Sunday, April 24, 2022

(ਅਸਲ ਵਾਪਰਿਆ ਬਿਰਤਾਂਤ) ਹਰਪ੍ਰੀਤ ਸਿੰਘ ਜਵੰਦਾ

ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ..
ਘਰੇ ਮੈਂ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕਦੀ ਕੁਝ ਨਾ ਆਖਦੀ ਪਰ ਕਿਸੇ ਵਿਆਹ ਸ਼ਾਦੀ ਅਤੇ ਮੰਗਣੇ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..!
ਕਦੀ ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ..
ਫੇਰ ਆਖਿਆ ਕਰਦੀ ਆਪਣੀ ਚੁੰਨੀ ਸਹੀ ਕਰ..ਕਦੀ ਆਖਦੀ "ਜੇ ਅੱਜ ਫਲਾਣੇ ਸੂਟ ਨਾਲ ਫਲਾਣੀ ਚੁੰਨੀ ਲਈ ਹੁੰਦੀ ਤਾਂ ਬੜੀ ਵਧੀਆ ਲੱਗਣੀ ਸੀ..
ਕਦੀ ਕਿਸੇ ਵੱਲ ਇਸ਼ਾਰਾ ਕਰ ਆਖਣ ਲੱਗਦੀ "ਵੇਖ ਕਿੱਡੀ ਸੋਹਣੀ ਲੱਗਦੀ ਏ..ਸੂਟ ਤੇ ਕਢਾਈ ਵੇਖ..ਜੁੱਤੀ ਵੇਖ..ਮੂੰਹ ਤੇ ਮੇਕਅਪ ਵੇਖ..ਜੂੜਾ ਵੇਖ..ਵਗੈਰਾ ਵਗੈਰਾ!
ਮੈਨੂੰ ਗੁੱਸਾ ਚੜ ਜਾਂਦਾ ਪਰ ਉਸਦੇ ਕੋਲ ਬੈਠੀ ਰਿਸ਼ਤੇਦਾਰੀ ਵੱਲ ਵੇਖ ਅੰਦਰੋਂ ਅੰਦਰ ਪੀ ਜਾਇਆ ਕਰਦੀ..
ਫੇਰ ਵੀ ਜਾਂਦਿਆਂ ਜਾਂਦਿਆਂ ਏਨੀ ਗੱਲ ਜਰੂਰ ਆਖ ਦਿੰਦੀ ਕੇ "ਬੀਜੀ ਤੈਨੂੰ ਤੇ ਆਪਣੀ ਕੁੜੀ ਕਦੀ ਵੀ ਚੰਗੀ ਨਾ ਲੱਗੀ"
ਉਸਨੂੰ ਪਤਾ ਲੱਗ ਜਾਇਆ ਕਰਦਾ ਕੇ ਹੁਣ ਇਹ ਘਰੇ ਜਾ ਕੇ ਪੱਕਾ ਕਲੇਸ਼ ਪਾਊ..
ਫੇਰ ਟਾਂਗੇ ਤੇ ਬੈਠੀ ਨੇ ਮੈਂ ਜਾਣ ਬੁੱਝ ਕੇ ਆਪਣਾ ਧਿਆਨ ਦੂਜੇ ਪਾਸੇ ਕੀਤਾ ਹੁੰਦਾ..
ਉਹ ਬਹਾਨੇ-ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ..
ਮੈਂ ਅੱਗੋਂ ਨਜਰਅੰਦਾਜ ਕਰਦੀ ਤਾਂ ਮੇਰਾ ਸਿਰ ਆਪਣੀ ਬੁੱਕਲ ਵਿਚ ਲੈ ਕੇ ਪਲੋਸਦੀ..ਲਾਡ ਪਿਆਰ ਕਰਦੀ..ਆਖਦੀ ਮੇਰੀ ਧੀ ਦੇ ਵਾਲ ਕਿੰਨੇ ਸੋਹਣੇ..ਹੱਥ ਕਿੰਨੇ ਗੋਰੇ..ਅੱਖਾਂ ਕਿੰਨੀਆਂ ਮੋਟੀਆਂ..
