Thursday, September 23, 2021

ਆਰਥਿਕ ਮੰਦੀ ਦੇ ਬਾਵਜੂਦ ਕਿਉਂ ਵਧ ਰਿਹੈ ਸ਼ੇਅਰ ਬਜ਼ਾਰ?*

*ਆਰਥਿਕ ਮੰਦੀ ਦੇ ਬਾਵਜੂਦ ਕਿਉਂ ਵਧ ਰਿਹੈ ਸ਼ੇਅਰ ਬਜ਼ਾਰ?*
==================
ਇਸ ਵੇਲ਼ੇ ਭਾਰਤ ਦਾ ਸ਼ੇਅਰ ਬਜ਼ਾਰ – ਸੈਂਸੈਕਸ ਤੇ ਨਿਫਟੀ ਦੋਹੇਂ – ਰਿਕਾਰਡ ਪੱਧਰ ’ਤੇ ਹਨ। ਪਿਛਲੇ ਡੇਢ ਸਾਲ ਵਿੱਚ ਸੈਂਸੈਕਸ 27,591 ਤੱਕ ਡਿੱਗਕੇ ਹੁਣ 100% ਤੋਂ ਵੀ ਜ਼ਿਆਦਾ ਵਾਧੇ ਨਾਲ਼ 58,400 ’ਤੇ ਪਹੁੰਚ ਗਿਆ ਹੈ ਜਦਕਿ ਨਿਫਟੀ ਅਪ੍ਰੈਲ 2020 ਵਿੱਚ 8000 ਤੱਕ ਡਿੱਗਕੇ ਹੁਣ 17,300 ’ਤੇ ਅੱਪੜ ਗਿਆ ਹੈ। ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਤੇ ਇਸ ਮੁਕਾਬਲੇ ਕੰਪਨੀਆਂ ਦੀ ਕਮਾਈ ਵਿਚਲਾ ਫਰਕ ਵਧਕੇ 34 ਗੁਣਾ ਹੋ ਗਿਆ ਹੈ! ਜਾਣੀ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਕੰਪਨੀਆਂ ਦੀ ਕਮਾਈ ਦੇ ਮੁਕਾਬਲੇ ਬੇਹੱਦ ਤੇਜ਼ੀ ਨਾਲ਼ ਵਧੀ ਹੈ। ਬੇਸ਼ੱਕ ਇਹ ਸੈਂਸੈਕਸ ’ਤੇ ਮੌਜੂਦ ਸਾਰੀਆਂ ਕੰਪਨੀਆਂ ਲਈ ਸੱਚ ਨਹੀਂ ਤੇ ਵਧੇਰੇ ਕੰਪਨੀਆਂ ਦੇ ਸ਼ੇਅਰ ਇਸ ਵਕਫ਼ੇ ਵਿੱਚ ਡਿੱਗੇ ਹਨ ਪਰ ਕੁੱਝ ਵੱਡੀਆਂ ਕੰਪਨੀਆਂ, ਜਿਹੜੀਆਂ ਕੁੱਲ ਬਜ਼ਾਰ ਦਾ ਚੋਖਾ ਹਿੱਸਾ ਬਣਦੀਆਂ ਹਨ, ਉਹਨਾਂ ਲਈ ਇਹ ਸੱਚ ਹੈ। ਦੂਜੇ ਬੰਨ੍ਹੇ ਬੈਂਕਾਂ ਵਿੱਚ ਬੱਚਤਾਂ ਤੇ ਵਿਆਜ ਦਰ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਇਸ ਵੇਲ਼ੇ ਸਟੇਟ ਬੈਂਕ ਆਫ ਇੰਡੀਆ ਇੱਕ ਤੋਂ ਦੋ ਸਾਲ ਦੀ ਐੱਫ.ਡੀ. ’ਤੇ 4.9% ਵਿਆਜ ਦੇ ਰਿਹਾ ਹੈ ਤੇ ਪੰਜ ਤੋਂ ਦਸ ਸਾਲ ਦੀ ਐੱਫ.ਡੀ. ’ਤੇ 5.4%। ਜੇ ਇਸ ਨੂੰ ਮੌਜੂਦਾ 6-7% ਮਹਿੰਗਾਈ ਦਰ ਨਾਲ਼ ਜੋੜੀਏ ਤਾਂ ਅਸਲ ਵਿੱਚ ਬੈਂਕਾਂ ਵਿੱਚ ਪਈਆਂ ਬੱਚਤਾਂ ’ਤੇ ਲੋਕਾਂ ਨੂੰ ਘਾਟਾ ਪੈ ਰਿਹਾ ਹੈ! ਇਹ ਸਿਰਫ਼ ਭਾਰਤ ਦਾ ਵਰਤਾਰਾ ਨਹੀਂ, ਸਾਰੇ ਵੱਡੇ ਸਰਮਾਏਦਾਰਾ ਮੁਲਕਾਂ ਵਿੱਚ ਇਹੀ ਵਰਤਾਰਾ ਦਿਸ ਰਿਹਾ ਹੈ। ਇਹ ਸਾਫ-ਸਪੱਸ਼ਟ ਇੱਕ ਅਜਿਹੇ ਵਿੱਤੀ ਬੁਲਬੁਲੇ ਦੀ ਦਸਤਕ ਹੈ ਜਿਸ ਦਾ ਦੇਰ-ਸਵੇਰ ਫਟਣਾ ਤੇ ਭਾਰਤ ਦੇ ਅਰਥਚਾਰੇ ’ਤੇ ਵੱਡੇ ਸੰਕਟ ਦਾ ਮੂੰਹ ਜ਼ੋਰ ਆਉਣਾ ਤੈਅ ਹੈ।

ਭਾਰਤੀ ਰਿਜਰਵ ਬੈਂਕ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੂੰ ਵੀ ਕਹਿਣਾ ਪੈ ਰਿਹਾ ਹੈ ਕਿ, “ਵਿੱਤੀ ਬਜ਼ਾਰ ਦੇ ਕੁੱਝ ਹਿੱਸੇ ਤੇ ਅਸਲ ਅਰਥਚਾਰੇ ਦਰਮਿਆਨ ਬੇਮੇਲਤਾ ਪਿਛਲੇ ਸਮਿਆਂ ਵਿੱਚ ਤੇਜੀ ਨਾਲ਼, ਪੂਰੀ ਦੁਨੀਆਂ ਤੇ ਭਾਰਤ ਵਿੱਚ ਵਧੀ ਹੈ। “ਇਹ ਗੱਲ ਵੱਖਰੀ ਹੈ ਕਿ ਰਿਜ਼ਰਵ ਬੈਂਕ ਦੇ ਇਹਨਾਂ ਅਰਥਸ਼ਾਸਤਰੀਆਂ ਜਾਂ ਅਜਿਹੇ ਹੀ ਹੋਰ ਦਰਬਾਰੀ ਚਿੰਤਕਾਂ ਕੋਲ਼ ਇਸ ਵਰਤਾਰੇ ਦਾ ਕੋਈ ਹੱਲ ਮੌਜੂਦ ਨਹੀਂ।

