾਮ ਕਰਦਾ ਹਾਂ। ਪੰਜਾਬ ਦੇ ਵਿਕਾਸ ਲਈ ਅਜਿਹੇ ਮਾਪਿਆਂ ਤੇ ਬੱਚਿਆਂ ਦੀ ਬਾਂਹ ਫੜਣ ਦੀ ਲੋੜ ਹੈ ਭਾਵੇਂ ਉਹ ਕਿਸੇ ਵੀ ਧਰਮ ਫਿਰਕੇ ਜਾਂ ਜਾਤ ਨਾਲ ਸਬੰਧਤ ਹੋਣ ਤੇ ਫੁਰਕੇਪਣ ਦੀ ਥਾਂ ਤੇ ਸਾਦਗੀ ਤੇ ਜ਼ੋਰ ਦੇਣਾ ਚਾਹੀਦਾ ਹੈ। ਬੀਤੇ ਦਿਨੀਂ ਬੱਚੀ ਮੈਂਨੂੰ ਆਪਣੀ ਨੌਕਰੀ ਪ੍ਰਾਪਤ ਕਰਨ ਤੇ ਮੂੰਹ ਮਿੱਠਾ ਕਰਵਾਉਣ ਆਈ ਤਾਂ ਉਸਨੇ ਯਾਦ ਕੀਤਾ ਕਿ ਸਰ ਹਾਲੇ ਸ਼ਾਇਦ ਮੈਂ ਤੁਹਾਡੀ ਫੀਸ ਵੀ ਅਦਾ ਕਰਨੀ ਹੈ ਤਾਂ ਮੈਂ ਕਿਹਾ ਫੀਸਾਂ ਦੀ ਥਾਂ ਤੇ ਸਭ ਕੁੱਝ ਆਪਣੇ ਮਾਪਿਆਂ ਨੂੰ ਦੇ ਦਿਓ। ਉਹਨਾਂ ਭਾਵੁਕ  ਹੁੰਦਿਆਂ ਕਿਹਾ ਕਿ ਸਰ ਹੁਣ ਅਸੀਂ ਇਲੈਕਟ੍ਰਿਕ ਸਕੂਟਰ ਵੀ ਖਰੀਦ ਲਿਆ ਹੈ। ਉਹਦੀਆਂ ਅੱਖਾਂ ਦੀ ਚਮਕ ਨੇ ਮੈਂਨੂੰ ਉਸਦੇ ਅੰਦਰਲੀ ਮਿਹਨਤੀ ਅਤੇ ਲਗਨ ਨਾਲ ਬਹੁਤ ਤਰੱਕੀਆਂ ਕੀਤੇ ਜਾਣ ਦੀ ਆਸ ਜਗਾਈ ਜੋ ਗਰੀਬ ਘਰਾਂ ਦੇ ਸਰਕਾਰੀ ਸਕੂਲਾਂ ਵਿਚ ਪੜਦੇ ਬੱਚਿਆਂ ਨੂੰ ਨਵੀਆਂ ਰਾਹਾਂ ਤੇ ਜ਼ਰੂਰ ਪਾਵੇਗੀ।ਆਖੀਰ ਵਿਚ ਭਾਵੁਕ ਹੁੰਦੀ ਸੁਖਜੀਤ ਕੌਰ ਨੇ ਦੱਸਿਆਂ ਕਿ ਈ ਟੀ ਟੀ 2015-17 ਦੇ ਬੈਚ ਦੇ ਦਾਖਲੇ ਦਾ ਫਾਰਮ ਮੇਰੇ ਪੰਜਾਬੀ ਦੇ ਅਧਿਆਪਕ ਨਵਦੀਪ ਸਿੰਘ ਝੁਨੀਰ ਨੇ ਆਖਰੀ ਦਿਨ ਭਰਿਆ ਸੀ ਤੇ ਉਹਨਾਂ ਦੇ ਭਰੇ ਫਾਰਮ ਕਰਕੇ ਅਤੇ ਤੁਹਾਡੀ ਅਕੈਡਮੀ ਵਿਚ ਕੀਤੀ ਗਈ ਮਿਹਨਤ ਕਰਕੇ ਹੀ ਮੈਂ ਅੱਜ ਖੁਦ ਅਧਿਆਪਕ ਬਣ ਕੇ ਆਪਣਾ ਸੁਪਨਾ ਪੂਰਾ ਕੀਤਾ ਹੈ।ਅਜਿਹੇ ਮਾਪਿਆਂ ਅਤੇ ਮਿਹਨਤੀ ਬੱਚਿਆਂ ਨੂੰ ਦਿਲੋਂ ਸਲਾਮ ਤੇ ਅਜਿਹੇ ਬੱਚਿਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਮੈਂ ਜਿੰਨਾ ਕੁ ਕੰਮ ਆ ਸਕਾਂ ਉਹ ਮੇਰੀ ਮਿਹਨਤ ਦਾ ਅਸਲੀ ਮੁੱਲ ਹੈ। ਜੀਓ ਧੀਏ ਤੇ ਵਧੀਆ ਅਧਿਆਪਕ ਬਣਕੇ ਮਾਪਿਆਂ ਦਾ ਨਾਮ ਹੋਰ ਰੌਸ਼ਨ ਕਰੋ!

ਅਧਿਆਪਕ ਲੱਗ ਕੇ ਸਕੂਟਰ ਖਰੀਦਣ ਵਾਲੀ ਧੀ ਤੇ ਉਸਦੇ ਮਾਪਿਆਂ ਨੂੰ ਸਲਾਮ

ਅਧਿਆਪਕ ਲੱਗ ਕੇ ਸਕੂਟਰ ਖਰੀਦਣ ਵਾਲੀ ਧੀ ਤੇ ਉਸਦੇ ਮਾਪਿਆਂ ਨੂੰ ਸਲਾਮ ! ਮਾਨਸਾ ਜਿਲ਼੍ਹੇ ਦੇ ਪਿੰਡ ਆਲੀਕੇ ਦੇ ਨਿਮਨ ਕਿਸਾਨੀ ਪਰਿਵਾਰ ਵਿਚੋਂ ਲਾਲ ਸਿੰਘ ਅਤੇ  ਮਨਜੀਤ ਕੌਰ ਦ...