ਮੈਂ ਗੁੱਸੇ ਨਾਲ ਆਖਦੀ ਓਥੇ ਤੇ ਇਸ ਧੀ ਵਿਚ ਬੜੇ ਨੁਕਸ ਵਿਖ ਰਹੇ ਸਨ..!
ਏਨੇ ਨੂੰ ਸਾਡਾ ਡੇਰਾ ਆ ਜਾਂਦਾ..
ਟਾਂਗੇ ਦੀ ਘੋੜੀ ਆਪਣੇ ਆਪ ਖਲੋ ਜਾਇਆ ਕਰਦੀ..
ਮਾਂ ਪੈਸੇ ਦੇਣ ਵਿਚ ਰੁੱਝ ਜਾਇਆ ਕਰਦੀ ਤੇ ਮੈਂ ਭਰੀ ਪੀਤੀ ਕਾਹਲੇ ਕਦਮੀਂ ਉਸਤੋਂ ਕਿੰਨੀਂ ਵਿਥ ਪਾ ਜਾਇਆ ਕਰਦੀ..!
ਉਹ ਪਿੱਛੋਂ ਟਾਹਰਾਂ ਦਿੰਦੀ ਰਹਿੰਦੀ..ਬੂੰਦੀ,ਸ਼ੱਕਰ ਪਾਰਿਆਂ ਦੇ ਵੱਡੇ ਵੱਡੇ ਝੋਲੇ ਚੁੱਕੀ ਉਸ ਕੋਲੋਂ ਤੁਰਿਆ ਨਾ ਜਾਂਦਾ..ਫੇਰ ਵੀ ਆਪਣੇ ਆਪ ਨੂੰ ਹੌਲੀ ਹੌਲੀ ਧੂੰਹਦੀ ਆਉਂਦੀ!
ਮੈਂ ਬਹਾਨੇ ਜਿਹੇ ਨਾਲ ਮਗਰ ਵੇਖਦੀ..ਕਾਲਜੇ ਨੂੰ ਸੇਕ ਲੱਗਦਾ..ਓਸੇ ਵੇਲੇ ਪਿਛਾਂਹ ਪਰਤ ਉਸਦੇ ਹੱਥੋਂ ਝੋਲੇ ਫੜ ਲਿਆ ਕਰਦੀ ਤੇ ਬਿਨਾ ਕੁਝ ਆਖਿਆ ਤੁਰ ਪੈਂਦੀ..!
ਘਰੇ ਅੱਪੜ ਉਹ ਆਪਣੇ ਲੀੜੇ ਕੱਪੜੇ ਬਦਲ ਲੈਂਦੀ ਪਰ ਮੈਂ ਓਹੋ ਵਿਆਹ ਵਾਲੇ ਗੱਲ ਪਾਈ ਰੱਖਦੀ..
ਉਹ ਮਿੱਠੀ ਜਿਹੀ ਝਿੜਕ ਮਾਰਦੀ "ਜਿਉਣ ਜੋਗੀਏ ਬਦਲ ਲੈ..ਅੱਗੋਂ ਤੇਰੇ ਭੂਆ ਦੇ ਪੁੱਤ ਦਾ ਵਿਆਹ..ਓਦੂੰ ਕੀ ਪਾਵੇਂਗੀ?
ਮੈਂ ਗੁੱਸੇ ਵਿਚ ਆਖਦੀ "ਓਹੀ ਕਿਨਾਰੀ ਵਾਲਾ ਜਿਹੜਾ ਉਸ ਕੁੜੀ ਨੇ ਪਾਇਆ ਸੀ.."
ਉਹ ਅੱਗੋਂ ਚੁੱਪ ਜਿਹੀ ਕਰ ਜਾਇਆ ਕਰਦੀ..
ਸ਼ਾਇਦ ਤੁਰ ਗਏ ਭਾਪਾ ਜੀ ਦਾ ਚੇਤਾ ਆ ਜਾਇਆ ਕਰਦਾ..!