ਵਿੱਤੀ ਸਰਮਾਇਆ – ਇਤਿਹਾਸ ਤੇ ਮੌਜੂਦਾ ਦੌਰ ਵਿੱਚ

ਅਕਸਰ ਜਦੋਂ ਸ਼ੇਅਰ ਬਾਜ਼ਾਰਾਂ ਵਿੱਚ ਤਰਥੱਲੀ ਮੱਚਦੀ ਹੈ ਜਾਂ ਕੋਈ ਖ਼ਬਰ ਆਉਂਦੀ ਹੈ ਕਿ ਕਿਸੇ ਅਰਬਪਤੀ ਨੇ ਰਾਤੋ-ਰਾਤ ਸ਼ੇਅਰ ਬਜ਼ਾਰਾਂ ਦੇ ਸੱਟੇ ਰਾਹੀਂ ਅਰਬਾਂ ਕਮਾ ਲਾਏ ਤਾਂ ਇਸ ’ਤੇ ਚਿੰਤਾ ਪ੍ਰਗਟ ਕਰਨ ਵਾਲ਼ੇ ਕਈ ਚਿੰਤਕਾਂ ਵੱਲ਼ੋਂ “ਅਸਲ” ਤੇ ਵਿੱਤੀ ਸਰਮਾਏਦਾਰੀ ਦਰਮਿਆਨ ਫਰਕ ਕਰਨ, “ਪੈਦਾਵਾਰੀ” ਤੇ “ਪਰਜੀਵੀ” ਸਰਮਾਏਦਾਰੀ ਦਰਮਿਆਨ ਫਰਕ ਕਰਨ ਦਾ ਰੁਝਾਨ ਵੇਖਿਆ ਜਾਂਦਾ ਹੈ। ਜਾਣੀ ਅਸਿੱਧੇ ਢੰਗ ਨਾਲ਼ ਇਹ ਗੱਲ ਕਹੀ ਜਾਂਦੀ ਹੈ ਕਿ ਸਰਮਾਏਦਾਰਾ ਪ੍ਰਬੰਧ ਆਪਣੇ-ਆਪ ਵਿੱਚ ਨੁਕਸਦਾਰ ਨਹੀਂ, ਬੱਸ ਇਹ ਵਿੱਤੀ ਸਰਮਾਇਆ – ਸ਼ੇਅਰ ਬਜ਼ਾਰ ਤੇ ਇਸ ਦੇ ਪਰਜੀਵੀ ਖਿਡਾਰੀ – ਸਾਰੀਆਂ ਧੋਖਾਧੜੀਆਂ, ਘੁਟਾਲਿਆਂ ਤੇ ਸੰਕਟ ਲਈ ਜੁੰਮੇਵਾਰ ਹਨ। ਪਰ ਸੱਚਾਈ ਇਹ ਹੈ ਕਿ ਸਨਅਤੀ ਸਰਮਾਏਦਾਰੀ ਦਾ ਜਾਣੀ ਆਧੁਨਿਕ ਸਰਮਾਏਦਾਰੀ ਦਾ ਵਿਕਾਸ ਵਿੱਤੀ ਸਰਮਾਏ ਦੇ ਵਿਕਾਸ ਨਾਲ਼ ਗੁੰਦਿਆ ਹੋਇਆ ਹੈ। ਵਿੱਤੀ ਸਰਮਾਏਦਾਰੀ ਦੇ ਪਰਜੀਵੀਪੁਣੇ ਨੂੰ ਕੁੱਲ ਸਰਮਾਏਦਾਰਾ ਪ੍ਰਬੰਧ ਦੇ ਪਰਜੀਵੀਪੁਣੇ ਦੇ ਨਾਲ਼ ਹੀ ਖਤਮ ਕੀਤਾ ਜਾ ਸਕਦਾ ਹੈ।

ਆਧੁਨਿਕ ਸਰਮਾਏਦਾਰਾ ਪ੍ਰਬੰਧ ਦਾ ਪਿਛਲੇ ਦੋ-ਢਾਈ ਸੌ ਸਾਲਾਂ ਦਾ ਇਤਿਹਾਸ ਵਿੱਤੀ ਸਰਮਾਏਦਾਰੀ ਦੇ ਵਿਕਾਸ ਨਾਲ਼ ਜੁੜਿਆ ਹੋਇਆ ਹੈ। ਬੈਂਕ ਦੇ ਕਰਜ਼ਿਆਂ ਦੀ, ਵਿੱਤੀ ਸਰਮਾਏ ਦੀ, ਸਨਅਤੀ ਸਰਮਾਏਦਾਰੀ ਨੂੰ ਹੁਲਾਰਾ ਦੇਣ, ਸਰਮਾਏਦਾਰਾ ਪੈਦਾਵਾਰ ਦੇ ਵਾਧੇ ਲਈ ਸਰਮਾਇਆ ਮੁਹੱਈਆ ਕਰਵਾਉਣ ਤੇ ਅਜੋਕੀਆਂ ਵੱਡ-ਆਕਾਰੀ ਸਰਮਾਏਦਾਰਾ ਸਨਅਤਾਂ ਖੜੀਆਂ ਕਰਨ ਵਿੱਚ ਅਹਿਮ ਭੂਮਿਕਾ ਰਹੀ ਹੈ। ਪਰ ਨਾਲ਼ ਹੀ ਇਸ ਦਾ ਦੂਜਾ ਪੱਖ ਗੈਰ-ਪੈਦਾਵਾਰੀ ਸਰਗਰਮੀ ਜਾਣੀ ਵਿੱਤੀ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਵੀ ਰਿਹਾ ਹੈ। ਇਹ ਪੱਖ ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਉੱਭਰਵੇਂ ਰੂਪ ਵਿੱਚ ਸਾਹਮਣੇ ਆਇਆ। ਦੂਜੀ ਸੰਸਾਰ ਜੰਗ ਦੀ ਤਬਾਹੀ ਮਗਰੋਂ ਸਰਮਾਏਦਾਰਾ ਪ੍ਰਬੰਧ ਨੂੰ ਆਰਥਿਕ ਸੰਕਟ ਵਿੱਚੋਂ ਉੱਭਰਨ ਦਾ ਇੱਕ ਮੌਕਾ ਮਿਲ਼ਿਆ ਕਿਉਂਕਿ ਜੰਗ ਵਿੱਚ ਵੱਡੇ ਪੱਧਰ ’ਤੇ ਹੋਈ ਬਰਬਾਦੀ ਮਗਰੋਂ ਨਵੀਂ ਉਸਾਰੀ ਨੇ ਸਰਮਾਏ ਨੂੰ ਵੱਡੀ ਪੱਧਰ ’ਤੇ ਖਪਾਇਆ। ਇਸ ਨਾਲ਼ ਸਰਮਾਏਦਾਰਾਂ ਦੇ ਮੁਨਾਫ਼ੇ ਵੀ ਵਕਤੀ ਤੌਰ ’ਤੇ ਵਧੇ। ਪਰ 1960’ਵਿਆਂ ਦਾ ਦਹਾਕਾ ਆਉਂਦੇ ਹੀ ਡਿੱਗਦੀਆਂ ਮੁਨਾਫ਼ਾ ਦਰਾਂ ਦਾ ਦੌਰ ਪੱਛਮੀ ਸਰਮਾਏਦਾਰਾ ਪ੍ਰਬੰਧ ਵਿੱਚ ਵੇਖਣ ਨੂੰ ਮਿਲ਼ਿਆ। ਉੱਪਰੋਂ ਇਹਨਾਂ ਮੁਲਕਾਂ ਵਿੱਚ ਕਿਰਤੀ ਲੋਕਾਂ ਦੀਆਂ ਵੱਡੀਆਂ ਹੜ੍ਹਤਾਲਾਂ ਵੀ ਉੱਭਰੀਆਂ। ਪਰ ਕਿਉਂਕਿ ਮਜ਼ਦੂਰ ਜਮਾਤ ਦੇ ਇਹ ਸੰਘਰਸ਼ ਆਪ-ਮੁਹਾਰੇ ਸਨ, ਕੋਈ ਸੂਝਭਰੀ ਇਨਕਲਾਬੀ ਪਾਰਟੀ ਦੀ ਅਗਵਾਈ ਨਹੀਂ ਸੀ, ਇਸ ਕਰਕੇ ਹਾਕਮ ਸਰਕਾਰਾਂ ਨੂੰ ਟਰੇਡ ਯੂਨੀਅਨ ’ਤੇ, ਮਜ਼ਦੂਰ ਜਮਾਤ ਦੇ ਇਹਨਾਂ ਸੰਘਰਸ਼ਾਂ ’ਤੇ ਹਮਲਾ ਵਿੱਢਣਾ ਸੌਖਾ ਸੀ। 1980’ਵਿਆਂ ਦਾ ਅਮਰੀਕਾ ਵਿੱਚ ਰੀਗਨ ਸਰਕਾਰ ਤੇ ਇੰਗਲੈਂਡ ਵਿੱਚ ਥੈਚਰ ਸਰਕਾਰ ਦਾ ਸਮਾਂ ਇਹੀ ਸਮਾਂ ਸੀ। ਇਹ ਅਸਲ ਵਿੱਚ ਸਰਮਾਏਦਾਰ ਜਮਾਤ ਵੱਲ਼ੋਂ ਮਜ਼ਦੂਰ ਜਮਾਤ ’ਤੇ ਹਮਲਾ ਵਿੱਢਕੇ ਆਪਣੀ ਡਿੱਗਦੀ ਮੁਨਾਫ਼ਾ ਦਰ ਨੂੰ ਬਚਾਉਣ ਦਾ ਤਰੀਕਾ ਸੀ। ਇਸ ਤੋਂ ਬਿਨਾਂ ਆਰਥਿਕ ਮੋਰਚੇ ’ਤੇ ਨਵਉਦਾਰਵਾਦ ਤੇ ਸੰਸਾਰੀਕਰਨ ਦੀਆਂ ਨੀਤੀਆਂ ਆਈਆਂ ਜਿਸ ਤਹਿਤ ਸਰਮਾਏਦਾਰਾ ਪੈਦਾਵਾਰ ਨੂੰ ਤੀਜੀ ਦੁਨੀਆਂ ਦੇ ਮੁਲਕਾਂ – ਖ਼ਾਸਕਰ ਚੀਨ ਤੇ ਪੂਰਬੀ ਏਸ਼ੀਆਈ ਮੁਲਕਾਂ ਵੱਲ਼ ਤਬਦੀਲ ਕੀਤਾ ਗਿਆ ਜਿੱਥੇ ਉਜਰਤਾਂ ਕਾਫੀ ਘੱਟ ਸਨ। ਡਿੱਗਦੇ ਮੁਨਾਫਿਆਂ ਤੋਂ ਉੱਭਰਨ ਦੀ ਇਸ ਪ੍ਰਕਿਰਿਆ ਨੂੰ ਮਾਓ ਦੀ ਮੌਤ ਮਗਰੋਂ ਚੀਨ ਵਿੱਚ ਸਰਮਾਏਦਾਰਾ ਮੁੜ-ਬਹਾਲੀ ਹੋਣ ਨਾਲ਼ ਹੋਰ ਬਲ ਮਿਲ਼ਿਆ ਤੇ ਵੱਡੀ ਪੱਧਰ ’ਤੇ 1980’ਵਿਆਂ ਤੇ 90’ਵਿਆਂ ਵਿੱਚ ਸਰਮਾਏਦਾਰਾ ਕਾਰਖਾਨੇ ਚੀਨ ਵੱਲ ਤਬਦੀਲ ਕੀਤੇ ਗਏ। ਇਸ ਦੌਰਾਨ ਵਿੱਤੀ ਪ੍ਰਬੰਧ ਸੰਕਟਾਂ ਦਾ ਸ਼ਿਕਾਰ ਹੁੰਦਾ ਰਿਹਾ ਜਿਸ ਵਿੱਚ ਸਭ ਤੋਂ ਮਸ਼ਹੂਰ 1987 ਦਾ ਸੰਕਟ ਸੀ ਪਰ ਉਪਰੋਕਤ ਜ਼ਿਕਰ ਕੀਤੇ ਕਾਰਨਾਂ – ਮਜ਼ਦੂਰ ਜਮਾਤ ’ਤੇ ਹਮਲੇ, ਚੀਨ ਤੇ ਘੱਟ ਉਜਰਤਾਂ ਵਾਲ਼ੇ ਹੋਰ ਏਸ਼ੀਆਈ ਮੁਲਕਾਂ ਅੰਦਰ ਪੈਦਾਵਾਰ ਤਬਦੀਲ ਕਰਨ – ਨੇ ਇਸ ਸੰਕਟ ਨੂੰ ਪੂਰੇ ਪ੍ਰਬੰਧ ਦਾ ਆਮ ਸੰਕਟ ਬਣਨ ਤੋਂ ਰੋਕਣ ਵਿੱਚ ਸਹਾਇਤਾ ਕੀਤੀ।