ਉਸਨੂੰ ਕਿੰਨਾ ਚਿਰ ਚੁੱਪ ਵੇਖ ਮੈਨੂੰ ਤਰਸ ਜਿਹਾ ਆ ਜਾਂਦਾ..ਫੇਰ ਰੋਟੀ ਟੁੱਕ ਕਰਦੀ ਹੋਈ ਨੂੰ ਆਣ ਪਿੱਛੋਂ ਜੱਫੀ ਪਾ ਲਿਆ ਕਰਦੀ..
ਉਸਦੀਆਂ ਅੱਖਾਂ ਵਿਚ ਪਾਣੀ ਹੁੰਦਾ..
ਪਤਾ ਨੀ ਕੋਲ ਧੁਖਦੇ ਚੁੱਲੇ ਦੀ ਅੱਗ ਪ੍ਰੇਸ਼ਾਨ ਕਰ ਰਹੀ ਹੁੰਦੀ ਕੇ ਕੋਈ ਅੰਦਰ ਦਾ ਵਲਵਲਾ ਉਸਦੇ ਨੈਣਾ ਵਿਚੋਂ ਬਸੰਤ ਬਹਾਰ ਬਣ ਵਗ ਤੁਰਦਾ..!
ਮੈਨੂੰ ਯਾਦ ਏ ਸਾਂਝੇ ਘਰ ਵਿਚ ਭਾਪਾ ਜੀ ਜਦੋਂ ਵੀ ਕੋਈ ਸੂਟ ਲੈ ਕੇ ਆਉਂਦੇ ਤਾਂ ਕਿੰਨਾ ਕਿੰਨਾ ਚਿਰ ਸਵਾਉਂਦੀ ਨਾ..
ਸੰਦੂਖ ਅੰਦਰ ਪਏ ਦਾ ਖੁਦ ਨੂੰ ਚੇਤਾ ਭੁੱਲ ਜਾਇਆ ਕਰਦਾ ਪਰ ਹੋਰ ਪਾਰਖੂ ਅੱਖੀਆਂ ਨੂੰ ਸਾਰਾ ਕੁਝ ਪਤਾ ਹੁੰਦਾ..
ਓਹਨਾ ਨੂੰ ਇਹ ਵੀ ਪਤਾ ਸੀ ਕੇ ਮਾਂ ਕੋਲੋਂ ਚੀਜ ਕਿੱਦਾਂ ਕਢਾਉਣੀ ਏ..
ਨਿੱਕੀ ਭੂਆ ਆਖਦੀ "ਭਾਬੀ ਤੇਰੇ ਕੋਲ ਉਹ ਜਿਹੜੇ ਪਿਛਲੀ ਵਾਰੀ ਦਾ ਅਨਸੀਤਾ ਪਿਆ..ਮੈਨੂੰ ਦੇ ਦੇ..ਮੇਰੀ ਸਹੇਲੀ ਦਾ ਮੰਗਣਾ.."
ਮਾਂ ਝੱਟ ਕੱਢ ਕੇ ਦੇ ਦਿੰਦੀ..
ਮੈਨੂੰ ਨਿੱਕੀ ਜਿਹੀ ਨੂੰ ਵੱਟ ਚੜ ਜਾਂਦਾ..ਆਖਦੀ ਤੂੰ ਵੀ ਤੇ ਜਾਣਾ..ਆਪ ਕੀ ਪਾਵੇਂਗੀ..?
ਉਹ ਅੱਗੋਂ ਹੱਸ ਛੱਡਦੀ..?
ਪਰ ਭੂਆ ਮੇਰੇ ਵੱਲ ਘੂਰੀ ਵੱਟਦੀ..ਆਖਦੀ ਵੱਡੀ ਮਾਂ ਦੀ ਹੇਜਲੀ..!
ਫੇਰ ਦੱਸਦੇ ਉਸ ਦਿਨ ਵੀ ਮੂੰਹ ਤੇ ਨਿੰਮਾ-ਨਿਮਾਂ ਹਾਸਾ ਹੀ ਸੀ ਜਿਸ ਦਿਨ ਉਹ ਜਹਾਨੋ ਗਈ..!