ਪਰ ਡਿੱਗਦੀ ਮੁਨਾਫ਼ਾ ਦਰ ਦੇ ਸੰਕਟ ਨੇ 1990’ਵਿਆਂ ਦੇ ਅਖੀਰ ਵਿੱਚ ਫਿਰ ਦਸਤਕ ਦਿੱਤੀ। ਸਰਮਾਏਦਾਰਾ ਪ੍ਰਬੰਧ ਨੂੰ ਵੱਡਾ ਝਟਕਾ 1997-98 ਦੇ ਏਸ਼ੀਆਈ ਵਿੱਤੀ ਸੰਕਟ ਤੇ ਡੌਟਕਾਮ ਬੁਲਬੁਲੇ ਦੇ ਫਟਣ ਨਾਲ਼ ਲੱਗਿਆ ਜਿਸ ਮਗਰੋਂ ਵਿੱਤੀ ਸਰਮਾਏ ਨੇ ਨਵੇਂ ਢੰਗ-ਤਰੀਕੇ ਅਪਣਾਉਂਦਿਆਂ, ਨਵੀਆਂ ਵਿੱਤੀ ਜੁਗਤਾਂ ਰਾਹੀਂ ਪੈਸਾ ਕਮਾਉਣ ਦਾ ਤਰੀਕਾ ਕੱਢਿਆ ਪਰ ਇਸ ਦਾ ਵੀ 2007-08 ਦੇ ਸੰਕਟ ਨਾਲ਼ ਪਟਾਕਾ ਪੈ ਗਿਆ। ਵਿੱਤੀ ਸਰਮਾਏ ਦੀ 1960’ਵਿਆਂ ਤੋਂ ਲੈ ਕੇ 2007-08 ਤੱਕ ਦੀ ਦੌੜ ਵਿੱਚ ਵੱਡੀ ਤਬਦੀਲੀ ਇਹ ਆਈ ਸੀ ਕਿ ਹੁਣ ਸੰਕਟ ਦੇ ਸਮੇਂ ਸਰਕਾਰਾਂ ਸਾਹਮਣੇ ਸਵਾਲ ਕਿਸੇ ਇੱਕ ਕੰਪਨੀ ਨੂੰ ਬਚਾਉਣ ਦਾ ਸਵਾਲ ਨਹੀਂ ਸੀ। ਵਿੱਤੀ ਸਰਮਾਇਆ ਪੂਰੇ ਅਰਥਚਾਰੇ ਵਿੱਚ ਇਸ ਤਰ੍ਹਾਂ ਘੁਲ਼ਿਆ ਹੋਇਆ ਤੇ ਵਿਆਪਕ ਸੀ ਕਿ ਹੁਣ ਸਰਕਾਰਾਂ ਨੂੰ ਵੱਡੇ-ਵੱਡੇ ਰਾਹਤ ਪੈਕੇਜ ਦੇ ਕੇ ਸੰਸਾਰ ਸਰਮਾਏਦਾਰਾ ਪ੍ਰਬੰਧ ਨੂੰ ਬਚਾਉਣਾ ਪੈ ਰਿਹਾ ਸੀ। ਇਸੇ ਦੌਰ ਵਿੱਚ ਅਸੀਂ ਵੱਡੇ ਸਰਮਾਏਦਾਰਾ ਮੁਲਕਾਂ ਵੱਲ਼ੋਂ ਆਪਣੀਆਂ ਵਿਆਜ ਦਰਾਂ ਸਿਫ਼ਰ ਜਾਂ ਇਸ ਤੋਂ ਵੀ ਥੱਲੇ ਘਟਾਏ ਜਾਣ ਦਾ ਵਰਤਾਰਾ ਵੇਖਦੇ ਹਾਂ ਜਿਹੜਾ ਕਿ ਹੁਣ ਤੱਕ ਜਾਰੀ ਹੈ। ਸਇਸ ਲਈ 2008 ਤੋਂ ਮਗਰੋਂ ਜਿੱਥੇ ਅਸਲ ਅਰਥਚਾਰੇ ਵਿੱਚ ਮੁੜ-ਉਭਾਰ ਪਿਛਲੇ 70 ਸਾਲਾਂ ਦੀ ਸਭ ਤੋਂ ਸੁਸਤ ਰਫ਼ਤਾਰ ਨਾਲ਼ ਹੋਇਆ ਹੈ ਓਥੇ ਹੀ ਵਿੱਤੀ ਬਜ਼ਾਰ ਇਸ ਅਰਸੇ ਵਿੱਚ ਵੱਡੀ ਪੁਲਾਂਘ ਨਾਲ਼ ਵਧੇ ਹਨ।

ਭਾਰਤ ਦੇ ਸ਼ੇਅਰ ਬਜ਼ਾਰ ਵਿੱਚ ਵਾਧਾ ਤੇ ਆਉਣ ਵਾਲ਼ਾ ਸਮਾਂ

ਆਰਥਿਕ ਸੰਕਟ ਵਿੱਚੋਂ ਉੱਭਰਨ ਲਈ ਭਾਰਤ ਸਰਕਾਰ ਨੇ ਪਿਛਲੇ ਡੇਢ ਸਾਲ ਵਿੱਚ ਭਾਰਤੀ ਰਿਜਰਵ ਬੈਂਕ ਰਾਹੀਂ ਵਿੱਤੀ ਪ੍ਰਬੰਧ ਵਿੱਚ ਵੱਡੀ ਮਾਤਰਾ ਵਿੱਚ ਪੈਸਾ ਝੋਕਿਆ ਹੈ। ਭਾਰਤੀ ਰਿਜਰਵ ਬੈਂਕ ਨੇ ਇੱਕ ਤਾਂ ਇਸ ਆਸ ਵਿੱਚ ਵਿਆਜ ਦਰਾਂ ਕਾਫੀ ਘਟਾਈਆਂ ਕਿ ਸਰਮਾਏਦਾਰ ਸਸਤਾ ਕਰਜ਼ਾ ਲੈ ਕੇ ਅਰਥਚਾਰੇ ਵਿੱਚ ਨਿਵੇਸ਼ ਕਰਨਗੇ ਜਿਸ ਨਾਲ਼ ਅਰਥਚਾਰੇ ਨੂੰ ਕੁੱਝ ਰਾਹਤ ਮਿਲ਼ੇਗੀ, ਦੂਜਾ ਇਸ ਨਾਲ਼ ਸਰਮਾਏਦਾਰਾਂ ਦੇ ਬਕਾਏ ਕਰਜ਼ਿਆਂ ’ਤੇ ਲਗਦਾ ਵਿਆਜ ਵੀ ਘੱਟ ਹੋ ਜਾਵੇਗਾ ਜਿਸ ਨਾਲ਼ ਸਰਮਾਏਦਾਰਾਂ ਨੂੰ ਫਾਇਦਾ ਹੋਵੇਗਾ, ਤੀਜਾ ਸਸਤੇ ਕਰਜ਼ੇ ਦੀ ਮਦਦ ਨਾਲ਼ ਸ਼ਾਇਦ ਲੋਕ ਵਧੇਰੇ ਕਰਜ਼ਾ ਚੁੱਕਕੇ ਖਰੀਦਦਾਰੀ ਕਰਨਗੇ ਜਿਸ ਨਾਲ਼ ਪੈਦਾਵਾਰ ਦਾ ਗੇੜ ਅੱਗੇ ਤੁਰੇਗਾ। ਪਰ ਸਰਮਾਏਦਾਰਾ ਪ੍ਰਬੰਧ ਵਿੱਚ ਨਵਾਂ ਨਿਵੇਸ਼ ਕਰਨਾ ਹੈ ਕਿ ਨਹੀਂ, ਨਵਾਂ ਪ੍ਰੋਜੈਕਟ ਲਾਉਣਾ ਹੈ ਕਿ ਨਹੀਂ – ਇਹ ਫ਼ੈਸਲੇ ਸਰਮਾਏਦਾਰ ਵਿਆਜ ਦਰਾਂ ਵੇਖਕੇ ਨਹੀਂ ਕਰਦੇ ਸਗੋਂ ਮੁਨਾਫ਼ਾ ਦਰ ਵੇਖਕੇ ਕਰਦੇ ਹਨ। ਜੇ ਸਰਮਾਏਦਾਰਾਂ ਨੂੰ ਨਵੇਂ ਪ੍ਰੋਜੈਕਟ ਵਿੱਚੋਂ ਕੋਈ ਮੁਨਾਫ਼ਾ ਨਜ਼ਰ ਨਹੀਂ ਆਉਂਦਾ ਤਾਂ ਉਹ ਪੈਦਾਵਾਰ ਵਿੱਚ ਨਿਵੇਸ਼ ਨਹੀਂ ਕਰੇਗਾ। ਉਂਝ ਵੀ ਜੇ ਸ਼ੇਅਰ ਬਜ਼ਾਰ ਵਿੱਚ ਸੱਟਾ ਲਾ ਕੇ ਪੈਸੇ ਬਣਾਏ ਜਾ ਸਕਦੇ ਹਨ ਤਾਂ ਕੋਈ ਪੈਦਾਵਾਰੀ ਨਿਵੇਸ਼ ਕਰਨ ਦੇ ਝੰਜਟ ਵਿੱਚ ਕਿਉਂ ਪੈਣਾ ਚਾਹੇਗਾ? ਤੇ ਇਹੀ ਹੋਇਆ ਵੀ ਹੈ। ਅਜੋਕਾ ਪ੍ਰਬੰਧ ਆਪਣੀ ਪੈਦਾਵਾਰ ਸਮਰੱਥਾ ਦਾ ਸਿਰਫ 60-70% ਹੀ ਵਰਤ ਪਾ ਰਿਹਾ ਹੈ, ਇਸ ਲਈ ਨਵਾਂ ਪੈਦਾਵਾਰੀ ਨਿਵੇਸ਼ ਬੇਹੱਦ ਘੱਟ ਹੋ ਰਿਹਾ ਹੈ। ਇਸ ਲਈ ਪਿਛਲੇ ਡੇਢ ਸਾਲ ਵਿੱਚ ਸਰਮਾਏਦਾਰ, ਖੁਸ਼ਹਾਲ ਤਬਕੇ ਦੇ ਲੋਕਾਂ, ਤੇ ਮੱਧ-ਵਰਗ ਦੇ ਇੱਕ ਠੀਕ-ਠਾਕ ਹਿੱਸੇ ਨੇ ਇਸ ਸਸਤੇ ਕਰਜ਼ੇ ਦੀ ਮਦਦ ਨਾਲ਼ ਸ਼ੇਅਰ ਬਜ਼ਾਰਾਂ ਵਿੱਚ ਨਿਵੇਸ਼ ਕੀਤਾ ਹੈ। ਉੱਪਰੋਂ ਜਿਹਨਾਂ ਦੇ ਬੈਂਕਾਂ ਵਿੱਚ ਪੱਕੇ ਖਾਤੇ ਸਨ, ਉਹਨਾਂ ਨੇ ਵੀ ਬੱਚਤਾਂ ’ਤੇ ਵਿਆਜ ਘਟਣ ਕਾਰਨ ਬਿਹਤਰ ਆਮਦਨ ਦੀ ਭਾਲ ਵਿੱਚ ਸ਼ੇਅਰ ਬਜ਼ਾਰਾਂ ਵੱਲ ਰੁਖ ਕਰਨਾ ਸ਼ੁਰੂ ਕੀਤਾ। ਇਸੇ ਲਈ ਮੱਧ-ਵਰਗ ਦੇ ਇੱਕ ਹਿੱਸੇ ਨੇ ਪਿਛਲੇ ਡੇਢ ਸਾਲ ਵਿੱਚ ਵੱਡੀ ਪੱਧਰ ’ਤੇ ਡੀਮੈਟ ਖਾਤੇ ਖੋਲ੍ਹੇ ਹਨ ਜਿਹੜੇ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਲਈ ਜ਼ਰੂਰੀ ਹੁੰਦੇ ਹਨ। ਇਸ ਵੇਲ਼ੇ ਭਾਰਤ ਵਿੱਚ ਅੰਦਾਜ਼ਨ 7 ਕਰੋੜ ਦੇ ਕਰੀਬ ਅਜਿਹੇ ਖਾਤੇ ਹਨ ਜਿਸ ਵਿੱਚੋਂ ਇਕੱਲੇ ਮਹਾਂਰਾਸ਼ਟਰ ਤੇ ਗੁਜਰਾਤ ਦੇ ਨਿਵੇਸ਼ਕਾਂ ਦੇ 2.35 ਕਰੋੜ ਖਾਤੇ ਹਨ। ਉੱਪਰੋਂ ਵਿਦੇਸ਼ੀ ਨਿਵੇਸ਼ਕਾਂ ਨੇ ਵੀ ਭਾਰਤ ਦੇ ਸ਼ੇਅਰ ਬਜ਼ਾਰ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਹੈ। ਪਿਛਲੇ ਡੇਢ ਸਾਲ ਵਿੱਚ ਹੀ 31.6 ਅਰਬ ਡਾਲਰ ਦਾ ਨਿਵੇਸ਼ ਐਥੋਂ ਦੇ ਸ਼ੇਅਰ ਬਜ਼ਾਰ ਵਿੱਚ ਹੋਇਆ ਕਿਉਂਕਿ ਓਥੋਂ ਦੀਆਂ ਬੈਂਕਾਂ ਲਗਭਗ ਸਿਫ਼ਰ ਦੀ ਵਿਆਜ ਦਰ ਨਾਲ਼ ਸਸਤਾ ਕਰਜ਼ਾ ਦੇ ਰਹੀਆਂ ਹਨ।