ਅੱਜ ਸੱਤ ਸਮੁੰਦਰੋਂ ਪਾਰ ਆਪਣੇ ਬਰੋਬਰ ਹੋ ਗਈ ਧੀ ਕਿਸੇ ਗਲੋਂ ਨਰਾਜ ਹੋ ਜਾਵੇ ਤਾਂ ਲੋਹ ਤੇ ਫੁਲਕੇ ਲਾਹੁੰਦੀ ਮਾਂ ਬੜੀ ਚੇਤੇ ਆਉਂਦੀ..
ਫੇਰ ਅਤੀਤ ਦੇ ਘੋੜੇ ਸਵਾਰ ਹੋ ਕੇ ਸੋਚਣ ਲੱਗਦੀ ਹਾਂ ਕੇ ਮੇਰੀ ਵਾਰੀ ਉਹ ਮੈਨੂੰ ਕਿੱਦਾਂ ਮਨਾਉਂਦੀ ਹੁੰਦੀ ਸੀ..
ਫੇਰ ਓਹੀ ਫੋਰਮੁੱਲਾ ਇਥੇ ਲਾਉਂਦੀ ਹਾਂ ਪਰ ਇਸਦੀ ਸੈੱਲ ਫੋਨ ਤੋਂ ਨਜਰ ਹੀ ਨਹੀਂ ਹਟਦੀ..ਉਡੀਕਦੀ ਰਹਿੰਦੀ ਹਾਂ ਕਦੋਂ ਉਹ ਅੱਖੀਆਂ ਮਿਲਾਵੈ ਤੇ ਗੱਲ ਕਰਾਂ..
ਫੁਲਕੇ ਲਾਹੁੰਦੀ ਨੂੰ ਬਿੜਕ ਹੁੰਦੀ ਏ ਕੇ ਸ਼ਾਇਦ ਮਗਰੋਂ ਆ ਕੇ ਕਲਾਵੇ ਵਿਚ ਲੈ ਲਵੇ..ਪਰ ਨਵੇਂ ਜਮਾਨੇ ਦੀਆਂ ਨਵੀਆਂ ਗੱਲਾਂ..!
ਜਿੰਨਾ ਮਰਜੀ ਸਮੇ ਦੀ ਹਾਣ ਬਣ ਉਸਦੀ ਸੋਚ ਦੇ ਬਰੋਬਰ ਹੋਣ ਦੀ ਕੋਸ਼ਿਸ਼ ਕਰਾਂ ਕਿਧਰੇ ਕੋਈ ਨਾ ਕੋਈ ਘਾਟ ਰਹਿ ਹੀ ਜਾਂਦੀ ਏ..
ਫੇਰ ਥੱਕ ਕੇ ਖਲੋ ਜਾਂਦੀ ਹਾਂ ਪਰ ਉਹ ਕਦੀ ਵੀ ਮੇਰੇ ਭਰੇ ਹੋਏ ਝੋਲੇ ਚੁੱਕਣ ਵਾਪਿਸ ਨਹੀਂ ਮੁੜਦੀ..!
ਫੇਰ ਜੀ ਕਰਦਾ ਵਾਪਿਸ ਪਰਤ ਆਪਣੀ ਵਾਲੀ ਨੂੰ ਕਲਾਵੇ ਵਿਚ ਲੈ ਲਵਾਂ ਪਰ ਪੁੱਲਾਂ ਹੇਠੋਂ ਇੱਕ ਵਾਰ ਲੰਘ ਗਏ ਮੁੜ ਪਰਤ ਕੇ ਕਿਧਰੇ ਆਉਂਦੇ ਨੇ..!
(ਅਸਲ ਵਾਪਰਿਆ ਬਿਰਤਾਂਤ) 
 ਹਰਪ੍ਰੀਤ ਸਿੰਘ ਜਵੰਦਾ

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...