ਕਹਿਣ ਦਾ ਮਤਲਬ ਇਹ ਕਿ ਭਾਵੇਂ ਭਾਰਤ ਹੋਵੇ ਜਾਂ ਪੱਛਮ ਦੇ ਸਰਮਾਏਦਾਰਾ ਮੁਲਕ – ਇੱਕ ਸਾਂਝਾ ਰੁਝਾਨ ਇਹੀ ਵੇਖਣ ਵਿੱਚ ਆ ਰਿਹਾ ਹੈ ਕਿ ਸਰਕਾਰਾਂ ਵੱਲ਼ੋਂ ਅਰਥਚਾਰੇ ਨੂੰ ਸੰਭਾਲਣ ਲਈ ਦਿੱਤੀ ਗਈ ਵੱਡੀ ਵਿੱਤੀ ਮਦਦ ਪੈਦਾਵਾਰੀ ਸਰਗਰਮੀਆਂ ਵਿੱਚ ਲੱਗਣ ਦੀ ਥਾਂ, ਇਸ ਦਾ ਵੱਡਾ ਹਿੱਸਾ ਸ਼ੇਅਰ ਬਜ਼ਾਰਾਂ ਵਿੱਚ ਗਿਆ ਹੈ ਜਿਸ ਨੇ ਸੰਸਾਰ ਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਵਿੱਤੀ ਗੁਬਾਰੇ ਵਾਲ਼ੀ ਹਾਲਤ ਪੈਦਾ ਕਰ ਦਿੱਤੀ ਹੈ। ਵੱਖ-ਵੱਖ ਸਰਕਾਰਾਂ ਤੇ ਕੇਂਦਰੀ ਬੈਂਕਾਂ ਦੀਆਂ ਨੀਤੀਆਂ ਨੇ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ। ਹੁਣ ਪਹਿਲੋਂ ਹੀ ਸਿਫ਼ਰ ਨੇੜੇ ਢੁੱਕੀਆਂ ਵਿਆਜ ਦਰਾਂ ਨੂੰ ਵੇਖਦਿਆਂ ਸਰਕਾਰਾਂ ਲਈ ਅੱਗੇ ਬੰਦ ਗਲੀ ਨਜ਼ਰ ਆਉਂਦੀ ਹੈ। ਉਹ ਵਿਆਜ ਦਰਾਂ ਨੂੰ ਹੋਰ ਹੇਠਾਂ ਸੁੱਟ ਨਹੀਂ ਸਕਦੀਆਂ ਤੇ ਦੂਜੇ ਪਾਸੇ ਅਸਲ ਅਰਥਚਾਰੇ ਵਿੱਚ ਮੁੜ-ਉਭਾਰ ਦੇ ਸੰਕੇਤ ਅਜੇ ਕਾਫੀ ਫਿੱਕੇ ਨਜ਼ਰ ਆਉਂਦੇ ਹਨ। ਇਸ ਕਾਰਨ ਇਹ ਸਾਫ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਸ਼ੇਅਰ ਬਜ਼ਾਰ ਦੇ ਇਸ ਗੁਬਾਰੇ ਦਾ ਫਟਣਾ ਤੈਅ ਹੈ। ਹੋ ਸਕਦਾ ਹੈ ਸੰਸਾਰ ਭਰ ਦੇ ਕੇਂਦਰੀ ਬੈਂਕ ਵਿਆਜ ਦਰਾਂ ਵਧਾਕੇ ਆਪ ਹੀ ਇਸ ਗੁਬਾਰੇ ਦੀ ਹੌਲ਼ੀ-ਹੌਲ਼ੀ ਹਵਾ ਕੱਢਣ ਦੀ ਨੀਤੀ ਅਪਣਾਉਣ ਪਰ ਇਸ ਨੀਤੀ ਦੀਆਂ ਆਪਣੀਆਂ ਸਮੱਸਿਆਵਾਂ ਹਨ ਜਿਹਨਾਂ ਦੇ ਵਿਸਥਾਰ ਵਿੱਚ ਅਸੀਂ ਐਥੇ ਨਹੀਂ ਜਾ ਸਕਦੇ। ਪਰ ਇੱਕ ਗੱਲ ਜੋ ਮਹੱਤਵਪੂਰਨ ਹੈ ਉਹ ਇਹ ਹੈ ਕਿ ਆਉਣ ਵਾਲ਼ਾ ਵਿੱਤੀ ਸੰਕਟ ਅੱਜ ਤੋਂ 30-40 ਸਾਲ ਪਹਿਲਾਂ ਦੇ ਵਿੱਤੀ ਸੰਕਟ ਤੋਂ ਵਧੇਰੇ ਵਿਆਪਕ ਤੇ ਡੂੰਘਾ ਹੋਵੇਗਾ ਕਿਉਂਕਿ ਇੱਕ ਤਾਂ ਸੰਸਾਰ ਭਰ ਦੇ ਵਿੱਤੀ ਬਜ਼ਾਰ ਹੁਣ ਪਹਿਲਾਂ ਨਾਲ਼ੋਂ ਵੀ ਵਧੇਰੇ ਇੱਕ-ਦੂਜੇ ਨਾਲ਼ ਜੁੜੇ ਹੋਏ ਹਨ, ਦੂਜਾ ਇੰਟਰਨੈੱਟ ਤੇ ਮੋਬਾਈਲ ਰਾਹੀਂ ਸ਼ੇਅਰ ਵਪਾਰ ਦੀ ਸਹੂਲਤ ਹੋਣ ਨਾਲ਼ ਤੀਜੀ ਦੁਨੀਆਂ ਦੇ ਮੁਲਕਾਂ ਵਿੱਚ ਵੀ ਵੱਡੀ ਪੱਧਰ ’ਤੇ ਮੱਧਵਰਗ ਦਾ ਇੱਕ ਹਿੱਸਾ ਸ਼ੇਅਰ ਬਜ਼ਾਰਾਂ ਵਿੱਚ ਨਿਵੇਸ਼ ਕਰੀ ਬੈਠਾ ਹੈ ਜਾਣੀ ਕਿ ਹੁਣ ਇਹ ਸਿਰਫ ਉੱਪਰ ਦੇ ਕੁੱਝ ਹਜ਼ਾਰ-ਲੱਖ ਲੋਕਾਂ ਦੀ ਖੇਡ ਨਹੀਂ ਰਹੀ ਸਗੋਂ ਇਸ ਵਿੱਚ ਇੱਕ ਦਰਮਿਆਨੇ ਤੇ ਖੁਸ਼ਹਾਲ ਤਬਕੇ ਦਾ ਚੰਗਾ-ਖ਼ਾਸਾ ਹਿੱਸਾ ਆਪਣਾ ਪੈਸਾ ਦਾਅ ’ਤੇ ਲਾਈ ਬੈਠਾ ਹੈ। ਤੀਜਾ ਇਹ ਕਿ ਮੌਜੂਦਾ ਦੌਰ 1970’ਵਿਆਂ, 80’ਵਿਆਂ ਵਾਂਗੂੰ ਹਾਕਮਾਂ ਦੇ ਇੱਕਪਾਸੜ ਹੱਲੇ ਦਾ ਦੌਰ ਨਹੀਂ ਸਗੋਂ ਲੋਕਾਂ ਦੇ ਆਪ-ਮੁਹਾਰੇ ਉੱਭਰਦੇ ਸੰਘਰਸ਼ਾਂ ਦਾ ਦੌਰ ਹੈ। ਇਸ ਲਈ ਭਾਰਤ ਤੇ ਪੂਰੇ ਸੰਸਾਰ ਦੇ ਸ਼ੇਅਰ ਬਜ਼ਾਰ ਤੇ ਅਰਥਚਾਰੇ ਵੱਡੇ ਸੰਕਟ ਦੇ ਮੁਹਾਣ ’ਤੇ ਹਨ ਇਹ ਸਮੇਂ ਦਾ ਫੇਰ ਹੈ ਕਿ ਇਹ ਸੰਕਟ ਪਹਿਲਾਂ ਕਦੋਂ ਤੇ ਕਿੱਥੇ ਆਵੇਗਾ!

•ਮਾਨਵ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 10, ਅੰਕ 15 – 16 ਤੋਂ 30 ਸਤੰਬਰ 2021 ਵਿੱਚ ਪ੍ਰਕਾਸ਼ਿਤ

Thursday, September 2, 2021

ਓਹੀ ਰੱਬ

ਮਾਂ ਅਕਸਰ ਦੱਸਿਆ ਕਰਦੀ..ਪੁੱਤਰ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸਾਂ..ਹਾਲਾਤਾਂ ਨੇ ਸਾਨੂੰ ਮੰਗਤੇ ਬਣਾ ਦਿੱਤਾ..!
ਮੈਨੂੰ ਕੋਈ ਬਹੁਤੀ ਸਮਝ ਨਾ ਆਇਆ ਕਰਦੀ!
ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਮੈਨੂੰ ਚਵਾਨੀ ਦਿੱਤੀ..!
ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਵੀਂ..ਵਾਪਿਸ ਪਰਤਦਿਆਂ ਨਿੱਕੇ ਲਈ ਵੀ ਕੁਝ ਲੈਂਦਾ ਆਵੀਂ..!
ਨਿੱਕਾ ਵੀ ਖਹਿੜੇ ਪੈ ਗਿਆ..ਅਖ਼ੇ ਮੱਸਿਆ ਵੇਖਣ ਤੇਰੇ ਨਾਲ ਹੀ ਜਾਣਾ!
ਬਦੋ-ਬਦੀ ਟਾਂਗੇ ਵਿਚ ਆਣ ਬੈਠਾ..ਮਾਂ ਪਿੱਛੋਂ ਟਾਹਰਾਂ ਦਿੰਦੀ ਰਹੀ ਵੇ ਨਿੱਕੇ ਵੀਰ ਨੂੰ ਮਾਰੀਂ ਨਾ..!
ਉਹ ਕੋਲ ਬੈਠਾ ਹੁਣ ਬਹੁਤ ਖ਼ੁਸ਼ ਸੀ ਪਰ ਮੈਨੂੰ ਓਸਤੇ ਬਹੁਤ ਗੁੱਸਾ ਆ ਰਿਹਾ ਸੀ!
ਹੇਠਾਂ ਉੱਤਰ ਸਭ ਤੋਂ ਪਹਿਲਾਂ ਖਿਡੌਣਿਆਂ ਵਾਲੀ ਦੁਕਾਨ ਤੇ ਗਏ..ਚਾਬੀ ਵਾਲੀ ਕਾਰ ਇੱਕ ਅਠਿਆਨੀ ਦੀ ਸੀ..ਨਿੱਕੇ ਨੂੰ ਬਾਂਹ ਫੜ ਅੱਗੇ ਤੋਰ ਲਿਆ..ਆਖਿਆ ਮਹਿੰਗੀ ਏ..ਕੋਲ ਪੈਸੇ ਘੱਟ ਨੇ!
ਅੱਗੇ ਪੰਘੂੜੇ ਸਨ..ਇੱਕ ਝੂਟਾ ਪੂਰੇ ਦਸ ਪੈਸੇ ਦਾ..ਸੋਚਿਆ ਜੇ ਇਥੇ ਖਰਚ ਲਏ ਤਾਂ ਵਾਪਿਸ ਟਾਂਗੇ ਜੋਗੇ ਨਹੀਂ ਬਚਣੇ!
ਬਹਾਨਾ ਜਿਹਾ ਲਾ ਕੇ ਨਿੱਕੇ ਨੂੰ ਓਥੋਂ ਵੀ ਅੱਗੇ ਤੋਰ ਲਿਆ..!
ਅੱਗੇ ਹਲਵਾਈ ਦੀ ਦੁਕਾਨ ਤੇ ਕਿੰਨੇ ਰੰਗਾ ਦਾ ਵੇਸਣ ਪਿਆ ਸੀ..ਚਾਰ ਆਨੇ ਦੀਆਂ ਚਾਰ ਟੁਕੜੀਆਂ..ਹਿਸਾਬ ਲਾਇਆ ਤੇ ਓਥੋਂ ਵੀ ਉਸਦਾ ਧਿਆਨ ਦੂਜੇ ਪਾਸੇ ਨੂੰ ਕਰ ਦਿੱਤਾ!
ਏਨੇ ਨੂੰ ਵੇਖਿਆ ਇੱਕ ਮੰਗਤਾ ਹੱਥ ਅੱਡ ਸਾਡੇ ਵੱਲ ਵੇਖ ਰਿਹਾ ਸੀ..ਮੈਂ ਮੁੱਠ ਵਿਚ ਫੜੀ ਚੁਵਾਨੀ ਜ਼ੋਰ ਨਾਲ ਮੀਚ ਲਈ ਤੇ ਛੇਤੀ ਨਾਲ ਅੱਗੇ ਲੰਘ ਗਿਆ..!
ਮੁੜ ਕੇ ਵੇਖਿਆ..ਉਹ ਅਜੇ ਵੀ ਸਾਡੇ ਵੱਲ ਹੀ ਵੇਖ ਰਿਹਾ ਸੀ..ਮੈਂ ਡਰ ਗਿਆ ਕਿਧਰੇ ਬੋਰੀ ਵਿਚ ਪਾ ਕੇ ਲੈ ਹੀ ਨਾ ਜਾਵੇ!
ਓਥੋਂ ਬਹੁਤ ਦੂਰ ਇੱਕ ਰੁੱਖ ਦੀ ਛਾਵੇਂ ਬੈਠ ਗਏ..ਹੁਣ ਨਿੱਕਾ ਆਖ ਰਿਹਾ ਸੀ ਵੀਰੇ ਜ਼ੋਰ ਦੀ ਭੁੱਖ ਲੱਗੀ ਏ..ਕੁਝ ਖਵਾਦੇ..ਆਖਿਆ ਪਾਣੀ ਪੀ ਲਵੇ..ਸ਼ਾਮ ਹੋਣ ਵਾਲੀ ਏ..ਫਲੂਦਾ ਹੋਰ ਸਸਤਾ ਲਾ ਦੇਣਾ ਫੇਰ ਦੋ ਦੋ ਖਾਵਾਂਗੇ..ਪਰ ਉਹ ਉੱਚੀ-ਉੱਚੀ ਰੋ ਪਿਆ..ਅਖ਼ੇ ਮੈਥੋਂ ਹੁਣ ਹੋਰ ਨਹੀਂ ਜਰੀ ਜਾਂਦੀ..!
ਉਸਦੇ ਰੋਣੇ ਅੱਗੇ ਮੇਰੀਆਂ ਯੋਜਨਾਵਾਂ ਰੇਤ ਵਾਂਙ ਭੁਰਦੀਆਂ ਹੋਈਆਂ ਨਜਰ ਆਉਣ ਲੱਗੀਆਂ..!
ਏਨੇ ਨੂੰ ਪਿੱਛਿਓਂ ਕਿਸੇ ਨੇ ਹਲੂਣਿਆਂ..ਸਿਰ ਭਵਾਂ ਕੇ ਵੇਖਿਆ ਓਹੀ ਮੰਗਤਾ ਸੀ..ਮੈਂ ਡਰ ਗਿਆ..ਨਿੱਕੇ ਨੂੰ ਲੈ ਕੇ ਭੱਜਣ ਲੱਗਾ ਤਾਂ ਉਸ ਨੇ ਰੋਕ ਲਿਆ..ਅਖ਼ੇ ਡਰੋ ਨਾ ਪੁੱਤਰੋ..ਮੇਰੇ ਵੀ ਦੋ ਬੱਚੇ ਸਨ ਤੁਹਾਡੇ ਜਿੱਡੇ..ਹਾਲਾਤਾਂ ਦੀ ਭੇਂਟ ਚੜ ਗਏ..ਫੇਰ ਉਸਨੇ ਮੁੱਠ ਪੈਸਿਆਂ ਦੀ ਭਰੀ ਤੇ ਨਿੱਕੇ ਦੇ ਬੋਝੇ ਵਿਚ ਪਾ ਦਿੱਤੀ..ਤੇ ਆਪ ਵਾਹੋਦਾਹੀ ਦੂਰ ਚਲਾ ਗਿਆ..!
ਅਸੀਂ ਕਦੀ ਪੈਸਿਆਂ ਵੱਲ ਵੇਖੀਏ ਤੇ ਕਦੀ ਓਧਰ ਨੂੰ ਜਿਧਰ ਨੂੰ ਉਹ ਗਿਆ ਸੀ..!
ਫੇਰ ਅਸੀਂ ਕਿੰਨੀਆਂ ਚੀਜਾਂ ਖਾਦੀਆਂ..ਕਿੰਨੇ ਖਿਡੌਣੇ ਵੀ ਲਏ..ਹੁਣ ਨਿੱਕਾ ਬੜਾ ਹੀ ਖੁਸ਼ ਸੀ..ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾ ਰਿਹਾ ਸੀ..ਵੀਰੇ ਉਹ ਕੌਣ ਸੀ ਜਿਸਨੇ ਸਾਨੂੰ ਏਨੇ ਪੈਸੇ ਦਿੱਤੇ..?
ਅਖੀਰ ਆਖਣਾ ਪਿਆ ਨਿੱਕਿਆ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ..!
ਨਿੱਕਾ ਬੋਲ ਪਿਆ..ਵੀਰੇ ਓਹੀ ਰੱਬ ਜਿਸਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆਂ?
ਇਸ ਵੇਰ ਉਸਦੀ ਗੱਲ ਦਾ ਜੁਆਬ ਨਾ ਦੇ ਸਕਿਆ ਕਿਓੰਕੇ ਮੇਰੀ ਇੱਕ ਹੋਰ ਰੱਬ ਨਾਲ ਬਹਿਸ ਚੱਲ ਰਹੀ ਸੀ..ਪਿੰਡ ਲਿਆਉਣ ਵਾਲੇ ਟਾਂਗੇ ਦਾ ਮਾਲਕ ਆਖ ਰਿਹਾ ਸੀ.."ਤੁਹਾਥੋਂ ਕਾਹਦੇ ਪੈਸੇ ਪੁੱਤਰੋ..ਜਾਓ ਖੇਡੋ ਮੱਲੋ..ਵੱਡੇ ਹੋਵੇਗੇ ਤਾਂ ਓਦੋਂ ਦੇ ਦਿਓ"
ਹਰਪ੍ਰੀਤ ਸਿੰਘ ਜਵੰਦਾ

ਇੱਕ ਪਿਓ ਦੇ ਹੰਝੂ

ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।ਕੁੜੀ ਜਦ ਆਪਣੀ ਸੀਟ ਤੇ...